ਚੰਡੀਗੜ੍ਹ:ਪੰਜਾਬ ਵਿਧਾਨ ਸਭਾ ਚੋਣਾਂ 2022 ਐਲਾਨੇ ਜਾਣ ਦੇ ਮੱਦੇਨਜ਼ਰ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਵੀ.ਕੇ. ਭਾਵਰਾ ਨੇ ਸ਼ਨੀਵਾਰ ਨੂੰ ਸੂਬੇ ਵਿੱਚ ਨਸ਼ਿਆਂ ਦੀ ਆਮਦ ਨੂੰ ਠੱਲ੍ਹ ਪਾਉਣ ਲਈ ਵੱਖ ਵੱਖ ਰਾਜਾਂ ਦੀ ਪੁਲਿਸ ਅਤੇ ਖੁਫੀਆ ਏਜੰਸੀਆਂ ਦਰਮਿਆਨ ਵਧੇਰੇ ਤਾਲਮੇਲ ਬਣਾਉਣ ਦੀ ਲੋੜ`ਤੇ ਜ਼ੋਰ ਦਿੱਤਾ। ਜਿਕਰਯੋਗ ਹੈ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ ਅਤੇ ਵਿਧਾਨ ਸਭਾ ਚੋਣਾਂ 14 ਫਰਵਰੀ, 2022 ਨੂੰ ਹੋਣੀਆਂ ਹਨ, ਜਦ ਕਿ ਨਤੀਜੇ 10 ਮਾਰਚ, 2022 ਨੂੰ ਐਲਾਨੇ ਜਾਣਗੇ।
ਜਿਕਰਯੋਗ ਹੈ ਡੀਜੀਪੀ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਸ਼ਿਆਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਕੀਤੀ ਉੱਚ ਪੱਧਰੀ ਤਾਲਮੇਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਇਹ ਮੀਟਿੰਗ ਮੁੱਖ ਡਾਇਰੈਕਟਰ ਵਿਜੀਲੈਂਸ ਬਿਊਰੋ-ਕਮ-ਰਾਜ ਪੁਲਿਸ ਨੋਡਲ ਅਫਸਰ ਫਾਰ ਇਲੈਕਸ਼ਨਜ਼, ਪੰਜਾਬ ਵੱਲੋਂ ਕਰਵਾਈ ਗਈ ਸੀ। ਏ.ਡੀ.ਜੀ.ਪੀ. ਸ੍ਰੀ ਆਰ.ਐਨ.ਢੋਕੇ ਅਤੇ ਏ.ਡੀ.ਜੀ.ਪੀ ਨਰੇਸ਼ ਅਰੋੜਾ ਵੀ ਮੀਟਿੰਗ ਵਿੱਚ ਮੌਜੂਦ ਸਨ।
ਇਸ ਮੀਟਿੰਗ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ), ਸੀਮਾ ਸੁਰੱਖਿਆ ਬਲ (ਬੀਐਸਐਫ), ਦਿੱਲੀ ਪੁਲਿਸ, ਹਰਿਆਣਾ ਪੁਲਿਸ, ਹਿਮਾਚਲ ਪ੍ਰਦੇਸ਼ ਪੁਲਿਸ, ਰਾਜਸਥਾਨ ਪੁਲਿਸ, ਚੰਡੀਗੜ੍ਹ ਪੁਲਿਸ,ਮੱਧ ਪ੍ਰਦੇਸ਼ ਪੁਲਿਸ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਨੁਮਾਇੰਦਿਆਂ ਨੇ ਭਾਗ ਲਿਆ। ਮੀਟਿੰਗ ਵਿੱਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਹਰਿਆਣਾ, ਉੱਤਰਾਖੰਡ ਅਤੇ ਯੂਟੀ ਚੰਡੀਗੜ੍ਹ ਆਦਿ ਰਾਜਾਂ ਦੇ ਮੁੱਖ ਡਰੱਗ ਕੰਟਰੋਲਰਾਂ ਨੇ ਵੀ ਭਾਗ ਲਿਆ।
ਮੀਟਿੰਗ ਦੌਰਾਨ, ਸਾਰੇ ਗੁਆਂਢੀ ਰਾਜਾਂ ਅਤੇ ਏਜੰਸੀਆਂ ਨੇ ਨੋਡਲ ਅਫਸਰ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ। ਇਹ ਨੋਡਲ ਅਫਸਰ ਨਸ਼ਿਆਂ ਸਬੰਧੀ ਕਿਸੇ ਵੀ ਜਾਣਕਾਰੀ/ਖੁਫੀਆ ਜਾਣਕਾਰੀ ਨੂੰ ਫੌਰੀ ਤੌਰ `ਤੇ ਸਾਂਝਾ ਕਰਨ ਲਈ ਆਪਣੇ ਮੋਬਾਈਲ ਨੰਬਰ ਆਪਸ ਵਿੱਚ ਸਾਂਝੇ ਕਰਨਗੇ ਅਤੇ ਇੱਕ ਵਟਸਐਪ ਗਰੁੱਪ ਵੀ ਬਣਾਉਣਗੇ ਤਾਂ ਜੋ ਨਸਿ਼ਆਂ ਦੇ ਕਾਰੋਬਾਰ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਿਨਾਂ ਸਮਾਂ ਗਵਾਇਆਂ ਕਾਬੂ ਕੀਤਾ ਜਾ ਸਕੇ।
ਸਾਰੇ ਨੁਮਾਇੰਦਿਆਂ ਨੇ ਐਨਡੀਪੀਐਸ ਐਕਟ ਦੇ ਕੇਸਾਂ ਦੇ ਦੋਸ਼ੀ ਭਗੌੜੇ ਅਪਰਾਧੀਆਂ ਅਤੇ ਪੈਰੋਲ ਜੰਪਰਾਂ ਦੀ ਸੂਚੀ ਸਾਂਝੀ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਬਿਹਤਰ ਤਾਲਮੇਲ ਵਾਲੀ ਕਾਰਵਾਈ ਨੂੰ ਅੰਜਾਮ ਦੇਣ ਲਈ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਲੋਕਾਂ ਦੇ ਵੇਰਵੇ ਆਪਸ ਵਿੱਚ ਸਾਂਝੇ ਕਰਨ ਦਾ ਵੀ ਫੈਸਲਾ ਕੀਤਾ।