ਚੰਡੀਗੜ੍ਹ:ਪੰਜਾਬ 'ਚ ਭਾਜਪਾ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਅਤੇ ਸੰਗਰੂਰ ਲੋਕ ਸਭਾ ਉਪ ਚੋਣ ਨੂੰ ਲੈ ਕੇ ਕਮਰ ਕੱਸ ਰਹੀ ਹੈ। ਪੰਜਾਬ ਭਾਜਪਾ ਦੀ ਮੀਟਿੰਗ ਚੰਡੀਗੜ੍ਹ ਸਥਿਤ ਪੰਜਾਬ ਭਾਜਪਾ ਦਫਤਰ 'ਚ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਰਾਸ਼ਟਰੀ ਜਨਰਲ ਸਕੱਤਰ ਦਲੀਪ ਸ਼ੇਖੀਆ ਵੀ ਮੌਜੂਦ ਸਨ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਭਾਜਪਾ ਪ੍ਰਧਾਨ ਨੇ ਜੰਮਕੇ ਮਾਨ ਸਰਕਾਰ ਖਿਲਾਫ਼ ਭੜਾਸ ਕੱਢੀ ਹੈ।
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਅਤੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਸਬੰਧੀ ਪੰਜਾਬ ਭਾਜਪਾ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਮੀਟਿੰਗ ਵਿੱਚ ਅਸਾਮ ਤੋਂ ਕੌਮੀ ਜਨਰਲ ਸਕੱਤਰ ਦਲੀਪ ਸ਼ੇਖੀਆ ਵੀ ਪੁੱਜੇ ਹੋਏ ਹਨ।
ਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੀ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਰਕਾਰਾਂ ਲਾਰੇ-ਲੱਪਿਆਂ ਨਾਲ ਲੰਮਾ ਸਮਾਂ ਨਹੀਂ ਚੱਲਦੀਆਂ, ਤੁਹਾਨੂੰ ਕੰਮ ਕਰਕੇ ਦਿਖਾਉਣਾ ਪਵੇਗਾ, ਲਿਫਾਫੇ, ਬਿਆਨਬਾਜ਼ੀ ਨਹੀਂ ਚੱਲੇਗੀ, ਜ਼ਮੀਨੀ ਪੱਧਰ 'ਤੇ ਕੰਮ ਕਰਨਾ ਪਵੇਗਾ।