ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ (Punjab Assembly Elections) ਨੂੰ ਲੈਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਆਪ ਦੇ ਸੀਐਮ ਚਿਹਰਾ ਅਤੇ ਧੂਰੀ ਹਲਕੇ ਤੋਂ ਉਮੀਦਵਾਰ ਭਗਵੰਤ ਮਾਨ ਨੇ ਆਪਣੇ ਹਲਕੇ ਵਿੱਚ ਚੋਣ ਪ੍ਰਚਾਰ ਮੁਹਿੰਮ ਭਖਾ ਦਿੱਤੀ ਹੈ। ਸੀਐਮ ਚਿਹਰੇ ਐਲਾਨੇ ਜਾਣ ਤੋਂ ਬਾਅਦ ਭਗਵੰਤ ਮਾਨ ਪਹਿਲੀ ਵਾਰ ਵਿਧਾਨਸਭਾ ਹਲਕਾ ਧੂਰੀ ਪਹੁੰਚੇ। ਇਸ ਦੌਰਾਨ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਆਪ ਵਰਕਰ ਅਤੇ ਸਮਰਥਕ ਵਿਖਾਈ ਦਿੱਤੇ ਜਿੰਨ੍ਹਾਂ ਭਗਵੰਤ ਮਾਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ।
ਇਸਦੇ ਨਾਲ ਹੀ ਭਗਵੰਤ ਮਾਨ ਦੇ ਵਲੋਂ ਆਪਣੇ ਸੋਸ਼ਲ ਖਾਤੇ ਉੱਪਰ ਇੱਕ ਭਾਵੁਕ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ਵਿੱਚ ਭਗਵੰਤ ਮਾਨ ਬਜ਼ੁਰਗ ਮਾਤਾ ਤੋਂ ਆਸ਼ੀਰਵਾਦ ਲੈਂਦੇ ਵਿਖਾਈ ਦੇ ਰਹੇ ਹਨ। ਇਸ ਮੌਕੇ ਬਜ਼ੁਰਗ ਮਾਤਾ ਨੇ ਭਗਵੰਤ ਦਾ ਸਿਰ ਪਲੋਸ ਕੇ ਚੋਣ ਜਿੱਤਣ ਦਾ ਆਸ਼ੀਰਵਾਦ ਦਿੱਤਾ।