ਪੰਜਾਬ

punjab

ETV Bharat / city

ਸੋਨੇ ਦੇ ਸ਼ੌਕੀਨ ਪੰਜਾਬ ਦੇ ਸਿਆਸਤਦਾਨ ! - ਸੋਨੇ ਦੇ ਸ਼ੌਕੀਨ ਪੰਜਾਬ ਦੇ ਸਿਆਸਤਦਾਨ

ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਲਈ ਵੱਖ-ਵੱਖ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਅੱਗੇ ਦਾਇਰ ਕੀਤੇ ਹਲਫ਼ਨਾਮਿਆਂ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਕਿਸ ਸਿਆਸਤਦਾਨ ਕੋਲ ਕਿੰਨਾ ਸੋਨਾ ਹੈ। ਪੰਜਾਬ ਦੇ ਕਿਹੜੇ ਸਿਆਸਤਦਾਨ ਕੋਲ ਕਿੰਨ੍ਹੀ ਸੋਨੇ ਦੇ ਰੂਪ ਵਿੱਚ ਜਾਇਦਾਦ ਹੈ ਅਤੇ ਕਿਸ ਕੋਲ ਸਭ ਤੋਂ ਵੱਧ ਸੋਨਾ ਹੈ ਜਾਨਣ ਲਈ ਪੜ੍ਹੋ ਪੂਰੀ ਖ਼ਬਰ...

ਸਿਆਸਤਦਾਨਾਂ ਨੇ ਜਾਇਦਾਦ ਨੂੰ ਲੈਕੇ ਹਲਫਨਾਮਾ ਕੀਤਾ ਦਾਇਰ
ਸਿਆਸਤਦਾਨਾਂ ਨੇ ਜਾਇਦਾਦ ਨੂੰ ਲੈਕੇ ਹਲਫਨਾਮਾ ਕੀਤਾ ਦਾਇਰ

By

Published : Feb 2, 2022, 5:32 PM IST

ਚੰਡੀਗੜ੍ਹ:ਚੋਣਾਂ ਅਤੇ ਜਾਇਦਾਦ ਦਾ ਆਪਸ ਵਿੱਚ ਗੂੜ੍ਹਾ ਰਿਸ਼ਤਾ ਹੈ। ਕਿਹਾ ਜਾਂਦਾ ਹੈ ਕਿ ਪੈਸੇ ਅਤੇ ਤਾਕਤ ਤੋਂ ਬਿਨਾਂ ਚੋਣਾਂ ਨਹੀਂ ਜਿੱਤੀਆਂ ਜਾਂਦੀਆਂ। ਇਸ ਤੋਂ ਬਾਅਦ ਕਿਤੇ ਨਾ ਕਿਤੇ ਕੋਈ ਅਪਵਾਦ ਵੀ ਹੋ ਸਕਦਾ ਹੈ। ਸਰਕਾਰਾਂ ਘਾਟੇ ਵਿੱਚ ਜਾਦੀਆਂ ਹਨ ਅਤੇ ਖਜ਼ਾਨੇ ਖਾਲੀ ਦਾ ਰਾਗ ਵੀ ਅਲਾਪਿਆ ਜਾਂਦਾ ਹੈ ਪਰ ਦੂਸਰੇ ਪਾਸੇ ਬਹੁਤੇ ਸਿਆਸਤਦਾਨਾਂ ਦੀ ਦੌਲਤ ਵਧਦੀ ਹੈ। ਇਹ ਆਪਣੇ ਆਪ ਵਿੱਚ ਇੱਕ ਵੱਡਾ ਸਵਾਲ ਹੈ। ਇਹ ਜ਼ਾਇਦਾਦ ਦਾ ਵਾਧਾ ਕਿਤੇ ਨਗਦੀ ਜਾਂ ਗਹਿਣਿਆਂ ਦੇ ਰੂਪ ਵਿੱਚ ਹੋ ਸਕਦਾ ਹੈ।

ਬੇਸ਼ੱਕ ਸੋਨੇ ਦੀ ਸ਼ਕਤੀ ਕਿਸੇ ਊਰਜਾ ਦਵਾਈ ਦਾ ਨਾਂ ਹੋਵੇ, ਪਰ ਪੰਜਾਬ ਵਿੱਚ 'ਗੋਲਡ ਪਾਵਰ' ਨੂੰ ਸਟੇਟਸ ਸਿੰਬਲ ਮੰਨਿਆ ਜਾਂਦਾ ਹੈ। ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਲਈ ਵੱਖ-ਵੱਖ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਅੱਗੇ ਦਾਇਰ ਕੀਤੇ ਹਲਫ਼ਨਾਮਿਆਂ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਕਿਸ ਸਿਆਸਤਦਾਨ ਕੋਲ ਕਿੰਨਾ ਸੋਨਾ ਹੈ।

ਭਾਜਪਾ ਆਗੂ ਅਰਵਿੰਦ ਖੰਨਾ ਕੋਲ ਸਭ ਤੋਂ ਵੱਧ ਸੋਨਾ

ਸੰਗਰੂਰ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਦੇ ਪਰਿਵਾਰ ਕੋਲ ਰਈਸ ਬਾਦਲ ਪਰਿਵਾਰ ਨਾਲੋਂ ਜ਼ਿਆਦਾ ਗਹਿਣੇ ਹਨ। ਖੰਨਾ ਪਰਿਵਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੋਹਰੀ ਉਮੀਦਵਾਰਾਂ ਵਿੱਚੋਂ ਇੱਕ ਹੈ। ਪਹਿਲਾਂ ਇਹ ਸਿਹਰਾ ਬਾਦਲ ਪਰਿਵਾਰ ਦੇ ਸਿਰ ਸੀ। ਇਹ ਤੱਥ ਉਦੋਂ ਸਾਹਮਣੇ ਆਏ ਹਨ ਜਦੋਂ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਆਪਣੀ ਜਾਇਦਾਦ ਦੇ ਵੇਰਵੇ ਦਾ ਖੁਲਾਸਾ ਕੀਤਾ ਹੈ।

ਸੰਗਰੂਰ ਤੋਂ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਅਤੇ ਉਨ੍ਹਾਂ ਦੀ ਪਤਨੀ ਦੇ ਪਰਿਵਾਰ ਕੋਲ 9.70 ਕਰੋੜ ਰੁਪਏ ਦੇ ਗਹਿਣੇ ਹਨ, ਜਿੰਨ੍ਹਾਂ 'ਚੋਂ ਅਰਵਿੰਦ ਖੰਨਾ ਕੋਲ 5.31 ਕਰੋੜ ਰੁਪਏ ਦੇ ਗਹਿਣੇ ਹਨ ਅਤੇ ਉਨ੍ਹਾਂ ਦੀ ਪਤਨੀ ਕੋਲ 4.39 ਕਰੋੜ ਰੁਪਏ ਦੇ ਗਹਿਣੇ ਹਨ। ਮੌਜੂਦਾ ਸੋਨੇ ਦੀਆਂ ਕੀਮਤਾਂ 'ਤੇ ਖੰਨਾ ਪਰਿਵਾਰ ਕੋਲ 19.50 ਕਿਲੋ ਸੋਨਾ ਹੈ।

ਸੋਨੇ ਦੇ ਸ਼ੌਕੀਨ ਪੰਜਾਬ ਦੇ ਸਿਆਸਤਦਾਨ !

ਬਾਦਲ ਪਰਿਵਾਰ ਕੋਲ 7.33 ਕਰੋੜ ਰੁਪਏ ਦੇ ਗਹਿਣੇ

ਬਾਦਲ ਪਰਿਵਾਰ ਕੋਲ 7.33 ਕਰੋੜ ਰੁਪਏ (ਸਟੋਨ, ਡਾਇਮੰਡ, ਸੋਨਾ ਆਦਿ) ਦੇ ਗਹਿਣੇ ਹਨ, ਜਿੰਨ੍ਹਾਂ ਵਿੱਚੋਂ ਹਰਸਿਮਰਤ ਕੌਰ ਬਾਦਲ ਕੋਲ 7.24 ਕਰੋੜ ਰੁਪਏ ਦੇ ਗਹਿਣੇ ਹਨ। ਇੰਨ੍ਹਾਂ ਵਿੱਚੋਂ ਕੁਝ ਗਹਿਣੇ ਵਿਰਾਸਤ ਵਿੱਚ ਮਿਲੇ ਹਨ। ਸੋਨੇ ਦੀ ਮੌਜੂਦਾ ਕੀਮਤ ਦੇ ਮੁਤਾਬਕ ਇਹ 14.76 ਕਿਲੋ ਸੋਨਾ ਬਣਦਾ ਹੈ। ਸੁਖਬੀਰ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੋਣ ਕਮਿਸ਼ਨ ਅੱਗੇ ਦਾਇਰ ਕੀਤੇ ਹਲਫ਼ਨਾਮੇ ਮੁਤਾਬਕ 6.11 ਕਰੋੜ ਰੁਪਏ ਦੇ ਸੋਨਾ, ਚਾਂਦੀ ਅਤੇ ਹੀਰੇ ਦੇ ਗਹਿਣੇ ਸਨ। ਉਸ ਸਮੇਂ ਸੋਨੇ ਦੀ ਕੀਮਤ 29,000 ਰੁਪਏ ਪ੍ਰਤੀ 10 ਗ੍ਰਾਮ ਤੋਂ ਥੋੜ੍ਹੀ ਉਪਰ ਰਹੀ ਜਦਕਿ ਅੱਜ ਦੇ ਸਮੇਂ ਪ੍ਰਤੀ 10 ਗ੍ਰਾਮ ਸੋਨੇ ਦੀ ਕੀਮਤ 45,000 ਤੋਂ ਵੱਧ ਹੈ।

ਓਪੀ ਸੋਨੀ ਦੇ ਪਰਿਵਾਰ ਕੋਲ 1.06 ਕਰੋੜ ਰੁਪਏ ਦੇ ਗਹਿਣੇ

ਉਪ ਮੁੱਖ ਮੰਤਰੀ ਅਤੇ ਕਾਂਗਰਸ ਉਮੀਦਵਾਰ ਓਪੀ ਸੋਨੀ ਦੇ ਪਰਿਵਾਰ ਕੋਲ 1.06 ਕਰੋੜ ਰੁਪਏ ਦੇ ਗਹਿਣੇ ਹਨ। 2017 ਦੀਆਂ ਚੋਣਾਂ ਵਿੱਚ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਆਪਣੇ ਹਲਫ਼ਨਾਮੇ ਵਿੱਚ ਆਪਣਾ ਅਤੇ ਉਨ੍ਹਾਂ ਦੀ ਪਤਨੀ ਦਾ ਸੋਨਾ 750 ਗ੍ਰਾਮ ਅਤੇ ਪਤਨੀ ਦਾ ਦੁੱਗਣਾ ਭਾਵ 1500 ਗ੍ਰਾਮ ਦੱਸਿਆ ਸੀ, ਜਿਸ ਦੀ ਕੀਮਤ 65.25 ਲੱਖ ਰੁਪਏ ਸੀ। ਉਨ੍ਹਾਂ ਕੋਲ ਅਜੇ ਵੀ ਉਹੀ ਸੋਨਾ ਹੈ।

ਵਿਵਾਦਿਤ ਮੰਤਰੀ ਰਾਣਾ ਗੁਰਜੀਤ ਦੇ ਪਰਿਵਾਰ ਕੋਲ ਹੈ ਕਿੰਨ੍ਹਾ ਸੋਨਾ ?

ਕਪੂਰਥਲਾ ਤੋਂ ਕਾਂਗਰਸ ਦੇ ਉਮੀਦਵਾਰ, ਰੇਤ ਖਣਨ ਨੂੰ ਲੈਕੇ ਵਿਵਾਦਿਤ ਮੰਤਰੀ ਅਤੇ ਉਦਯੋਗਪਤੀ ਰਾਣਾ ਗੁਰਜੀਤ ਸਿੰਘ 2.28 ਕਰੋੜ ਦੇ ਗਹਿਣਿਆਂ ਦੇ ਪਰਿਵਾਰ ਨਾਲ ਚੋਣ ਮੈਦਾਨ ਵਿੱਚ ਤੀਜੇ ਨੰਬਰ 'ਤੇ ਹਨ। ਇੰਨ੍ਹਾਂ ਵਿੱਚੋਂ ਰਾਣਾ ਗੁਰਜੀਤ ਕੋਲ 42.94 ਲੱਖ ਰੁਪਏ ਦੇ ਗਹਿਣੇ ਹਨ ਅਤੇ ਉਨ੍ਹਾਂ ਦੀ ਪਤਨੀ ਕੋਲ 1.86 ਕਰੋੜ ਰੁਪਏ ਦੇ ਗਹਿਣੇ ਹਨ। ਇੰਨ੍ਹਾਂ ਵਿਚ ਸਿਰਫ 3.68 ਕਿਲੋ ਸੋਨਾ ਅਤੇ 20 ਲੱਖ ਰੁਪਏ ਦੇ ਹੀਰੇ ਹਨ।

ਰਾਣਾ ਗੁਰਜੀਤ ਸਿੰਘ ਵੱਲੋਂ ਸਾਲ 2017 ਦੀਆਂ ਚੋਣਾਂ ਦੌਰਾਨ ਦਾਇਰ ਕੀਤੇ ਹਲਫ਼ਨਾਮੇ ਮੁਤਾਬਕ ਉਨ੍ਹਾਂ ਕੋਲ 950 ਗ੍ਰਾਮ ਸੋਨਾ ਸੀ, ਜਿਸ ਦੀ ਕੀਮਤ ਉਸ ਸਮੇਂ 26.60 ਲੱਖ ਸੀ, ਪਰ ਅੱਜ ਸੋਨੇ ਦੀ ਕੀਮਤ ਦੇ ਹਿਸਾਬ ਨਾਲ ਇਸ ਦੀ ਕੀਮਤ 42.75 ਲੱਖ ਹੈ। ਅੱਜ ਵੀ ਰਾਣਾ ਕੋਲ ਉਸੇ ਮੁੱਲ ਦਾ ਸੋਨਾ ਹੈ। ਰਾਣਾ ਦੀ ਪਤਨੀ ਕੋਲ ਸਾਲ 2017 'ਚ 1.03 ਕਰੋੜ ਰੁਪਏ ਦਾ 3681 ਗ੍ਰਾਮ ਸੋਨਾ ਸੀ, ਜਿਸ ਦੀ ਕੀਮਤ ਅੱਜ 1.65 ਕਰੋੜ ਰੁਪਏ ਹੈ। ਉਨ੍ਹਾਂ ਕੋਲ 20 ਲੱਖ ਦੇ ਹੀਰੇ ਸਨ, ਅੱਜ ਵੀ ਉਨ੍ਹਾਂ ਦੀ ਪਤਨੀ ਕੋਲ ਓਨਾ ਹੀ ਸੋਨਾ ਤੇ ਹੀਰੇ ਹਨ।

ਸੋਨੇ ਦੇ ਸ਼ੌਕੀਨ ਪੰਜਾਬ ਦੇ ਸਿਆਸਤਦਾਨ !

ਕੈਪਟਨ ਦੇ ਪਰਿਵਾਰ ਕੋਲ 1.43 ਕਰੋੜ ਦੇ ਗਹਿਣੇ

ਜ਼ੀਰਾ ਹਲਕੇ ਤੋਂ ਅਕਾਲੀ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਵੀ ਕਿਸੇ ਤੋਂ ਘੱਟ ਨਹੀਂ ਹਨ। ਸੇਖੋਂ ਦੇ ਪਰਿਵਾਰ ਕੋਲ 1.54 ਕਰੋੜ ਰੁਪਏ ਦੇ ਗਹਿਣੇ ਹਨ। ਇੱਥੇ ਹੀਰਿਆਂ ਤੋਂ ਇਲਾਵਾ ਸੋਨੇ ਦੇ ਕਈ ਸੈੱਟ ਹਨ। ਪਟਿਆਲਾ ਤੋਂ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਕੋਲ 1.43 ਕਰੋੜ ਰੁਪਏ ਦੇ ਗਹਿਣੇ ਹਨ। ਆਮ ਆਦਮੀ ਪਾਰਟੀ ਦੇ ਨਾਮੀ ਉਮੀਦਵਾਰ ਅਮਨ ਅਰੋੜਾ ਵੀ ਇਸ ਪੱਖੋਂ ਖਾਸ ਹਨ। ਅਰੋੜਾ ਪਰਿਵਾਰ ਕੋਲ 1.87 ਕਿਲੋ ਸੋਨਾ ਸਮੇਤ 1.27 ਕਰੋੜ ਰੁਪਏ ਦੇ ਗਹਿਣੇ ਵੀ ਹਨ। ਉਨ੍ਹਾਂ ਕੋਲ 36 ਲੱਖ ਰੁਪਏ ਦਾ ਇੱਕ ਹੀਰਾ ਵੀ ਹੈ।

ਨਵਜੋਤ ਸਿੱਧੂ ਕੋਲ ਕਿੰਨ੍ਹੇ ਕਰੋੜ ਦੇ ਗਹਿਣੇ ?

ਇਸੇ ਤਰ੍ਹਾਂ ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਢਿੱਲੋਂ ਦੇ ਪਰਿਵਾਰ ਕੋਲ 1.21 ਕਰੋੜ ਰੁਪਏ ਦੇ ਗਹਿਣੇ ਹਨ, ਜਿੰਨ੍ਹਾਂ ਵਿੱਚੋਂ ਉਨ੍ਹਾਂ ਦੀ ਪਤਨੀ ਕੋਲ 97 ਲੱਖ ਰੁਪਏ ਦੇ ਗਹਿਣੇ ਹਨ। ਅੰਮ੍ਰਿਤਸਰ ਪੱਛਮੀ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਕੋਲ ਇੱਕ ਕਰੋੜ ਰੁਪਏ ਦੇ ਗਹਿਣੇ ਹਨ, ਜਿੰਨ੍ਹਾਂ ਵਿੱਚੋਂ 70 ਲੱਖ ਰੁਪਏ ਦੇ ਉਨ੍ਹਾਂ ਦੀ ਪਤਨੀ ਕੋਲ ਹਨ। ਨਵਜੋਤ ਸਿੱਧੂ ਕੋਲ 44 ਲੱਖ ਰੁਪਏ ਦੀਆਂ ਘੜੀਆਂ ਵੀ ਹਨ। ਉਨ੍ਹਾਂ ਦੇ ਵਿਰੋਧੀ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਕੋਲ 65.60 ਲੱਖ ਰੁਪਏ ਦੇ ਗਹਿਣੇ ਹਨ।

ਬੀਬੀ ਭੱਠਲ ਕੋਲ ਹੈ ਕਿੰਨ੍ਹਾ ਸੋਨਾ ?

ਲਹਿਰਾਗਾਗਾ ਤੋਂ ਕਾਂਗਰਸੀ ਉਮੀਦਵਾਰ ਬੀਬੀ ਰਜਿੰਦਰ ਕੌਰ ਭੱਠਲ ਕੋਲ ਸਿਰਫ਼ 22.50 ਲੱਖ ਦਾ ਸੋਨਾ ਹੈ। ਰਾਮਪੁਰਾ ਫੂਲ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੇ ਪਰਿਵਾਰ ਕੋਲ ਵੀ 75.17 ਲੱਖ ਰੁਪਏ ਦੇ ਗਹਿਣੇ ਹਨ ਜਦਕਿ ਉਨ੍ਹਾਂ ਦੇ ਵਿਰੋਧੀ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਕੋਲ 27 ਲੱਖ ਰੁਪਏ ਦੇ ਗਹਿਣੇ ਹਨ। ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਪਰਿਵਾਰ ਕੋਲ 31.20 ਲੱਖ ਰੁਪਏ ਦੇ ਗਹਿਣੇ ਹਨ।

ਆਪ ਆਗੂ ਨਰਿੰਦਰ ਭਰਾਜ ਕੋਲ ਨਹੀਂ ਹੈ ਕੋਈ ਮਕਾਨ ਤੇ ਜਾਇਦਾਦ

ਦੂਜੇ ਪਾਸੇ ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨਰਿੰਦਰ ਕੌਰ ਭਰਾਜ ਕੋਲ ਨਾ ਤਾਂ ਕੋਈ ਮਕਾਨ ਹੈ, ਨਾ ਹੀ ਕੋਈ ਫਾਰਮ ਅਤੇ ਨਾ ਹੀ ਕੋਈ ਵਪਾਰਕ ਜਾਇਦਾਦ ਹੈ। ਉਨ੍ਹਾਂ ਦੇ ਸਿਰਫ਼ ਦੋ ਬੈਂਕ ਖਾਤੇ ਹਨ ਜਿੰਨ੍ਹਾਂ ਵਿੱਚ 24,409 ਰੁਪਏ ਹਨ।

ਕੌਣ ਹੈ ਚੋਣਾਂ ’ਚ ਸਭ ਤੋਂ ਅਮੀਦ ਉਮੀਦਵਾਰ

ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਚੋਣਾਂ ਵਿੱਚ ਸਭ ਤੋਂ ਅਮੀਰ ਉਮੀਦਵਾਰ ਕੁਲਵੰਤ ਸਿੰਘ ਹਨ, ਜਿੰਨ੍ਹਾਂ ਕੋਲ 250 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਹੈ। ਉਹ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੇ ਹਨ। ਉਨ੍ਹਾਂ ਕੋਲ ਅਤੇ ਉਨ੍ਹਾਂ ਦੀ ਪਤਨੀ ਕੋਲ 63.44 ਲੱਖ ਰੁਪਏ ਦੇ ਸੋਨੇ ਅਤੇ ਹੀਰੇ ਦੇ ਗਹਿਣੇ ਹਨ। ਕੁਲਵੰਤ ਸਿੰਘ ਕੋਲ 15.89 ਲੱਖ ਰੁਪਏ ਦੇ ਗਹਿਣੇ ਹਨ ਅਤੇ ਉਨ੍ਹਾਂ ਦੀ ਪਤਨੀ ਕੋਲ 47.55 ਲੱਖ ਰੁਪਏ ਦੇ ਗਹਿਣੇ ਹਨ।

ਇਹ ਵੀ ਪੜ੍ਹੋ:ਸੀਐੱਮ ਚਿਹਰੇ ਨੂੰ ਲੈ ਕੇ ਸ਼ਸ਼ੋਪੰਜ ’ਚ ਕਾਂਗਰਸ, ਹੁਣ ਲੋਕਾਂ ਨੂੰ ਕਰਨ ਲੱਗੇ ਫੋਨ !

ABOUT THE AUTHOR

...view details