ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਰਾਹੀਂ ਸਰਕਾਰ ਅਤੇ ਮੁੱਖਮੰਤਰੀ ਦੀ ਚੋਣ ਦੀ ਪ੍ਰਕਿਰਿਆ ਦੀ ਉਲਟੀ ਗਿਣਤੀ ਚੱਲ ਰਹੀ ਹੈ। 20 ਫਰਵਰੀ ਨੂੰ ਪੰਜਾਬ ਵਿੱਚ ਵੋਟਾਂ ਪੈਣੀਆਂ ਹਨ। ਇਸ ਵਾਰ ਪੰਜਾਬ ਵਿੱਚ ਪੰਜ-ਕੋਣਾ ਮੁਕਾਬਲਾ ਮੰਨਿਆ ਜਾ ਰਿਹਾ ਹੈ।
ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ, ਐਨ ਡੀ ਏ ਅਤੇ ਕਿਸਾਨਾਂ ਦੀ ਸੰਯੁਕਤ ਸਮਾਮ ਮੋਰਚਾ ਚੋਣ ਮੈਦਾਨ ਵਿੱਚ ਹਨ। ਬੇਸ਼ੱਕ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਹੈ ਅਤੇ ਅਕਾਲੀ ਦਲ ਦਾ ਮੁੱਖ ਮੰਤਰੀ ਦਾ ਚਿਹਰਾ ਵੀ ਲਗਭਗ ਸਪੱਸ਼ਟ ਹੀ ਹੈ। ਇਸਦੇ ਨਾਲ ਹੀ ਅਤੀਤ ਦੇ ਮੁੱਖ ਮੰਤਰੀ, ਉਨ੍ਹਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪਾਰਟੀਆਂ ਦੇ ਵਤੀਰੇ ਦੀ ਗੱਲ ਚੱਲ ਪਈ ਹੈ।
ਪੰਜਾਬ ਦੇ ਹੁਣ ਤੱਕ ਤੇ ਮੁੱਖ ਮੰਤਰੀਆਂ ਨੂੰ ਕਿਹੜੇ ਕੰਮਾਂ ਕਰਕੇ ਕੀਤਾ ਜਾਂਦਾ ਹੈ ਯਾਦ
ਆਜ਼ਾਦੀ ਤੋ ਪਹਿਲਾਂ ਪੰਜਾਬ ਪ੍ਰਾਂਤ ਦਾ ਉਸ ਸਮੇਂ ਲਾਹੌਰ ਵਿੱਚ ਹੈੱਡਕੁਆਰਟਰ ਸੀ। ਉਸ ਸਮੇਂ ਪੰਜਾਬ ਦੇ ਪ੍ਰਸ਼ਾਸਨਿਕ ਢਾਂਚੇ ਅਧੀਨ ਇੱਕ ਵਿਧਾਨ ਸਭਾ ਅਤੇ ਇੱਕ ਵਿਧਾਨ ਪ੍ਰੀਸ਼ਦ ਵਾਲੇ ਦੋ ਸਦਨ ਵਿਧਾਨ ਸਭਾ ਦੀ ਸਥਾਪਨਾ ਕੀਤੀ ਗਈ ਸੀ।
ਯੂਨੀਅਨਿਸਟ ਪਾਰਟੀ ਨੇ 1937 ਦੀਆਂ ਪੰਜਾਬ ਸੂਬਾਈ ਅਸੈਂਬਲੀ ਦੀਆਂ ਚੋਣਾਂ ਜਿੱਤੀਆਂ ਅਤੇ ਸਰ ਸਿਕੰਦਰ ਹਯਾਤ ਖਾਨ ਪੰਜਾਬ ਦੇ ਪ੍ਰੀਮੀਅਰ ਬਣ ਗਏ ਅਤੇ 1942 ਵਿੱਚ ਆਪਣੀ ਮੌਤ ਤੱਕ ਇਸ ਅਹੁਦੇ 'ਤੇ ਰਹੇ। ਖਾਨ ਤੋਂ ਬਾਅਦ ਪ੍ਰੀਮੀਅਰ ਦਾ ਸਥਾਨ ਸਰ ਖਿਜ਼ਰ ਟਿਵਾਣਾ ਨੇ ਸੰਭਾਲਿਆ। 1946 ਦੀਆਂ ਚੋਣਾਂ ਵਿੱਚ ਯੂਨੀਅਨਿਸਟ ਪਾਰਟੀ ਚੌਥੇ ਸਥਾਨ 'ਤੇ ਰਹੀ ਪਰ ਇੰਡੀਅਨ ਨੈਸ਼ਨਲ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਨ ਨਾਲ ਸਰ ਖਿਜ਼ਰ ਟਿਵਾਣਾ ਦੀ ਅਗਵਾਈ ਵਿੱਚ ਸਰਕਾਰ ਬਣੀ। ਟਿਵਾਣਾ ਨੇ ਬਾਅਦ ਵਿੱਚ ਭਾਰਤ ਦੀ ਵੰਡ ਦੇ ਫੈਸਲੇ ਦੇ ਖਿਲਾਫ਼ 2 ਮਾਰਚ 1947 ਨੂੰ ਅਸਤੀਫਾ ਦੇ ਦਿੱਤਾ।
ਪਟਿਆਲਾ ਅਤੇ ਈਸਟ ਪੰਜਾਬ ਸਟੇਟਸ ਯੂਨੀਅਨ
ਪਟਿਆਲਾ ਅਤੇ ਈਸਟ ਪੰਜਾਬ ਸਟੇਟਸ ਯੂਨੀਅਨ ਜਾਂ ਪੈਪਸੂ ਇੱਕ ਭਾਰਤੀ ਰਾਜ ਸੀ, ਜੋ ਕਿ ਭਾਰਤ–ਪਾਕਿਸਤਾਨ ਵੰਡ ਤੋਂ ਬਾਅਦ ਪੰਜਾਬ ਦੀਆਂ ਸਰਹੱਦ ਨਾਲ ਲੱਗਦੀਆਂ ਅੱਠ ਰਿਆਸਤਾਂ ਨੂੰ ਜੋੜ ਕੇ ਬਣਾਇਆ ਗਿਆ ਸੀ ਜੋ ਕਿ ਰਸਮੀ ਤੌਰ ‘ਤੇ 1950 ਵਿੱਚ ਇੱਕ ਰਿਆਸਤ ਬਣ ਗਈ ਸੀ। ਇੰਨ੍ਹਾਂ ਰਿਆਸਤਾਂ ਵਿੱਚੋਂ, ਛੇ ਸਲਾਮੀ ਰਾਜ ਸਨ:- ਪਟਿਆਲਾ, ਜੀਂਦ, ਕਪੂਰਥਲਾ, ਨਾਭਾ, ਫਰੀਦਕੋਟ ਅਤੇ ਮਲੇਰਕੋਟਲਾ। ਦੂਜੇ ਦੋ ਰਾਜ ਨਾਲਾਗੜ੍ਹ ਅਤੇ ਕਲਸੀਆ ਸਨ। ਪੈਪਸੂ ਦੀ ਅਗਵਾਈ ਪਹਿਲਾਂ ਪ੍ਰੀਮੀਅਰ ਦੁਆਰਾ ਕੀਤੀ ਜਾਂਦੀ ਸੀ, 1952 ਤੋਂ ਮੁੱਖ ਮੰਤਰੀ ਸਰਕਾਰ ਦੇ ਮੁਖੀ ਬਣੇ। 1 ਨਵੰਬਰ 1956 ਨੂੰ, ਪੈਪਸੂ ਨੂੰ ਰਾਜ ਪੁਨਰਗਠਨ ਐਕਟ, 1956 ਦੇ ਬਾਅਦ ਪੰਜਾਬ ਵਿੱਚ ਮਿਲਾ ਦਿੱਤਾ ਗਿਆ ਸੀ।
ਪੰਜਾਬ ਦੇ ਪਹਿਲੇ ਮੁੱਖ ਮੰਤਰੀ
ਗੋਪੀ ਚੰਦ ਭਾਰਗਵ ਨੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਵਜੋਂ 15 ਅਗਸਤ 1947 ਨੂੰ ਕਾਰਜ–ਭਾਰ ਸੰਭਾਲਿਆ ਸੀ ਉਸ ਸਮੇਂ ਪੰਜਾਬ ਵਿੱਚ ਹਿਮਾਚਲ ਅਤੇ ਹਰਿਆਣਾ ਵੀ ਸ਼ਾਮਲ ਸੀ। ਆਜ਼ਾਦੀ ਤੋ ਲੈ ਕੇ ਹੁਣ ਤੱਕ ਦੇ ਪੰਜਾਬ ਦੇ ਰਾਜਨੀਤਿਕ 75 ਸਾਲਾਂ ਦੇ ਸਫ਼ਰ ਦੌਰਾਨ 16 ਮੁੱਖ ਮੰਤਰੀ ਬਣੇ, ਜਿੰਨ੍ਹਾਂ ਵਿੱਚ 13 ਮੁੱਖ ਮੰਤਰੀ ਸਿੱਖ ਰਹੇ ਅਤੇ ਬਾਕੀ ਤਿੰਨ ਹਿੰਦੂ ਸਨ। ਬੀਬੀ ਰਾਜਿੰਦਰ ਕੌਰ ਭੱਠਲ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਸੀ ਜਦਕਿ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਬਣੇ।
ਪੰਜਾਬ ਚ ਸਭ ਤੋਂ ਵੱਧ ਰਾਜ ਕਰਨ ਵਾਲੇ ਮੁੱਖ ਮੰਤਰੀ
ਸਭ ਤੋਂ ਵੱਧ ਰਾਜ ਕਰਨ ਦਾ ਸੁਭਾਗ ਪ੍ਰਕਾਸ਼ ਸਿੰਘ ਬਾਦਲ ਨੂੰ ਹੋਇਆ। ਤਿੰਨ ਵਾਰ ਮੁੱਖਮੰਤਰੀ ਬਣਨ ਵਾਲੇ ਗੋਪੀ ਚੰਦ ਭਾਰਗਵ 1964 ਵਿੱਚ ਸਿਰਫ 15 ਦਿਨ ਦੇ ਮੁਖਮੰਤਰੀ ਬਣੇ ਜਦਕਿ 1966 ਤੋ ਬਾਅਦ ਭਾਸ਼ਾਈ ਆਧਾਰ ‘ਤੇ ਪੰਜਾਬੀ ਸੂਬੇ ਦੀ ਵੰਡ ਤੋ ਬਾਅਦ ਬੀਬੀ ਰਾਜਿੰਦਰ ਕੌਰ ਭੱਠਲ ਅਜਿਹੀ ਮੁੱਖਮੰਤਰੀ ਸੀ , ਜੋ ਸਿਰਫ 82 ਦਿਨ ਮੁੱਖ ਮੰਤਰੀ ਰਹੇ ਸਨ।
ਪ੍ਰਕਾਸ਼ ਸਿੰਘ ਬਾਦਲ ਪਹਿਲੀ ਵਾਰ 20 ਮਾਰਚ, 1970 ਤੋਂ 26 ਜੂਨ 1971 ਤੱਕ ਸਵਾ ਸਾਲ ਮੁੱਖ ਮੰਤਰੀ ਰਹੇ। ਫਿਰ 20 ਜੂਨ 1977 ਤੋਂ 17 ਫਰਵਰੀ 1980 ਤੱਕ 2 ਸਾਲ 8 ਮਹੀਨੇ, ਤੀਜੀ ਵਾਰ 11 ਫਰਵਰੀ 1997 ਤੋਂ 25 ਫਰਵਰੀ 2002 ਤੱਕ ਪੰਜ ਸਾਲ ਅਤੇ ਮੁੜ ਇੱਕ ਮਾਰਚ 2007 ਤੋਂ 16 ਮਾਰਚ 2017 ਤੱਕ ਲਗਾਤਾਰ ਦਸ ਸਾਲ ਤੱਕ ਦੋ ਪਾਰੀਆਂ ਹੰਢਾਈਆਂ। ਉਹ 19 ਸਾਲ ਮੁੱਖ ਮੰਤਰੀ ਰਹੇ ਹਨ।
ਸਾਢੇ 9 ਸਾਲ ਮੁੱਖ ਮੰਤਰੀ ਰਹਿਣ ਵਾਲੇ ਕੈਪਟਨ ਅਮਰਿੰਦਰ ਸਿੰਘ
ਕੈਪਟਨ ਅਮਰਿੰਦਰ ਸਿੰਘ ਦੋ ਵਾਰੀ ’ਚ ਸਾਢੇ 9 ਸਾਲ ਮੁੱਖ ਮੰਤਰੀ ਰਹੇ ਹਨ। ਪਹਿਲੀ ਵਾਰ 26 ਫਰਵਰੀ, 2002 ਤੋਂ ਮਾਰਚ, 2007 ਤੱਕ ਅਤੇ ਫਿਰ 16 ਮਾਰਚ, 2017 ਤੋਂ 20 ਸਤੰਬਰ, 2021 ਤੱਕ ਮੁੱਖ ਮੰਤਰੀ ਰਹੇ। ਪੰਜ ਸਾਲ ਮੁੱਖ ਮੰਤਰੀ ਰਹੇ ਗਿਆਨੀ ਜ਼ੈਲ ਸਿੰਘ ਦਾ ਕਾਰਜਕਾਲ 17 ਮਾਰਚ, 1972 ਤੋਂ 30 ਅਪਰੈਲ, 1977 ਤੱਕ ਦਾ ਹੈ।
1966 ਤੋਂ ਬਾਅਦ ਪੰਜਾਬ ਦੇ ਪਹਿਲੇ ਮੁੱਖ ਮੰਤਰੀ
ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗੁਰਮੁਖ ਸਿੰਘ ਮੁਸਾਫ਼ਰ ਦਾ ਕਾਰਜਕਾਲ ਇੱਕ ਨਵੰਬਰ, 1966 ਤੋਂ 8 ਮਾਰਚ, 1967 ਤੱਕ ਅੱਠ ਮਹੀਨੇ ਰਿਹਾ। ਦੂਜੇ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਦਾ ਦੋ ਵਾਰੀਆਂ ਵਿੱਚ ਇੱਕ ਸਾਲ 10 ਮਹੀਨੇ ਦਾ ਕਾਰਜਕਾਲ ਰਿਹਾ। ਪਹਿਲੀ ਵਾਰ ਉਹ 8 ਮਾਰਚ 1967 ਤੋਂ 25 ਨਵੰਬਰ, 1967 ਤੱਕ 9 ਮਹੀਨੇ ਅਤੇ ਦੂਜੀ ਵਾਰ 11 ਫਰਵਰੀ, 1969 ਤੋਂ 27 ਮਾਰਚ, 1970 ਤੱਕ 13 ਕੁ ਮਹੀਨੇ ਮੁੱਖ ਮੰਤਰੀ ਰਹੇ।
ਲਛਮਣ ਸਿੰਘ ਗਿੱਲ 9 ਮਹੀਨੇ ਮੁੱਖ ਮੰਤਰੀ ਰਹੇ
ਲਛਮਣ ਸਿੰਘ ਗਿੱਲ 9 ਮਹੀਨੇ ਮੁੱਖ ਮੰਤਰੀ ਰਹੇ ਅਤੇ ਉਨ੍ਹਾਂ ਦਾ ਕਾਰਜਕਾਲ 25 ਨਵੰਬਰ, 1967 ਤੋਂ 23 ਅਗਸਤ, 1968 ਤੱਕ ਰਿਹਾ। ਦਰਬਾਰਾ ਸਿੰਘ 3 ਸਾਲ 4 ਮਹੀਨੇ 6 ਜੂਨ, 1980 ਤੋਂ 7 ਅਕਤੂਬਰ, 1983 ਤੱਕ ਅਤੇ ਸੁਰਜੀਤ ਸਿੰਘ ਬਰਨਾਲਾ ਪੌਣੇ ਦੋ ਸਾਲ 29 ਸਤੰਬਰ, 1985 ਤੋਂ 11 ਜੂਨ, 1987 ਤੱਕ ਮੁੱਖ ਮੰਤਰੀ ਰਹੇ। ਬੇਅੰਤ ਸਿੰਘ ਸਾਢੇ ਤਿੰਨ ਸਾਲ 25 ਫਰਵਰੀ, 1992 ਤੋਂ 31 ਅਗਸਤ, 1995 ਅਤੇ ਬੇਅੰਤ ਸਿੰਘ ਦੀ ਹੱਤਿਆ ਮਗਰੋਂ ਹਰਚਰਨ ਸਿੰਘ ਬਰਾੜ ਸਵਾ ਕੁ ਸਾਲ ਮੁੱਖ ਮੰਤਰੀ ਰਹੇ। ਉਨ੍ਹਾਂ ਦਾ ਕਾਰਜਕਾਲ 31 ਅਗਸਤ, 1995 ਤੋਂ 21 ਨਵੰਬਰ, 1996 ਤੱਕ ਸੀ।
ਪੰਜਾਬ ਦੀ ਇੱਕੋ-ਇੱਕ ਮਹਿਲਾ ਮੁੱਖ ਮੰਤਰੀ
12ਵੇਂ ਮੁੱਖ ਮੰਤਰੀ ਵਜੋਂ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਭਾਵੇਂ ਕਿ ਪੰਜਾਬ ਦੇ ਇੱਕੋ-ਇੱਕ ਮਹਿਲਾ ਮੁੱਖ ਮੰਤਰੀ ਹੋਣ ਦਾ ਮਾਣ ਹਾਸਲ ਹੈ ਪਰ ਉਨ੍ਹਾਂ ਦਾ ਕਾਰਜਕਾਲ ਪੰਜਾਬ ਦੇ ਸਮੂਹ ਮੁੱਖ ਮੰਤਰੀਆਂ ਵਿੱਚੋਂ ਸਭ ਤੋਂ ਛੋਟਾ ਸਿਰਫ਼ 82 ਦਿਨ ਦਾ ਰਿਹਾ। ਬੀਬੀ ਭੱਠਲ 21 ਨਵੰਬਰ, 1996 ਤੋਂ 11 ਫਰਵਰੀ, 1997 ਤੱਕ ਸੂਬੇ ਦੇ ਮੁੱਖ ਮੰਤਰੀ ਰਹੇ। ਅਸਲ ਵਿੱਚ ਅੱਤਵਾਦ ਦੇ ਦੌਰ ’ਚ ਬਣੀ ਇਹ ਕਾਂਗਰਸ ਦੀ ਅਜਿਹੀ ਸਰਕਾਰ ਸੀ, ਜਿਸ ਦੌਰਾਨ ਤਿੰਨ ਮੁੱਖ ਮੰਤਰੀ ਬਣੇ। ਸਾਢੇ ਤਿੰਨ ਸਾਲਾਂ ਮਗਰੋਂ ਬੇਅੰਤ ਸਿੰਘ ਦੀ ਹੱਤਿਆ ਮਗਰੋਂ ਸਵਾ ਕੁ ਸਾਲ ਹਰਚਰਨ ਬਰਾੜ ਤੇ ਫਿਰ 82 ਦਿਨਾਂ ਲਈ ਬੀਬੀ ਭੱਠਲ ਇਸ ਕੁਰਸੀ ’ਤੇ ਰਹੇ।