ਚੰਡੀਗੜ੍ਹ: ਨੀਵੇਂ ਦਰਜ ਦੀ ਬਿਆਨਬਾਜ਼ੀ ਕਰਕੇ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਲਈ ਅਸ਼ਵਨੀ ਸ਼ਰਮਾ 'ਤੇ ਵਰਦਿਆਂ ਪੰਜਾਬ ਦੇ ਸੀਨੀਅਰ ਕਾਂਗਰਸੀ ਨੇਤਾਵਾਂ ਨੇ ਅਸ਼ਵਨੀ ਸ਼ਰਮਾ ਨੂੰ ਚੇਤਾਵਨੀ ਦਿੱਤੀ ਕਿ ਉਹ ਨਿੰਦਣਯੋਗ ਅਤੇ ਅਣਉੱਚਿਤ ਵਤੀਰਾ ਅਪਣਾ ਕੇ ਮਰਿਆਦਾ ਦੀਆਂ ਹੱਦਾਂ ਪਾਰ ਨਾ ਕਰਨ।
'ਭਾਜਪਾ ਆਗੂ ਵੱਲੋਂ ਡੀ.ਜੀ.ਪੀ. 'ਤੇ ਲਾਏ ਨਿਰਆਧਾਰ ਦੋਸ਼ ਸਿਆਸੀ ਨਿਰਾਸ਼ਾ ਕਰਾਰ'
ਇਥੇ ਜਾਰੀ ਸਾਂਝੇ ਬਿਆਨ ਵਿੱਚ ਸੀਨੀਅਰ ਕੈਬਿਨੇਟ ਮੰਤਰੀਆਂ ਬ੍ਰਹਿਮ ਮਹਿੰਦਰਾ, ਭਾਰਤ ਭੂਸ਼ਣ ਆਸ਼ੂ, ਵਿਜੇ ਇੰਦਰ ਸਿੰਗਲਾ, ਓ.ਪੀ. ਸੋਨੀ ਅਤੇ ਸੁੰਦਰ ਸ਼ਾਮ ਅਰੋੜਾ ਨੇ ਸੂਬੇ ਦੇ ਚੋਟੀ ਦੇ ਪੁਲਿਸ ਅਧਿਕਾਰੀ ਵਿਰੁੱਧ ਨਿਰਆਧਾਰ ਦੋਸ਼ ਲਾਉਣ ਲਈ ਅਸ਼ਵਨੀ ਸ਼ਰਮਾ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਹ ਘਟੀਆ ਹਥਕੰਡੇ ਭਾਜਪਾ ਦੀ ਖੁੱਸ ਚੁੱਕੀ ਸਾਖ ਨੂੰ ਬਹਾਲ ਕਰਨ ਵਿੱਚ ਬਿਲਕੁਲ ਵੀ ਸਹਾਈ ਨਹੀਂ ਹੋਣਗੇ।
ਮੰਤਰੀਆਂ ਨੇ ਕਿਹਾ “ਤੁਸੀਂ ਸਾਡੇ ਕਿਸਾਨਾਂ ਦੀ ਖਾਲਿਸਤਾਨੀਆਂ, ਸ਼ਹਿਰੀ ਨਕਸਲੀਆਂ ਅਤੇ ਖੱਬੇ ਪੱਖੀਆਂ ਨਾਲ ਤੁਲਨਾ ਕੀਤੀ ਹੈ” ਅਤੇ ਅੱਗੇ ਕਿਹਾ ਕਿ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਭਾਜਾਪਾ ਦੀ ਹਮੇਸ਼ਾ ਆਦਤ ਰਹੀ ਹੈ ਪਰ ਪੰਜਾਬ ਵਿੱਚ ਉਨ੍ਹਾਂ ਦੇ ਇਹ ਘਟੀਆ ਹੱਥਕੰਡੇ ਕੰਮ ਨਹੀਂ ਕਰਨਗੇ ਕਿਉਂਕਿ ਕਿਸਾਨਾਂ ਨੇ ਉਨ੍ਹਾਂ ਦੀਆਂ ਘਟੀਆ ਚਾਲਾਂ ਅਤੇ ਖੋਖਲੇ ਵਾਅਦਿਆਂ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ।
ਭਾਜਪਾ ਦੇ ਸੂਬਾ ਪ੍ਰਧਾਨ ਵੱਲੋਂ ਡੀ.ਜੀ.ਪੀ. ਵਿਰੁੱਧ ਲਗਾਏ ਗਏ ਨਿਰਆਧਾਰ ਦੋਸ਼ਾ ਦਾ ਹਵਾਲਾ ਦਿੰਦਿਆਂ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਲੋਕਾਂ ਵੱਲੋਂ ਵੱਡੇ ਪੱਧਰ 'ਤੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਮੱਦੇਨਜ਼ਰ ਅਸ਼ਵਨੀ ਸ਼ਰਮਾ ਦੀ ਨਿਰਾਸ਼ਾ ਤਾਂ ਸਮਝ ਵਿੱਚ ਆਉਂਦੀ ਹੈ ਪਰ ਉਸ ਵੱਲੋਂ ਇੰਨੀ ਛੇਤੀ ਆਪਣਾ ਮਾਨਸਿਕ ਸੰਤੁਲਨ ਗੁਆਉਣਾ ਸਮਝ ਤੋਂ ਪਰ੍ਹੇ ਹੈ।
ਮੰਤਰੀਆਂ ਨੇ ਗ਼ੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਕਰਕੇ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਲਈ ਅਸ਼ਵਨੀ ਸ਼ਰਮਾ ਦੀ ਕਰੜੀ ਆਲੋਚਨਾ ਕੀਤੀ ਅਤੇ ਬੀਜੇਪੀ ਆਗੂ ਨੂੰ ਚੇਤਾਵਨੀ ਦਿੱਤੀ ਕਿ ਉਹ ਅਜਿਹੀਆਂ ਘਟੀਆ ਕਾਰਵਾਈਆਂ ਤੋਂ ਪਰਹੇਜ਼ ਕਰੇ ਅਤੇ ਕਿਸਾਨਾਂ ਦੇ ਮਸਲਿਆਂ ਦੇ ਜਲਦੀ ਹੱਲ ਵੱਲ ਧਿਆਨ ਕੇਂਦਰਤ ਕਰੇ।
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਅਸ਼ਵਨੀ ਸ਼ਰਮਾ ਨੇ ਸ਼ਰਮਨਾਕ, ਘਟੀਆ ਅਤੇ ਨਿੰਦਣਯੋਗ ਵਤੀਰੇ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਸਾਨਾਂ ਨੂੰ ਅੱਤਵਾਦੀ ਅਤੇ ਖਾਲਿਸਤਾਨੀ ਪੁਕਾਰ ਕੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਨ੍ਹਾਂ ਦੀ ਇਹ ਕਾਰਵਾਈ ਪੂਰੀ ਤਰ੍ਹਾਂ ਨਿਖੇਧੀਯੋਗ ਹੈ।