ਚੰਡੀਗੜ੍ਹ: ਵਿਧਾਨ ਸਭਾ ਚੋਣਾਂ ਤੋ ਬਾਅਦ ਮੈਂਬਰਾਂ ਨੂੰ ਸਹੁੰ ਚੁਕਾਵਉਣ ਲਈ 16ਵੀਂ ਪੰਜਾਬ ਵਿਧਾਨ ਸਭਾ ਦਾ 6 ਦਿਨਾਂ ਦਾ ਸੈਸ਼ਨ ਅੱਜ ਤੋ ਸ਼ੁਰੂ ਹੋ ਗਿਆ ਹੈ . ਸੈਸ਼ਨ ਦੇ ਪਹਿਲੇ ਦਿਨ ਮੈਂਬਰਾਂ ਨੂੰ ਸਹੁੰ ਚੁਕਵਾਈ ਗਈ। ਸਭ ਤੋਂ ਪਹਿਲਾਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ ਭਗਵੰਤ ਮਾਨ ਨੇ ਸਹੁ ਚੁੱਕੀ। ਪ੍ਰੋਟੇਮ ਸਪੀਕਰ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋ ਵਿਧਾਇਕਾਂ ਨੂੰ ਸਹੁੰ ਚੁਕਾਉਣ ਦੀ ਰਸਮ ਅਦਾ ਕੀਤੀ ਗਈ।
ਇਹ ਵਿਧਾਇਕ ਨਹੀਂ ਪਹੁੰਚ ਸਕੇ ਵਿਧਾਨਸਭਾ
ਹਾਲਾਂਕਿ ਇਸ ਦੌਰਾਨ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਸਦਨ ’ਚ ਨਹੀਂ ਪਹੁੰਚ ਸਕੇ।ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਅਨੋਖੀ ਪਹਿਲਕਦਮੀ ਵੇਖਣ ਨੂੰ ਮਿਲੀ।
ਆਪ ਵਿਧਾਇਕ ਵੱਲੋਂ ਪਹਿਲਕਦਮੀ
ਦੱਸ ਦਈਏ ਕਿ ਨਾਭਾ ਤੋਂ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨਾਭਾ ਤੋਂ ਸਾਇਕਲ ਤੇ ਪੰਜਾਬ ਵਿਧਾਨਸਭਾ ਵਿਖੇ ਪਹੁੰਚੇ। ਸਾਇਕਲ ਤੇ ਵਿਧਾਨਸਭਾ ਪਹੁੰਚੇ ਗੁਰਦੇਵ ਮਾਨ ਨੇ ਕਿਹਾ ਕਿ ਇਸ ਨਾਲ ਜਿੱਥੇ ਆਰਥਿਕ ਪੱਖ ਤੋਂ ਬੱਚਤ ਹੁੰਦੀ ਹੈ ਉੱਥੇ ਹੀ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਗੁਰਦੇਵ ਮਾਨ ਨੇ ਸਾਇਕਲ ’ਤੇ ਵਿਧਾਨਸਭਾ ਪਹੁੰਚ ਇੱਕ ਆਮ ਆਦਮੀ ਹੋਣ ਦਾ ਸਬੂਤ ਦਿੱਤਾ ਜਾਪਦਾ ਹੈ।
21 ਮਾਰਚ ਨੂੰ ਹੋਵੇਗੀ ਸਦਨ ਦੀ ਕਾਰਵਾਈ
ਦੱਸ ਦਈਏ ਕਿ 6 ਦਿਨ ਚੱਲਣ ਵਾਲੇ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਪਹਿਲਾ ਦਿਨ ਸੀ। 18 ਅਤੇ 19 ਮਾਰਚ ਦੀ ਹੋਲੀ ਦੀ ਛੁੱਟੀ ਰਹੇਗੀ, 20 ਮਾਰਚ ਨੂੰ ਐਤਵਾਰ ਦੀ ਛੁੱਟੀ ਹੈ। 21 ਮਾਰਚ ਨੂੰ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਵੇਗੀ। ਇਸ ਦਿਨ ਪੰਜਾਬ ਦੇ ਰਾਜਪਾਲ ਦਾ ਸੰਬੋਧਨ ਹੋਵੇਗਾ।
21 ਮਾਰਚ ਨੂੰ ਸਥਾਈ ਸਪੀਕਰ ਦੀ ਵੀ ਹੋਵੇਗੀ ਚੋਣ
21 ਮਾਰਚ ਨੂੰ ਸਥਾਈ ਸਪੀਕਰ ਦੀ ਵੀ ਚੋਣ ਹੋਵੇਗੀ। 22 ਮਾਰਚ ਨੂੰ ਸਵੇਰੇ 10 ਵਜੇ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ। ਇਸ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਰਾਜਪਾਲ ਦੇ ਸੰਬੋਧਨ ’ਤੇ ਧੰਨਵਾਦ ਹੋਵੇਗਾ ਅਤੇ ਹੋਰ ਵੀ ਕੰਮ ਕਾਰ ਹੋਣਗੇ।
ਇਸ ਵਿਧਾਨਸਭਾ ਦੌਰਾਨ ਆਮ ਆਦਮੀ ਪਾਰਟੀ ਦੇ ਪਹਿਲੇ ਸੈਸ਼ਨ ਦੌਰਾਨ ਕੋਈ ਵੀ ਪੁਰਾਣਾ ਚਿਹਰਾ ਨਜ਼ਰ ਨਹੀਂ ਆਇਆ ਸਿਰਫ ਲੋਕਾਂ ਵੱਲੋਂ ਚੁਣੇ ਗਏ ਨਵੇਂ ਚਿਹਰੇ ਹੀ ਨਜ਼ਰ ਆਏ।
ਸੀਐੱਮ ਭਗਵੰਤ ਮਾਨ ਨੇ ਕੀਤਾ ਐਲਾਨ
ਉੱਥੇ ਹੀ ਦੂਜੇ ਪਾਸੇ ਸਹੁੰ ਚੁੱਕ ਸਮਾਗਮ ਤੋਂ ਬਾਅਦ ਸੀਐੱਮ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਵੱਡਾ ਐਲਾਨ ਕੀਤਾ ਗਿਆ ਹੈ। ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਐਂਟੀ ਕੁਰੱਪਸ਼ਨ ਹੈਲਪਾਈਨ ਨੰਬਰ ਜਾਰੀ ਕੀਤਾ ਜਾਵੇਗਾ। ਇਹ ਨੰਬਰ 23 ਮਾਰਚ ਨੂੰ ਜਾਰੀ ਕੀਤਾ ਜਾਵੇਗਾ। ਇਸ ਨਾਲ ਹਫਤਾ ਵਸੂਲੀ ਬੰਦ ਹੋਵੇਗੀ। ਇਸ ਨਾਲ ਸਿੱਧੀ ਉਨ੍ਹਾਂ ਕੋਲ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਹੋਵੇਗੀ।
ਇਹ ਵੀ ਪੜੋ:ਵੱਡੀ ਖ਼ਬਰ: ਸੀਐੱਮ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਖਿਲਾਫ਼ ਕੀਤਾ ਇਹ ਵੱਡਾ ਐਲਾਨ