ਜਲੰਧਰ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਪੰਜਾਬ ਚੋਣਾਂ ਨੂੰ ਲੈਕੇ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਪੰਜਾਬ ਦੌਰੇ ਤੇ ਹਨ। ਜਲੰਧਰ ਵਿਖੇ ਵਰਚੁਅਲ ਰੈਲੀ ਨੂੰ ਸੰਬੋਧਨ ਕਰਦੇ ਸਮੇਂ ਰਾਹੁਲ ਗਾਂਧੀ ਦਾ ਸੀਐਮ ਚਿਹਰੇ ਨੂੰ ਲੈਕੇ ਬਿਆਨ ਸਾਹਮਣੇ ਆਇਆ ਹੈ।
ਸੀਐਮ ਚਿਹਰੇ ਦਾ ਫੈਸਲਾ ਵਰਕਰਾਂ ’ਤੇ ਛੱਡਿਆ
ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦਾ ਫ਼ੈਸਲਾ ਕਾਂਗਰਸੀ ਵਰਕਰ ਕਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਵਰਕਰਾਂ ਦੀ ਰਾਇ ਨਾਲ ਹੀ ਸੀਐਮ ਚਿਹਰੇ ਦਾ ਫੈਸਲਾ ਲਿਆ ਜਾਵੇਗਾ।
ਨਵਜੋਤ ਸਿੱਧੂ ਵੱਲੋਂ ਰਾਹੁਲ ਗਾਂਧੀ ਤੋਂ ਸੀਐਮ ਚਿਹਰੇ ਦੀ ਮੰਗ
ਦੱਸ ਦਈਏ ਕਿ ਰਾਹੁਲ ਗਾਂਧੀ ਨੇ ਜਲੰਧਰ ਦੇ ਮਿੱਠਾਪੁਰ ਵਿਖੇ ਵ੍ਹਾਈਟ ਡਾਇਮੰਡ ਹੋਟਲ ਤੋਂ ‘ਨਵੀਂ ਸੋਚ ਨਵਾਂ ਪੰਜਾਬ’ ਅਧੀਨ ਵਰਚੂਅਲ ਰੈਲੀ ਦੀ ਸ਼ੁਰੂਆਤ ਕੀਤੀ। ‘ਨਵੀਂ ਸੋਚ ਨਵਾਂ ਪੰਜਾਬ’ ਅਧੀਨ ਨਵਜੋਤ ਸਿੰਘ ਸਿੱਧੂ ਨੇ ਵਰਚੁਅਲ ਰੈਲੀ ਦੌਰਾਨ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਨਵੇਂ ਦੌਰ ’ਚ ਨਵੀਂ ਕਹਾਣੀ ਲਿਖੀ ਜਾਵੇਗੀ, ਜੋਕਿ ਰਾਹੁਲ ਗਾਂਧੀ ਦੀ ਜ਼ੁਬਾਨੀ ਹੋਵੇਗੀ। ਵਰਚੁਅਲ ਰੈਲੀ ਦੌਰਾਨ ਸਿੱਧੂ ਨੇ ਰਾਹੁਲ ਗਾਂਧੀ ਨੂੰ ਸਵਾਲ ਕੀਤੇ ਗਏ।
ਨਵਜੋਤ ਸਿੱਧੂ ਵੱਲੋਂ ਪੰਜਾਬ ਦੇ ਮਸਲਿਆਂ ਨੂੰ ਲੈਕੇ ਕਿਹਾ ਕਿ ਸਾਨੂੰ ਇੰਨ੍ਹਾਂ ਸੰਜੀਦਾ ਮਸਲਿਆਂ ਵਿੱਚੋਂ ਕੌਣ ਕੱਢੇਗਾ। ਸਿੱਧੂ ਵੱਲੋਂ ਆਪਣੇ ਸਵਾਲਾਂ ਵਿੱਚ ਕਰਜ਼ੇ ਦਾ ਜ਼ਿਕਰ ਕੀਤਾ ਗਿਆ ਹੈ। ਇਸਦੇ ਨਾਲ ਹੀ ਉਨ੍ਹਾਂ ਪਾਰਟੀ ਦੇ ਏਜੰਡਾ ਬਾਰੇ ਸਵਾਲ ਕੀਤਾ ਹੈ ਅਤੇ ਇਸ ਨੂੰ ਲਾਗੂ ਕਰਨ ਬਾਰੇ ਸਵਾਲ ਕੀਤਾ ਹੈ। ਇਸ ਮੌਕੇ ਨਵਜੋਤ ਸਿੱਧੂ ਨੇ ਰਾਹੁਲ ਨੂੰ ਇਹ ਸਵਾਲ ਵੀ ਕੀਤਾ ਹੈ ਕਿ ਇਸ ਏਜੰਡੇ ਨੂੰ ਲਾਗੂ ਕਰਨ ਵਾਲਾ ਚਿਹਰਾ ਕੌਣ ਹੋਵੇਗਾ।