ਚੰਡੀਗੜ੍ਹ: ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੰਜਾਬ ਵਿਧਾਨਸਭਾ ਚ ਹੋਏ ਭਰਤੀ ਘੁਟਾਲੇ ਦੀ ਜਾਂਚ (Punjab Assembly Recruitment Scam) ਕਰਵਾਈ ਜਾਵੇਗੀ। ਇਸ ਮਾਮਲੇ ਸਬੰਧੀ ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਘੁਟਾਲੇ ਸਬੰਧੀ ਸ਼ਿਕਾਇਤ ਕੀਤੀ ਗਈ ਸੀ। ਜਿਸ ਚ ਉਨ੍ਹਾਂ ਵੱਲੋਂ ਕਾਂਗਰਸੀਆਂ ਦੇ ਰਿਸ਼ਤੇਦਾਰ ਦੀ ਭਰਤੀ ਕਰਵਾਉਣ ਦੇ ਇਲਜ਼ਾਮ ਲਗਾਏ ਗਏ ਸੀ। ਫਿਲਹਾਲ ਹੁਣ ਸਪੀਕਰ ਕੁਲਤਾਰ ਸਿੰਘ ਸੰਧਵਾਂ ਪਿਛਲੇ 5 ਸਾਲ ਚ ਹੋਈ ਭਰਤੀ ਦੀ ਉੱਚ ਪੱਧਰੀ ਜਾਂਚ ਕਰਵਾਉਣਗੇ।
ਇਸ ਸਬੰਧ ’ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਅਰਜ਼ੀ ਮਿਲੀ ਹੈ ਜਿਸ ’ਚ ਦੱਸਿਆ ਗਿਆ ਹੈ ਕਿ ਪਿਛਲੇ ਸਮੇਂ ਪੰਜਾਬ ਵਿਧਾਨਸਭਾ ’ਚ ਭਰਤੀ ਮਾਮਲੇ ਚ ਘੁਟਾਲਾ ਹੋਇਆ ਸੀ, ਜਿਸ ਦੇ ਖਿਲਾਫ ਉਨ੍ਹਾਂ ਵੱਲੋਂ ਜਾਂਚ ਕਰਵਾਈ ਜਾਵੇਗੀ। ਜਾਂਚ ’ਚ ਜੋ ਵੀ ਕਾਨੂੰਨ ਦੇ ਖਿਲਾਫ ਹੁੰਦਾ ਹੋਇਆ ਪਾਇਆ ਗਿਆ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।