ਜਲੰਧਰ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸਿਆਸੀ ਅਖਾੜਾ ਗਰਮਾਉਂਦਾ ਜਾ ਰਿਹਾ ਹੈ। ਪੰਜਾਬ ਚੋਣਾਂ ਵਿੱਚ ਖੂਨੀ ਝੜਪ ਦੀ ਘਟਨਾ ਸਾਹਮਣੇ ਆਈ ਹੈ। ਜਲੰਧਰੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਵਿੱਚ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਤੋਂ ਬਾਅਦ ਰੈਲੀ ਵਿੱਚ ਹੜਕੰਪ ਮੱਚ ਗਿਆ। ਗੋਲੀ ਚੱਲਣ ਕਾਰਨ ਪੁਲਿਸ ਪ੍ਰਸ਼ਾਸਨ ਨੂੰ ਵੀ ਭਾਜੜਾਂ ਪੈ ਗਈਆਂ। ਇਸ ਘਟਨਾ ਵਿੱਚ ਜ਼ਖਮੀ ਨੂੰ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇੱਕ ਪਾਸੇ ਜਿੱਥੇ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਸ ਦੇ ਨਾਲ ਨਾਲ ਪੁਲਿਸ ਵੱਲੋਂ ਚੋਣਾਂ ਦੇ ਚੱਲਦੇ ਲੋਕਾਂ ਲਈ ਸੁਰੱਖਿਆ ਦਾ ਮਾਹੌਲ ਬਣਾਏ ਰੱਖਣ ਦੇ ਦਾਅਵੇ ਵੀ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਇਹ ਵੀ ਦਾਅਵੇ ਕੀਤੇ ਜਾ ਰਹੇ ਹਨ ਕਿ ਚੋਣਾਂ ਦੇ ਚੱਲਦੇ ਅਸਲ ਧਾਰਕਾਂ ਤੋਂ ਹਥਿਆਰ ਜਮਾ ਕਰਵਾ ਲਏ ਗਏ ਹਨ ਪਰ ਦੂਸਰੇ ਪਾਸੇ ਜਲੰਧਰ ਦੇ ਨਕੋਦਰ ਇਲਾਕੇ ਵਿੱਚ ਇੱਕ ਚੋਣ ਸਭਾ ਦੌਰਾਨ ਚੱਲੀ ਗੋਲੀ ਪੁਲਿਸ ਦੇ ਇਨ੍ਹਾਂ ਦਾਅਵਿਆਂ ਨੂੰ ਖੋਖਲਾ ਸਾਬਤ ਕਰ ਰਹੀ ਹੈ।