ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਮੁਹਾਲੀ ਦੀ ਆਈ.ਟੀ. ਸਿਟੀ ਵਿੱਚ ਅਮੇਠੀ ਐਜੂਕੇਸ਼ਨ ਗਰੁੱਪ ਦੇ ਵਿਸ਼ਵ ਪੱਧਰੀ ਯੂਨੀਵਰਸਿਟੀ ਕੈਂਪਸ ਨੂੰ ਸਥਾਪਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਗਈ। ਇਹ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਵੀਡਿਓ ਕਾਨਫ਼ਰੰਸ ਰਾਹੀਂ ਹੋਈ ਕੈਬਨਿਟ ਮੀਟਿੰਗ ਵਿੱਚ ਲਿਆ ਗਿਆ।
ਪੰਜਾਬ ਵਜ਼ਾਰਤ ਨੇ 'ਦੀ ਅਮੇਠੀ ਯੂਨੀਵਰਸਿਟੀ ਆਰਡੀਨੈਂਸ 2020' ਨੂੰ ਵੀ ਮਨਜ਼ੂਰੀ ਦੇ ਦਿੱਤੀ ਅਤੇ ਮੁੱਖ ਮੰਤਰੀ ਨੂੰ ਕਾਨੂੰਨੀ ਮਸ਼ੀਰ ਵੱਲੋਂ ਤਿਆਰ ਕੀਤੇ ਅੰਤਿਮ ਖਰੜੇ ਨੂੰ ਬਿਨਾਂ ਕੈਬਨਿਟ ਵਿੱਚ ਰੱਖੇ ਮਨਜ਼ੂਰ ਕਰਨ ਲਈ ਅਧਿਕਾਰਤ ਕਰ ਦਿੱਤਾ।
'2021 ਵਿੱਚ ਸ਼ੁਰੂ ਹੋਵੇਗਾ ਪਹਿਲਾ ਸੈਸ਼ਨ'
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜ ਸਾਲਾਂ ਵਿੱਚ 664.32 ਕਰੋੜ ਰੁਪਏ ਦੇ ਨਿਵੇਸ਼ ਨਾਲ ਮੁਹਾਲੀ (ਐਸ.ਏ.ਐਸ. ਨਗਰ) ਦੀ ਪ੍ਰਮੁੱਖ ਥਾਂ ਉਤੇ 40 ਏਕੜ ਰਕਬੇ ਵਿੱਚ ਸੈਲਫ ਫਾਇਨਾਂਸਡ ਪ੍ਰਾਈਵੇਟ 'ਅਮੇਠੀ ਯੂਨੀਵਰਸਿਟੀ ਪੰਜਾਬ' ਦਾ ਸਥਾਪਤ ਹੋਣ ਵਾਲਾ ਅਤਿ-ਆਧੁਨਿਕ ਕੈਂਪਸ ਉਚ ਪੱਧਰੀ ਖੋਜ ਅਤੇ ਨਵੀਆਂ ਕਾਢਾਂ ਨੂੰ ਉਤਸ਼ਾਹਤ ਕਰੇਗਾ। ਇਹ ਯੂਨੀਵਰਸਿਟੀ ਅਗਲੇ ਅਕਾਦਮਿਕ ਸਾਲ ਤੋਂ ਸ਼ੁਰੂ ਹੋਵੇਗੀ, ਜਿਸ ਦਾ ਪਹਿਲਾ ਸੈਸ਼ਨ ਜੂਨ-ਜੁਲਾਈ 2021 ਵਿੱਚ ਸ਼ੁਰੂ ਹੋਵੇਗਾ।
ਚੰਡੀਗੜ੍ਹ/ਮੁਹਾਲੀ ਹਵਾਈ ਅੱਡੇ ਤੋਂ ਮਹਿਜ਼ 10 ਮਿੰਟ ਦੀ ਦੂਰੀ 'ਤੇ ਸਥਾਪਤ ਹੋਣ ਵਾਲੀ ਯੂਨੀਵਰਸਿਟੀ ਵਿੱਚ ਸਾਲਾਨਾ 1500-2000 ਵਿਦਿਆਰਥੀਆਂ ਦੇ ਦਾਖਲੇ ਹੋਣਗੇ। ਨਵੀਂ ਸਿੱਖਿਆ ਨੀਤੀ 2020 ਦੇ ਅਨੁਸਾਰ ਇਹ ਹੱਦਾਂ ਤੋਂ ਪਾਰ ਬਹੁਮੰਤਵੀ ਪਹੁੰਚ ਨੂੰ ਉਤਸ਼ਾਹਤ ਕਰੇਗੀ।
'5 ਫ਼ੀਸਦੀ ਵਿਦਿਆਰਥੀਆਂ ਨੂੰ ਲਾਜ਼ਮੀ ਹੋਵੇਗੀ ਮੁਫ਼ਤ ਸਿੱਖਿਆ'
ਆਰਡੀਨੈਂਸ ਅਤੇ ਨਿਯਮਾਂ ਤੇ ਸ਼ਰਤਾਂ ਮੁਤਾਬਕ ਪੰਜਾਬ ਸਰਕਾਰ ਨੇ ਇਸ ਸਥਾਪਤ ਹੋਣ ਵਾਲੀ ਯੂਨੀਵਰਸਿਟੀ ਵਿੱਚ ਪੰਜਾਬ ਦੇ ਵਿਦਿਆਰਥੀਆਂ ਲਈ 15 ਫੀਸਦੀ ਰਾਖਵਾਂਕਰਨ ਲਾਜ਼ਮੀ ਕੀਤਾ ਹੈ। ਇਸ ਦੇ ਨਾਲ ਹੀ ਕੁੱਲ ਗਿਣਤੀ ਦੇ 5 ਫੀਸਦੀ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇਣੀ ਲਾਜ਼ਮੀ ਹੋਵੇਗੀ। ਯੂਨੀਵਰਸਿਟੀ ਯੂ.ਜੀ.ਸੀ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟੀਚਿੰਗ ਤੇ ਨਾਨ-ਟੀਚਿੰਗ ਦੇ ਅਮਲੇ ਦੀ ਭਰਤੀ ਕਰ ਸਕੇਗੀ।
ਮੁਹਾਲੀ ਦੀ ਇਹ ਦਸਵੀਂ ਯੂਨੀਵਰਸਿਟੀ ਹੋਵੇਗੀ, ਜੋ ਗ਼ੈਰ-ਮੁਨਾਫਾ ਅਮੇਠੀ ਐਜੂਕੇਸ਼ਨ ਗਰੁੱਪ ਵੱਲੋਂ ਸਥਾਪਤ ਕੀਤੀ ਜਾਵੇਗੀ। ਪੰਜਾਬ ਵਿੱਚ ਵਿਸ਼ਵ ਪੱਧਰੀ ਸੰਸਥਾ ਸਥਾਪਤ ਕਰਨ ਦੀ ਵਚਨਬੱਧਤਾ ਵਜੋਂ ਐਮਿਟੀ ਵੱਲੋਂ ਹਾਲ ਹੀ ਵਿੱਚ ਐਮਿਟੀ ਇੰਟਰਨੈਸ਼ਨਲ ਸਕੂਲ, ਮੁਹਾਲੀ ਅਤੇ ਇਹ ਸਥਾਪਤ ਕੀਤੀ ਜਾਣ ਵਾਲੀ ਇਸ ਐਮਿਟੀ ਯੂਨੀਵਰਸਿਟੀ, ਮੁਹਾਲੀ ਲਈ 700 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕੀਤਾ ਜਾਵੇਗਾ।