ਚੰਡੀਗੜ੍ਹ: ਪੰਜਾਬ ਦੀ ਚੰਨੀ ਸਰਕਾਰ (Channi Govt.) ਨੇ ਚਾਰ ਅਕਤੂਬਰ ਨੂੰ ਇੱਕ ਹੋਰ ਮੀਟਿੰਗ ਸੱਦ ਲਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਾਲਾਂਕਿ ਇਸ ਮੀਟਿੰਗ ਦਾ ਏਜੰਡਾ ਜਾਰੀ ਨਹੀਂ ਕੀਤਾ ਹੈ ਤੇ ਇਸ ਨੂੰ ਗੁਪਤ ਹੀ ਰੱਖਿਆ ਗਿਆ ਹੈ। ਵੀਰਵਾਰ ਨੂੰ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਇੱਕ ਪੱਤਰ ਜਾਰੀ ਕਰਕੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੋਂ ਇਲਾਵਾ ਉਪ ਮੁੱਖ ਮੰਤਰੀਆਂ ਤੇ ਸਾਰੇ ਮੰਤਰੀਆਂ ਨੂੰ ਜਾਣਕਾਰੀ ਭੇਜ ਦਿੱਤੀ ਹੈ ਕਿ ਪੰਜਾਬ ਸਿਵਲ ਸਕੱਤਰੇਤ ਦੀ ਦੂਜੀ ਮੰਜਲ ‘ਤੇ ਕਮੇਟੀ ਹਾਲ ਵਿੱਚ ਸਵੇਰੇ 11 ਵਜੇ ਮੰਤਰੀ ਮੰਡਲ ਦੀ ਮੀਟਿੰਗ ਰੱਖੀ ਗਈ ਹੈ।
ਜਿਕਰਯੋਗ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਸ ਸਰਕਾਰ ਤੋਂ ਕਾਫੀ ਉਮੀਦਾਂ ਹਨ। ਪਿਛਲੀ ਮੀਟਿੰਗ ਵਿੱਚ ਸਰਕਾਰ ਨੇ ਅਹਿਮ ਫੈਸਲੇ ਲੈਂਦਿਆਂ ਜਿਥੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਸੀ ਤੇ ਬਿਜਲੀ ਬਿਲ ਮਾਫ (Electricity bill waived off) ਕਰ ਦਿੱਤੇ ਸੀ, ਉਥੇ ਹੀ ਬਿਲ ਨਾ ਭਰਨ ਕਾਰਨ ਕੱਟੇ ਕੁਨੈਕਸ਼ਨ ਬਹਾਲ ਕਰਨ ਦਾ ਫੈਸਲਾ ਲਿਆ ਸੀ। ਇਸੇ ਤਰ੍ਹਾਂ ਮਾਈਨਿੰਗ ਮਾਫੀਆ (Mining Mafia) ਛੇਤੀ ਖਤਮ ਕਰਨ ਦੀ ਗੱਲ ਕਹੀ ਸੀ। ਸੀਐਮ ਚੰਨੀ ਨੇ ਉਸ ਦਿਨ ਇਹ ਐਲਾਨ ਵੀ ਕੀਤਾ ਸੀ ਕਿ ਕੁਝ ਦਿਨਾਂ ਵਿੱਚ ਹੀ ਬਿਜਲੀ ਸਸਤੀ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਤਿੰਨ ਮਹੀਨੇ ਲਈ ਬਣੀ ਨਵੀਂ ਕੈਬਨਿਟ ਸਾਹਮਣੇ ਕਈ ਅਹਿਮ ਮੁੱਦੇ ਹੱਲ ਕਰਨ ਦੀਆਂ ਚੁਣੌਤੀਆਂ ਹਨ।