ਚੰਡੀਗੜ੍ਹ: ਪੰਜਾਬ ਭਾਜਪਾ ਦਾ ਸਿਖਲਾਈ ਕੈਂਪ ਦੋ ਦਿਨਾਂ ਤੋਂ ਚੱਲ ਰਿਹਾ ਹੈ। ਅੱਜ ਉਸਦਾ ਦੂਜਾ ਅਤੇ ਆਖਰੀ ਦਿਨ ਹੈ। ਇਸ ਕੈਂਪ ਵਿੱਚ ਪਾਰਟੀ ਦੇ ਉਹ ਸਾਰੇ ਉਮੀਦਵਾਰ ਜੋ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲੜ ਰਹੇ ਸਨ ਅਤੇ ਨਾਲ ਹੀ ਪਾਰਟੀ ਨਾਲ ਨਵੇਂ ਜੁੜੇ ਹੋਏ ਆਗੂ ਸ਼ਾਮਲ ਹਨ। ਇਸ ਕੈਂਪ ਵਿੱਚ ਪਾਰਟੀ ਦੇ ਸਾਬਕਾ ਕੌਮੀ ਜਨਰਲ ਸਕੱਤਰ ਮੁਰਲੀਧਰ ਰਾਓ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਇਸ ਆਗੂਆਂ ਦੀ ਕਲਾਸ ਲਗਾਉਣ ਲਈ ਵਿਸ਼ੇਸ਼ ਤੌਰ ’ਤੇ ਪੁੱਜੇ ਹੋਏ ਸਨ।
ਇਸ ਸਿਖਲਾਈ ਕੈਂਪ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਸਾਬਕਾ ਕੌਮੀ ਜਨਰਲ ਸਕੱਤਰ ਅਤੇ ਮੱਧ ਪ੍ਰਦੇਸ਼ ਦੇ ਇੰਚਾਰਜ ਮੁਰਲੀਧਰ ਰਾਓ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇੱਕ ਵਰਕਰ ਆਧਾਰਿਤ ਪਾਰਟੀ ਹੈ ਅਤੇ ਇਹ ਇੱਕ ਸਿਆਸੀ ਅੰਦੋਲਨ ਹੈ। ਜਨਸੰਘ ਦੇ ਦੌਰ ਤੋਂ ਲੈ ਕੇ ਹੁਣ ਤੱਕ ਇਹ ਆਪਣੇ ਵਰਕਰਾਂ ਰਾਹੀਂ ਦੇਸ਼ ਦੀ ਮੁੱਖ ਪਾਰਟੀ ਬਣ ਕੇ ਉੱਭਰੀ ਹੈ। ਉਨ੍ਹਾਂ ਕਿਹਾ ਕਿ ਸਾਡੇ ਆਗੂ ਤੇ ਵਰਕਰ ਇੱਕ ਹਨ। ਦੇਸ਼ ਭਰ ਵਿੱਚ ਟਰੇਨਿੰਗ ਦਾ ਕੰਮ ਕਰਕੇ ਹੁਣ ਅਸੀਂ ਪੰਜਾਬ ਵਿੱਚ ਆ ਗਏ ਹਾਂ। ਪੰਜਾਬ ਇੱਕ ਸਰਹੱਦੀ ਇਲਾਕਾ ਹੈ, ਅਤੇ ਇਹ ਭਾਰਤ ਦੇ ਵਿਕਾਸ ਅਤੇ ਰਣਨੀਤਕ ਦ੍ਰਿਸ਼ਟੀਕੋਣ ਲਈ ਵੀ ਬਹੁਤ ਮਹੱਤਵ ਰੱਖਦਾ ਹੈ।
ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਅਸੀਂ ਪੰਜਾਬ ਨੂੰ ਰਣਨੀਤਕ ਨਜ਼ਰੀਏ ਤੋਂ ਮਹੱਤਵਪੂਰਨ ਸਮਝਦੇ ਹਾਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਸੀਂ ਪਿਛਲੀਆਂ ਚੋਣਾਂ ਆਪਣੇ ਦਮ 'ਤੇ ਲੜੀਆਂ ਸਨ, ਇਹ ਜਾਣਦੇ ਹੋਏ ਕਿ ਅਸੀਂ ਸੱਤਾ ਵਿਚ ਨਹੀਂ ਆਵਾਂਗੇ ਪਰ ਇਸ ਨੇ ਸਾਨੂੰ ਬਹੁਤ ਸਾਰੇ ਬਹਾਦਰ ਅਤੇ ਮਜ਼ਬੂਤ ਵਰਕਰ ਦਿੱਤੇ ਹਨ ਅਤੇ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਇੱਥੇ ਅਸੀਂ ਇੱਕ ਮਜ਼ਬੂਤ ਵਿਰੋਧੀ ਧਿਰ ਦੇ ਰੂਪ ਵਿੱਚ ਉੱਭਰਾਂਗੇ।
ਭਾਜਪਾ ਆਗੂ ਨੇ ਕਿਹਾ ਕਿ ਇਸ ਕੈਂਪ ਰਾਹੀਂ ਅਸੀਂ ਕਲਪਨਾ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਪੰਜਾਬ ਵਿੱਚ ਕਿਵੇਂ ਕੰਮ ਕਰਾਂਗੇ ਅਤੇ ਇੱਥੇ ਕਿਵੇਂ ਮਜ਼ਬੂਤ ਹੋਵਾਂਗੇ। ਅਸੀਂ ਵਰਕਰਾਂ ਨੂੰ ਵਿਸ਼ੇਸ਼ ਤੌਰ 'ਤੇ ਦੱਸ ਰਹੇ ਹਾਂ ਕਿ ਕਿਵੇਂ ਸਾਡੀ ਪਾਰਟੀ ਸ਼ੁੱਧ ਰਾਸ਼ਟਰਵਾਦੀ ਪਾਰਟੀ ਹੈ, ਅਤੇ ਸਾਡਾ ਰਾਸ਼ਟਰਵਾਦ ਦੂਜੀਆਂ ਪਾਰਟੀਆਂ ਨਾਲੋਂ ਕਿਵੇਂ ਵੱਖਰਾ ਹੈ। ਪੂੰਜੀਵਾਦ ਅਤੇ ਸਮਾਜਵਾਦ ਤੋਂ ਇਲਾਵਾ ਅਸੀਂ ਭਾਰਤੀਵਾਦ ਦੀ ਵੀ ਗੱਲ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਪਾਰਟੀ ਦੇ ਕੰਮ ਕਰਨ ਦੇ ਢੰਗ ਬਾਰੇ ਵੀ ਜਾਣਕਾਰੀ ਦੇ ਰਹੇ ਹਾਂ ਕਿ ਅਸੀਂ ਦੂਜੀਆਂ ਪਾਰਟੀਆਂ ਤੋਂ ਕਿਵੇਂ ਵੱਖਰੇ ਹਾਂ।
ਇਸ ਦੇ ਨਾਲ ਹੀ ਵਰਕਰ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਸਾਡੀ ਪਾਰਟੀ ਨੇ ਪੀਐਮ ਮੋਦੀ ਦੀ ਅਗਵਾਈ 'ਚ ਵਿਕਾਸ ਦੀ ਨੀਤੀ 'ਤੇ ਕੰਮ ਕੀਤਾ। ਉਦੇਸ਼ ਇਹ ਹੈ ਕਿ ਇਸ ਕੈਂਪ ਰਾਹੀਂ ਅਸੀਂ ਪੰਜਾਬ ਵਿੱਚ ਇੱਕ ਮਜ਼ਬੂਤ ਵਿਰੋਧੀ ਧਿਰ ਵਜੋਂ ਉਭਰੀਏ। ਇਸ ਟ੍ਰੇਨਿੰਗ ਤੋਂ ਬਾਅਦ ਅਸੀਂ ਨਵੇਂ ਤਰੀਕੇ ਨਾਲ ਪੰਜਾਬ ਵਿੱਚ ਕੰਮ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਹੁਣ ਤੱਕ ਅਸੀਂ ਦੇਸ਼ ਦੇ 9000 ਮੰਡਲਾਂ ਵਿੱਚ ਸਿਖਲਾਈ ਮੁਹਿੰਮ ਪੂਰੀ ਕਰ ਚੁੱਕੇ ਹਾਂ।