ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਦੇਸ਼ ਪ੍ਰਧਾਨ ਭਗਵੰਤ ਮਾਨ `ਤੇ ਵਰ੍ਹਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸੁਖਦੇਵ ਢੀਂਡਸਾ ਨੇ ਕਿਹਾ ਕਿ ਦੂਜਿਆਂ `ਤੇ ਉਂਗਲ ਚੁੱਕਣ ਵਾਲਾ ਬੜਬੋਲਾ ਭਗਵੰਤ ਮਾਨ ਖ਼ੁਦ ਆਪਣੀ ਪੀੜੀ ਹੇਠ ਸੋਟਾ ਫੇਰੇ ਅਤੇ ਪੰਜਾਬ ਦੇ ਲੋਕਾਂ ਨੂੰ ਦੱਸੇ ਕਿ ਸਾਲ 2014 ਤੋਂ ਲੈ ਕੇ ਹੁਣ ਤੱਕ ਬਤੌਰ ਮੈਂਬਰ ਪਾਰਲੀਮੈਂਟ ਉਸ ਨੇ ਆਪਣੇ ਲੋਕ ਸਭਾ ਹਲਕੇ ਵਿੱਚ ਕਿਹੜਾ ਵੱਡਾ ਪ੍ਰੋਜੈਕਟ ਲਿਆਂਦਾ ਹੈ?
ਢੀਂਡਸਾ ਨੇ ਆਮ ਆਦਮੀ ਹੋਣ ਦਾ ਦਾਅਵਾ ਕਰਨ ਵਾਲੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਇਹ ਵੀ ਪੁੱਛਿਆ ਕਿ ਉਹ ਦੱਸਣ ਕਿ ਅੱਜ ਪੰਜਾਬ ਵਿੱਚ ਥਾਂ-ਥਾਂ ਲੱਗੇ ਵੱਡੇ-ਵੱਡੇ ਪੋਸਟਰਾਂ ਅਤੇ ਪਾਰਟੀ ਦੇ ਪ੍ਰਚਾਰ `ਤੇ ਖਰਚ ਹੋ ਰਹੇ ਕਰੋੜਾਂ ਰੁਪਏ ਉਨ੍ਹਾਂ ਕੋਲੇ ਕਿਥੋਂ ਆਏ ਹਨ ?
ਢੀਂਡਸਾ ਨੇ ਕਿਹਾ ਕਿ ਇਸ ਤੋਂ ਇਲਾਵਾ ਕੇਜਰੀਵਾਲ ਸਾਲ 2017 ਵਿਧਾਨ ਸਭਾ ਚੋਣਾਂ (2017 Assembly Elections) ਦੌਰਾਨ ਪ੍ਰਵਾਸੀ ਪੰਜਾਬੀਆਂ ਤੋਂ ਇਕੱਠੀ ਕੀਤੀ ਗਈ ਉਨ੍ਹਾਂ ਦੀ ਖੂੰਨ-ਪਸੀਨੇ ਦੀ ਕਮਾਈ ਦਾ ਵੀ ਹਿਸਾਬ ਦੇਣ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਇਕੱਠੇ ਕੀਤੇ ਗਏ ਕਰੋੜਾਂ ਰੁਪਏ ਉਨ੍ਹਾਂ ਕਿੱਥੇ ਖਰਚ ਕੀਤੇ ਹਨ।
ਨਾਲ ਹੀ ਉਨ੍ਹਾਂ ਕਿਹਾ ਕਿ ਫਾਈਵ ਸਟਾਰ ਹੋਟਲਾਂ ਵਿੱਚ ਠਹਿਰਣ ਵਾਲੇ ਅਰਵਿੰਦ ਕੇਜਰੀਵਾਲ ਅਤੇ ਮਹਿੰਗੀਆਂ ਗੱਡੀਆਂ ਵਿੱਚ ਘੁੰਮਣ ਵਾਲੇ ਭਗਵੰਤ ਮਾਨ ਕਦੇ ਵੀ ਆਮ ਆਦਮੀ ਦਾ ਚਿਹਰਾ ਨਹੀ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਥ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਕੀਤੇ ਗਏ ਕੰਮਾਂ ਲਈ ਸਾਨੂੰ ਬੜਬੋਲੇ ਭਗਵੰਤ ਮਾਨ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀ ਹੈ, ਉਨ੍ਹਾਂ ਕਿਹਾ ਪੰਜਾਬ ਦੇ ਲੋਕ ਸਾਡੇ ਵੱਲੋਂ ਕੀਤੇ ਗਏ ਕੰਮਾਂ ਨੂੰ ਭਲੀ- ਭਾਂਤ ਜਾਣਦੇ ਹਨ।
ਉਨ੍ਹਾਂ ਕਿਹਾ ਕਿ ਦਿੱਲੀ ਦੇ ਪ੍ਰਦੁਸ਼ਣ ਲਈ ਅਰਵਿੰਦ ਕੇਜਰੀਵਾਲ ਪੰਜਾਬ ਦੇ ਕਿਸਾਨਾਂ ਸਿਰ ਪਰਾਲੀ ਸਾੜਨ ਦਾ ਦੋਸ਼ ਕਈਂ ਵਾਰ ਮੜ ਚੁੱਕੇ ਹਨ ਅਤੇ ਪੰਜਾਬ ਦੇ ਪਾਣੀਆਂ ਦੇ ਮੁੱਦੇ `ਤੇ ਵੀ ਪੰਜਾਬ ਦਾ ਵਿਰੋਧ ਕਰ ਚੁੱਕੇ ਹਨ ਅਤੇ ਅਜਿਹਾ ਕਰਕੇ ਉਨ੍ਹਾਂ ਨੇ ਆਪਣਾ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ।