ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਨੂੰ ਲੈ ਕੇ ਇੱਕ ਪਾਸੇ ਸਿਆਸੀ ਹਲਚਲ ਜਾਰੀ ਹੈ। ਇਸ ਸਭ ਦੇ ਵਿਚਕਾਰ ਇੱਕ ਵਾਰ ਫਿਰ ਚੋਣਾਂ ਦੌਰਾਨ ਬੇਅਦਬੀ ਦਾ ਮਾਮਲਾ ਸੁਰਖੀਆਂ ਵਿੱਚ ਆ ਗਿਆ ਹੈ। ਪਟਿਆਲਾ ਦੇ ਕਾਲੀ ਮਾਤਾ ਮੰਦਿਰ ਵਿੱਚ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਨੌਜਵਾਨ ਨੇ ਕਾਲੀ ਮੰਦਰ ਵਿੱਚ ਜਾ ਕੇ ਮੂਰਤੀ ਨੂੰ ਛੂਹਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਤੋਂ ਬਾਅਦ ਨੌਜਵਾਨ ਨੂੰ ਪੁਜਾਰੀਆਂ ਨੇ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।
ਪੰਜਾਬ ਦਾ ਸਿਆਸੀ ਮਾਹੌਲ ਇਸ ਵਾਰ ਬਦਲ ਗਿਆ ਹੈ। ਕਈ ਪਾਰਟੀਆਂ ਮੈਦਾਨ ਵਿੱਚ ਹਨ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਵੋਟਾਂ ਵੰਡੀਆਂ ਜਾਣਗੀਆਂ। ਅਜਿਹੇ 'ਚ ਵੋਟਾਂ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਤਾਜ਼ਾ ਘਟਨਾਵਾਂ ਇਸ ਦਿਸ਼ਾ ਵੱਲ ਇਸ਼ਾਰਾ ਕਰਦੀਆਂ ਜਾਪਦੀਆਂ ਹਨ। ਪੰਜਾਬ ਵਿੱਚ ਧਰੁਵੀਕਰਨ ਦੇ ਅਰਥ ਬਾਕੀ ਸੂਬਿਆਂ ਨਾਲੋਂ ਵੱਖਰੇ ਹਨ। ਇੱਥੇ ਮੁਸਲਿਮ ਵੋਟਰਾਂ ਵਿੱਚ ਧਰੁਵੀਕਰਨ ਦਾ ਪ੍ਰਭਾਵ ਸਰਕਾਰ ਬਣਾਉਣ ਅਤੇ ਵਿਗਾੜਨ ਵਿੱਚ ਘੱਟ ਹੈ। ਇੱਥੇ ਸਿਰਫ ਹਿੰਦੂ, ਦਲਿਤ ਅਤੇ ਸਿੱਖ ਵੋਟਰਾਂ ਦਾ ਧਰੁਵੀਕਰਨ ਹੁੰਦਾ ਹੈ।
ਕਿਹੜੇ ਭਾਈਚਾਰੇ ਦੀ ਕਿੰਨ੍ਹੇ ਫੀਸਦ ਆਬਾਦੀ ਜੇਕਰ 2017 ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਇੱਥੇ ਕਾਂਗਰਸ ਦੀ ਸਰਕਾਰ ਉਦੋਂ ਹੀ ਬਣੀ ਸੀ ਜਦੋਂ ਅੱਧੇ ਤੋਂ ਵੱਧ ਦਲਿਤ ਅਤੇ ਗੈਰ-ਦਲਿਤ ਵੋਟਾਂ ਕਾਂਗਰਸ ਨੂੰ ਪਈਆਂ। ਓਬੀਸੀ ਅਤੇ ਸਿੱਖਾਂ ਨੇ ਕਾਂਗਰਸ ਨੂੰ ਵੋਟਾਂ ਪਾਈਆਂ। ਜਦੋਂ ਪੰਥਕ ਸੀਟਾਂ 'ਤੇ ਅਕਾਲੀਆਂ ਦੀ ਸਥਿਤੀ ਕਮਜ਼ੋਰ ਹੋ ਗਈ ਸੀ ਤਾਂ ਇਹ ਸਾਰੀਆਂ ਵੋਟਾਂ ਕਾਂਗਰਸ ਦੇ ਝੋਲੀ 'ਚ ਜਾ ਡਿੱਗੀਆਂ ਸਨ। ਸੁਖਜਿੰਦਰ ਰੰਧਾਵਾ, ਜੋ ਕਿ ਜੱਟ ਸਿੱਖ ਹਨ, ਨੂੰ ਡਿਪਟੀ ਸੀਐਮ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਹਿੰਦੂ ਡਿਪਟੀ ਸੀਐਮ ਓਪੀ ਸੋਨੀ ਨੂੰ ਬਣਾਇਆ। ਜੱਟ ਸਿੱਖ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਸੂਬਾ ਪ੍ਰਧਾਨ ਬਣਾਇਆ ਗਿਆ।
ਹਿੰਦੂ ਵੋਟਰ ਅਤੇ ਸਿੱਖ ਵੋਟਰਾਂ ਵਿਚਕਾਰ ਧਰੁਵੀਕਰਨ ਦੀ ਕੋਸ਼ਿਸ਼
ਬੇਅਦਬੀ ਦਾ ਮੁੱਦਾ ਪੰਜਾਬ ਵਿੱਚ ਪਹਿਲਾਂ ਹੀ ਹੈ। ਇਸੇ ਕਰਕੇ ਅਕਾਲੀਆਂ ਦੀ ਸਰਕਾਰ ਖੁੱਸ ਗਈ ਪਰ ਕਾਂਗਰਸ ਬੇਅਦਬੀ ਦੇ ਮੁੱਦੇ 'ਤੇ ਕੁਝ ਨਹੀਂ ਕਰ ਸਕੀ। ਹੁਣ ਇਸ ਮੁੱਦੇ ਨੂੰ ਤੂਲ ਦੇਣ ਲਈ ਇੱਕ ਵਿਅਕਤੀ ਨੇ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ। ਅਜਿਹੀ ਹੀ ਇੱਕ ਘਟਨਾ ਪਾਟੀਆ ਦੇ ਕਾਲੀ ਮਾਤਾ ਮੰਦਰ ਵਿੱਚ ਵੀ ਵਾਪਰੀ। ਇੱਕ ਘਟਨਾ ਸਿੱਖਾਂ ਅਤੇ ਦੂਜੀ ਹਿੰਦੂ ਵੋਟਰਾਂ ਨਾਲ ਸਬੰਧਿਤ ਹੈ।
ਕਿਹੜੇ ਭਾਈਚਾਰੇ ਦੀ ਕਿੰਨ੍ਹੀ ਵੋਟ ਪੰਜਾਬ ’ਚ ਕਿਹੜੇ ਭਾਈਚਾਰੇ ਦੀ ਕਿੰਨ੍ਹੇ ਫੀਸਦ ਆਬਾਦੀ ?
ਜੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ 2012 ਦੇ ਹਿਸਾਬ ਨਾਲ ਪੰਜਾਬ ਦੀ ਕੁੱਲ ਆਬਾਦੀ 2.8 ਕਰੋੜ ਹੈ। ਪੰਜਾਬ ਵਿੱਚ ਸਿੱਖਾਂ ਦੀ ਕੁੱਲ ਆਬਾਦੀ 58.08 ਫੀਸਦੀ, 1,49,92,800 ਹੈ। ਇਸ ਦੇ ਨਾਲ ਹੀ ਹਿੰਦੂ ਆਬਾਦੀ 37.92 ਫੀਸਦੀ 87,98,942, ਮੁਸਲਿਮ ਆਬਾਦੀ 1.93 ਪ੍ਰਤੀਸ਼ਤ 3,82045, ਈਸਾਈ ਆਬਾਦੀ 1.26 ਫੀਸਦ 2,92,800, ਬੋਧੀ ਆਬਾਦੀ 0.12 ਪ੍ਰਤੀਸ਼ਤ 41,487, ਜੈਨ ਆਬਾਦੀ 0.16 ਪ੍ਰਤੀਸ਼ਤ 39276 ਤੇ ਹੋਰ ਆਬਾਦੀ 0.04 ਪ੍ਰਤੀਸ਼ਤ 8594 ਹੈ। 23 ਵਿੱਚੋਂ 18 ਜ਼ਿਲ੍ਹਿਆਂ ਵਿੱਚ ਸਿੱਖ ਬਹੁਗਿਣਤੀ ਵਿੱਚ ਹਨ।
ਕਿਹੜੇ ਭਾਈਚਾਰੇ ਦੀ ਕਿੰਨ੍ਹੀ ਵੋਟ ?
ਪੰਜਾਬ ਵਿੱਚ ਕੁੱਲ ਵੋਟਰ 2 ਕਰੋੜ 29 ਹਜ਼ਾਰ 646 ਹਨ। ਜਿਹਨਾਂ ਵਿੱਚ 33 ਫੀਸਦੀ ਅਨੁਸੂਚਿਤ ਜਾਤੀ ਵੋਟਰ ਹਨ। ਇੰਨ੍ਹਾਂ ਵਿੱਚ ਹਿੰਦੂ ਅਤੇ ਸਿੱਖ ਦੋਵੇਂ ਸ਼ਾਮਲ ਹਨ। ਇਸ ਦੇ ਨਾਲ ਹੀ 38 ਫੀਸਦੀ ਹਿੰਦੂ ਵੋਟ ਬੈਂਕ, 19 ਫੀਸਦੀ ਜੱਟ ਸਿੱਖ ਵੋਟਰ, 31.94 ਫੀਸਦ ਅਨੁਸੂਚਿਤ ਜਾਤੀ ਵੋਟ ਬੈਂਕ, ਜਦਕਿ 10.57 ਹੋਰ ਵੋਟਰ ਹਨ।
ਸਰਕਾਰ ਬਣਾਉਣ ’ਚ ਹਿੰਦੂ ਵੋਟ ਬੈਂਕ ਕਿੰਨ੍ਹਾ ਕਾਰਗਰ ?
ਪੰਜਾਬ ਦੀ ਸਿਆਸਤ ਵਿੱਚ ਇਹ ਵੀ ਦੇਖਿਆ ਗਿਆ ਹੈ ਕਿ ਜਿਸ ਪਾਰਟੀ ਵਿੱਚ ਹਿੰਦੂ ਵੋਟ ਬੈਂਕ ਜਾਂਦਾ ਹੈ, ਉਸ ਦੀ ਸਰਕਾਰ ਬਣਦੀ ਹੈ। ਸੁਖਬੀਰ ਸਿੰਘ ਬਾਦਲ ਹਿੰਦੂ ਵੋਟ ਬੈਂਕ ਬਣਾਉਣ ਲਈ ਹਿੰਦੂਤਵ ਅਕਸ ਨੂੰ ਪਹਿਲ ਦੇ ਰਹੇ ਹਨ ਕਿਉਂਕਿ ਭਾਜਪਾ ਨਾਲ ਗੱਠਜੋੜ ਕਰਕੇ ਉਹ ਬਿਨਾਂ ਮਿਹਨਤ ਤੋਂ ਹਿੰਦੂ ਭਾਈਚਾਰੇ ਦੀਆਂ ਵੋਟਾਂ ਹਾਸਿਲ ਕਰਦੇ ਸਨ।
ਪਟਿਆਲਾ ਬੇਅਦਬੀ ਘਟਨਾ ’ਤੇ ਸਿਆਸੀ ਬਵਾਲ ਭਾਜਪਾ ਨੇ ਪੰਜਾਬ ਦੀਆਂ ਉਨ੍ਹਾਂ ਸੀਟਾਂ ਨੂੰ ਚੁਣਿਆ ਹੈ ਜਿੱਥੇ ਹਿੰਦੂ ਅਤੇ ਦਲਿਤ ਆਬਾਦੀ 60 ਫੀਸਦੀ ਤੋਂ ਵੱਧ ਹੈ। ਪੰਜਾਬ ਵਿੱਚ 73 ਵਿਧਾਨ ਸਭਾ ਸੀਟਾਂ ਹਨ ਜਿੱਥੇ ਹਿੰਦੂ ਅਤੇ ਦਲਿਤ ਵੋਟਰਾਂ ਦੀ ਭੂਮਿਕਾ ਅਹਿਮ ਰਹਿੰਦੀ ਹੈ। ਭਾਰਤੀ ਜਨਤਾ ਪਾਰਟੀ ਦੀ ਨਜ਼ਰ 45 ਸੀਟਾਂ 'ਤੇ ਹੈ ਜਿੱਥੇ ਹਿੰਦੂ ਆਬਾਦੀ 60 ਫੀਸਦੀ ਤੋਂ ਵੱਧ ਹੈ। ਇਸ ਤੋਂ ਇਲਾਵਾ 28 ਅਜਿਹੀਆਂ ਸੀਟਾਂ ਹਨ ਜਿੱਥੇ ਹਿੰਦੂ ਅਤੇ ਦਲਿਤਾਂ ਦੀ ਆਬਾਦੀ 60 ਫੀਸਦੀ ਤੋਂ ਵੱਧ ਹੈ।
ਪੰਜਾਬ 'ਚ ਕਿਵੇਂ ਹੋ ਰਿਹਾ ਧਰੁਵੀਕਰਨ ?
ਮਲੇਰਕੋਟਲਾ ਇਲਾਕਾ ਜਿੱਥੇ ਹਿੰਦੂ ਮੁਸਲਿਮ ਵੋਟਾਂ ਦਾ ਧਰੁਵੀਕਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਸਾਬਕਾ ਡੀਜੀਪੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਦੇ ਸਲਾਹਕਾਰ ਮੁਹੰਮਦ ਮੁਸਤਫਾ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਸਨ। ਉਨ੍ਹਾਂ ਦੀ ਭੜਕਾਹਟ ਭਰੀ ਵੀਡੀਓ ਮਲੇਰਕੋਟਲਾ ਦੀ ਸੀ। ਅਜਿਹੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਕੀ ਇਹ ਕਿਸ ਤਰੀਕੇ ਨਾਲ ਚੋਣਾਂ ਦੇ ਹਾਲਾਤ ਬਦਲਣ ਜਾ ਰਹੇ ਹਨ ਕੀ ਪੰਜਾਬ ਦੀ ਰਾਜਨੀਤੀ ਨੂੰ ਧਰੁਵੀਕਰਨ ਵੱਲ ਲਿਜਾਇਆ ਜਾ ਰਿਹਾ ਹੈ ?
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬੇਅਦਬੀ ਦੀ ਗੂੰਜ !
ਪਟਿਆਲਾ 'ਚ ਇਸ ਬੇਅਦਬੀ ਤੋਂ ਬਾਅਦ ਜਿੱਥੇ ਹਿੰਦੂ ਸੰਗਠਨ ਇਸ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਇਸ ਮਾਮਲੇ ਨੂੰ ਲੈਕੇ ਹੁਣ ਸਿਆਸਤ ਭਖਦੀ ਜਾ ਰਹੀ ਹੈ ਪਰ ਸਵਾਲ ਇਹ ਹੈ ਕਿ ਪਟਿਆਲੇ ਦੇ ਕਾਲੀ ਮੰਦਿਰ 'ਚ ਹੋਏ ਇਸ ਬੇਅਦਬੀ ਨਾਲ ਨਫ਼ਾ-ਨੁਕਸਾਨ ਕਿਸ ਨੂੰ ਹੋ ਰਿਹਾ ਹੈ। ਕੁਝ ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਚ ਬੇਅਦਬੀ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਜਿੱਥੇ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇੰਨ੍ਹਾਂ ਹੀ ਨਹੀਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੇਅਦਬੀ ਦਾ ਮੁੱਦਾ ਸਿਆਸੀ ਗਲਿਆਰਿਆਂ ਵਿੱਚ ਗੂੰਜਦਾ ਰਿਹਾ। ਹੁਣ 2022 ਦੀਆ ਚੋਣਾਂ ਵਿੱਚ ਮੁੜ ਬੇਅਦਬੀ ਦਾ ਮੁੱਦਾ ਭਖਦਾ ਨਜ਼ਰ ਆ ਰਿਹਾ ਹੈ।
ਜ਼ਮੀਨੀ ਹਕੀਕਤ ਨਾਲ ਨਹੀਂ ਕਿਸੇ ਨੂੰ ਸਰੋਕਾਰ!
ਬੇਅਦਬੀ ਦੀਆਂ ਅਜਿਹੀਆਂ ਘਟਨਾਵਾਂ ਕਾਰਨ ਇੱਕ ਵਾਰ ਫਿਰ ਪੰਜਾਬ ਦੀ ਸਿਆਸਤ ਵੀ ਧਾਰਮਿਕ ਰੰਗ ਵਿੱਚ ਰੰਗੀ ਨਜ਼ਰ ਆ ਰਹੀ ਹੈ। ਇਸ ਨੂੰ ਦੇਖ ਕੇ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਿਆਸੀ ਆਗੂ ਜ਼ਮੀਨੀ ਹਕੀਕਤ ਨੂੰ ਵੇਖੇ ਬਿਨਾਂ ਹੀ ਮਾਮਲੇ ਨੂੰ ਸਿਆਸੀ ਰੰਗ ਵਿੱਚ ਰੰਗਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ ਤਾਂ ਗੱਲ ਸਿਆਸੀ ਰੰਗਤ ਦੀ ਹੈ ਤੇ ਉਹ ਵੀ ਚੋਣਾਂ ਸਮੇਂ ਅਜਿਹੇ ਮਾਮਲਿਆਂ ਨਾਲ ਧਰੁਵੀਕਰਨ ਦੀ ਸਿਆਸਤ ਕਰਨ ਵਿਚ ਵੀ ਆਗੂ ਪਿੱਛੇ ਨਹੀਂ ਰਹਿੰਦੇ।
ਬੇਅਦਬੀ ਨੂੰ ਲੈ ਕੇ ਹੋ ਰਹੇ ਸਵਾਲ ਖੜ੍ਹੇ
ਸਵਾਲ ਇਹ ਹੈ ਕਿ ਕੀ ਕਾਲੀ ਮਾਤਾ ਦੇ ਮੰਦਰ 'ਚ ਹੋਈ ਇਸ ਬੇਅਦਬੀ ਦਾ ਪੰਜਾਬ ਦੀ ਰਾਜਨੀਤੀ 'ਤੇ ਕੋਈ ਅਸਰ ਪਵੇਗਾ? ਕੀ ਪਟਿਆਲੇ ਕਾਲੀ ਮੰਦਿਰ ਨੂੰ ਬੇਅਦਬੀ ਲਈ ਕਿਸੇ ਮਕਸਦ ਲਈ ਚੁਣਿਆ ਗਿਆ ਸੀ ? ਸਵਾਲ ਇਹ ਵੀ ਹੈ ਕਿ ਕੀ ਅਜਿਹੇ ਮਾਮਲਿਆਂ ਨਾਲ ਧਰੁਵੀਕਰਨ ਦੀ ਰਾਜਨੀਤੀ ਕਰਨ ਵਾਲੀਆਂ ਪਾਰਟੀਆਂ ਨੂੰ ਕੋਈ ਫਾਇਦਾ ਹੋਵੇਗਾ ? ਇਸ ਦੇ ਨਾਲ ਹੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਇਹੀ ਪਾਰਟੀਆਂ ਇਸ ਨੂੰ ਸਿਆਸੀ ਰੰਗ ਦੇਣਗੀਆਂ ? ਪਟਿਆਲਾ 'ਚ ਵਾਪਰੀ ਘਟਨਾ ਤੋਂ ਬਾਅਦ ਅਜਿਹੇ ਕਈ ਸਵਾਲ ਹਨ ਜੋ ਸਿਆਸੀ ਗਲਿਆਰਿਆਂ 'ਚ ਹੀ ਨਹੀਂ ਸਗੋਂ ਸ਼ਹਿਰਾਂ ਤੋਂ ਲੈਕੇ ਪਿੰਡਾਂ ਦੀਆਂ ਸੱਥਾਂ 'ਚ ਵੀ ਉੱਠ ਰਹੇ ਹਨ।
ਬੇਅਦਬੀ ਨੂੰ ਦਿੱਤੀ ਜਾ ਰਹੀ ਸਿਆਸੀ ਰੰਗਤ !
ਹਰ ਸਿਆਸੀ ਪਾਰਟੀ ਬੇਅਦਬੀ 'ਤੇ ਆਪਣਾ-ਆਪਣਾ ਨਫਾ-ਨੁਕਸਾਨ ਜੋੜ ਕੇ ਪ੍ਰਤੀਕਿਰਿਆ ਦੇ ਰਹੀ ਹੈ। ਕੀ ਕਾਂਗਰਸ ਸੱਤਾ ਵਿੱਚ ਬੈਠੀ ਹੈ, ਕੀ ਵਿਰੋਧੀ ਧਿਰ ਵਿੱਚ ਬੈਠੀ ਆਮ ਆਦਮੀ ਪਾਰਟੀ, ਕੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਾਰੇ ਇਸ ਮਾਮਲੇ ਵਿੱਚ ਆਪੋ-ਆਪਣੇ ਹਿਸਾਬ ਨਾਲ ਬੋਲ ਰਹੇ ਹਨ। ਜਿਸ ਤੋਂ ਇਹ ਅੰਦਾਜ਼ਾ ਲਗਾਉਣਾ ਔਖਾ ਨਹੀਂ ਹੈ ਕਿ ਇਹ ਮਾਮਲਾ ਹੁਣ ਸਿਆਸੀ ਰੰਗ ਲੈ ਚੁੱਕਾ ਹੈ। ਇਸ ਦੇ ਨਾਲ ਹੀ ਰਾਜਨੀਤਿਕ ਮਾਹਿਰਾ ਦਾ ਮੰਨਣਾ ਹੈ ਕਿ ਜੇਕਰ ਬੇਅਦਬੀ ਹੋਵੇਗੀ ਤਾਂ ਰਾਜਨੀਤੀ ਵੀ ਹੋਵੇਗੀ। ਭਾਵੇਂ ਜਾਂਚ ਤੋਂ ਬਾਅਦ ਮਾਮਲੇ ਦੀ ਸੱਚਾਈ ਸਾਹਮਣੇ ਆ ਜਾਵੇ।
ਬੇਅਦਬੀ ’ਤੇ ਬੋਲੇ ਸਿੱਧੂ
ਇਸ ਮਾਮਲੇ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕਿਹਾ ਹੈ ਕਿ ਹੁਣ ਪੰਜਾਬ ਵਿੱਚ ਡਰ, ਨਫ਼ਰਤ ਅਤੇ ਧਰੁਵੀਕਰਨ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਉਹ ਲਿਖਦੇ ਹਨ ਕਿ ਕਾਲੀ ਮਾਤਾ ਮੰਦਿਰ ਵਿੱਚ ਜੋ ਘਟਨਾ ਵਾਪਰੀ ਹੈ ਉਹ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਮਾਹੌਲ ਖਰਾਬ ਕਰਨ ਵਾਲੀਆਂ ਤਾਕਤਾਂ ਸਾਡੀ ਪੰਜਾਬੀਅਤ ਦੇ ਸਮਾਜਿਕ ਅਤੇ ਆਰਥਿਕ ਢਾਂਚੇ ਨੂੰ ਕਦੇ ਵੀ ਤੋੜ ਨਹੀਂ ਸਕਦੀਆਂ। ਸਾਰੇ ਧਰਮਾਂ ਪ੍ਰਤੀ ਸਾਡੀ ਸਦਭਾਵਨਾ ਅਤੇ ਭਾਈਚਾਰਾ ਸਭ ਤੋਂ ਵੱਡਾ ਹਥਿਆਰ ਹੈ।
ਆਪਸੀ ਭਾਈਚਾਰਾ ਤੋੜਨ ਦੀ ਕੋਸ਼ਿਸ਼ - ਭਗਵੰਤ ਮਾਨ
ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕੀਤੇ ਗਏ ਆਗੂ ਅਤੇ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਹ ਸਾਰੀ ਸਿਆਸਤ ਪੰਜਾਬ ਦਾ ਮਾਹੌਲ ਖਰਾਬ ਕਰਨ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਲਈ ਕੀਤੀ ਜਾ ਰਹੀ ਹੈ। ਪਰ ਪੰਜਾਬ ਦੇ ਲੋਕ ਅਜਿਹਾ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਭ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਕਾਰਨ ਹੋ ਰਿਹਾ ਹੈ। ਮਾਨ ਨੇ ਕਿਹਾ ਕਿ ਇਸ ਦਾ ਮਾਸਟਰ ਮਾਈਂਡ ਕਿਤੇ ਹੋਰ ਬੈਠ ਕੇ ਆਪਣੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਿਹਾ ਹੈ। ਉਨ੍ਹਾਂ ਨੂੰ ਸਲਾਖਾਂ ਪਿੱਛੇ ਡੱਕਣ ਦੀ ਲੋੜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਇਸ ਮਾਮਲੇ ਦੀ ਜਾਂਚ ਲਈ ਚੋਣ ਕਮਿਸ਼ਨ ਨੂੰ ਪੱਤਰ ਵੀ ਲਿਖੇਗੀ।
ਅਕਾਲੀ ਦਲ ਦੇ ਨਿਸ਼ਾਨੇ 'ਤੇ ਕਾਂਗਰਸ ਸਰਕਾਰ
ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਪਿਛਲੇ ਦਿਨੀਂ ਪੰਜਾਬ ਵਿੱਚ ਹੋਈ ਬੇਅਦਬੀ ਦੇ ਸਬੰਧ ਵਿੱਚ ਬਿਆਨ ਦਿੰਦੇ ਹੋਏ ਕਿਹਾ ਕਿ ਪਿਛਲੇ ਦਿਨਾਂ ਵਿੱਚ ਕਾਂਗਰਸ ਸਰਕਾਰ ਦੇ ਰਾਜ ਵਿੱਚ ਪੰਜਾਬ ਵਿੱਚ ਜੋ ਬੇਅਦਬੀਆਂ ਹੋਈਆਂ ਹਨ, ਹੁਣ ਤੱਕ ਨਾ ਤਾਂ ਉਨ੍ਹਾਂ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਗਈ ਹੈ, ਨਾ ਫੜਿਆ ਗਿਆ ਅਤੇ ਨਾ ਹੀ ਕਾਰਨ ਪੁੱਛਿਆ ਗਿਆ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਪਟਿਆਲਾ ਵਿੱਚ ਹੋਈਆਂ ਅਤੇ ਹੋਰ ਵੀ ਕਈ ਥਾਵਾਂ ’ਤੇ ਬੇਅਦਬੀਆਂ ਹੋਈਆਂ ਪਰ ਅੱਜ ਤੱਕ ਪੰਜਾਬ ਸਰਕਾਰ ਇਹ ਖੁਲਾਸਾ ਨਹੀਂ ਕਰ ਸਕੀ ਕਿ ਇਸ ਪਿੱਛੇ ਕਿਸ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਪੁਰਾਣੀ ਹੈ। 2017 ਵਿੱਚ ਵੀ ਕਾਂਗਰਸ ਵੱਲੋਂ ਅਕਾਲੀ ਦਲ ਵਿਰੁੱਧ ਅਜਿਹਾ ਹੀ ਪ੍ਰਚਾਰ ਕੀਤਾ ਗਿਆ ਸੀ।
ਇਸ ਮਾਮਲੇ ਸਬੰਧੀ ਕੀ ਕਹਿੰਦੀ ਹੈ ਭਾਜਪਾ ?
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਦਾ ਪਟਿਆਲਾ ਦੇ ਕਾਲੀ ਮਾਤਾ ਮੰਦਰ ਵਿੱਚ ਵਾਪਰੀ ਘਟਨਾ ਬਾਰੇ ਕਹਿਣਾ ਹੈ ਕਿ ਪਾਰਟੀ ਇਸ ਮਾਮਲੇ ਦੀ ਨਿੰਦਾ ਕਰਦੀ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਲਾਖਾਂ ਪਿੱਛੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਕੁਝ ਲੋਕ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਅਤੇ ਸ਼ਾਂਤੀ ਨੂੰ ਖਰਾਬ ਕਰਨਾ ਚਾਹੁੰਦੇ ਹਨ। ਨਾਲ ਹੀ ਉਹ ਆਸ ਕਰਦੇ ਹਨ ਕਿ ਪੰਜਾਬ ਦਾ ਆਪਸੀ ਭਾਈਚਾਰਾ ਕਾਇਮ ਰਹੇ।
ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕਮੀ ਵੀ ਸੀ ਵੱਡਾ ਮੁੱਦਾ
ਜਿਸ ਤਰ੍ਹਾਂ ਨਾਲ ਭਾਜਪਾ ਨੇ ਪੀਐਮ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਦੀ ਘਟਨਾ ਨੂੰ ਲਿਆ ਹੈ ਉਸ ਨੂੰ ਵੀ ਧਰੁਵੀਕਰਨ ਦੇ ਨਜ਼ਰੀਏ ਤੋਂ ਵੀ ਦੇਖਿਆ ਜਾ ਰਿਹਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਭਾਜਪਾ ਨੂੰ ਹਿੰਦੂਆਂ ਦੀ ਹਮਦਰਦੀ ਦੀਆਂ ਵੋਟਾਂ ਮਿਲਣ ਦੀ ਉਮੀਦ ਵਧ ਗਈ ਹੈ। ਜੇਕਰ ਘਟਨਾਵਾਂ ਦੀ ਗੱਲ ਕਰੀਏ ਤਾਂ ਥੋੜ੍ਹਾ ਪਿੱਛੇ ਜਾ ਕੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਆਏ ਤਾਂ ਉਨ੍ਹਾਂ ਦਾ ਕਾਫਲਾ ਇੱਕ ਫਲਾਈਓਵਰ 'ਤੇ ਰੁਕਿਆ ਸੀ। ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਇਹ ਮੁੱਦਾ ਸੂਬੇ ਦੀ ਰਾਜਨੀਤੀ ਵਿੱਚ ਲੰਬੇ ਸਮੇਂ ਤੱਕ ਹੋਰ ਮੁੱਦਿਆਂ ਉੱਤੇ ਹਾਵੀ ਰਿਹਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਵੱਲੋਂ ਜਾਂਦੇ-ਜਾਂਦੇ ਕਹੇ ਗਏ ਭਾਸ਼ਣ ਨੇ ਮਾਮਲੇ ਨੂੰ ਧਾਰਮਿਕ ਰੰਗ ਦੇ ਦਿੱਤਾ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਕਿ ਆਖਿਰ ਕੀ ਹੋਇਆ। ਪ੍ਰਧਾਨ ਮੰਤਰੀ ਨੇ ਰਵਾਨਾ ਹੁੰਦੇ ਸਮੇਂ ਕਿਹਾ ਸੀ ਕਿ ਉਨ੍ਹਾਂ ਦੀ ਜਾਨ ਬਚ ਗਈ ਹੈ।
ਬੇਅਦਬੀ ਨੂੰ ਲੈ ਕੇ ਸਿਆਸਤ ਹੋਵੇਗੀ-ਸਿਆਸੀ ਮਾਹਿਰ
ਸਿਆਸੀ ਮਾਮਲਿਆਂ ਦੇ ਮਾਹਿਰ ਸੁਖਬੀਰ ਬਾਜਵਾ ਦਾ ਕਹਿਣਾ ਹੈ ਕਿ 2017 'ਚ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਅਤੇ ਇਸ ਵਾਰ ਫਿਰ ਵਾਪਰੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਨੇੜੇ ਇਸ ਤਰ੍ਹਾਂ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆਉਣਾ ਬਹੁਤ ਗੰਭੀਰ ਮਾਮਲਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਪਟਿਆਲੇ 'ਚ ਕਿਉਂ ਵਾਪਰਿਆ ਇਸ ਨਾਲ ਹੀ ਖਤਮ ਨਹੀਂ ਹੁੰਦਾ, ਆਖਿਰ ਅਜਿਹਾ ਕਿਉਂ ਹੋਇਆ ਇਹ ਜਾਣਨਾ ਜ਼ਰੂਰੀ ਹੈ। ਨਾਲ ਹੀ, ਕੀ ਬੇਅਦਬੀ ਹੋਈ ਸੀ ਜਾਂ ਨਹੀਂ, ਇਹ ਜਾਂਚ ਦਾ ਵਿਸ਼ਾ ਹੈ। ਪਰ ਚੋਣਾਂ ਨੇੜੇ ਅਜਿਹਾ ਹੋਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਰਾਜਨੀਤੀ ਹੋਵੇਗੀ, ਸੱਤਾ 'ਚ ਬੈਠੀ ਕਾਂਗਰਸ ਨੂੰ ਇਸ ਦਾ ਜਵਾਬ ਦੇਣਾ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਹੋਏ ਬੇਅਦਬੀ ਦੇ ਮਾਮਲਿਆਂ ਬਾਰੇ ਲੋਕਾਂ ਦਾ ਸਾਹਮਣਾ ਕਰਨਾ ਪਵੇਗਾ। ਯਾਨੀ ਇਸ ਮੁੱਦੇ 'ਤੇ ਸਿਆਸੀ ਰੋਟੀਆਂ ਸੇਕੀਆਂ ਜਾਣਗੀਆਂ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਧਾਰਮਿਕ ਮੁੱਦਿਆਂ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ।
ਪੰਜਾਬ ਦੀ ਸਿਆਸਤ ਦਾ ਵੱਡਾ ਕੇਂਦਰ ਪਟਿਆਲਾ-ਰਾਜਨੀਤਿਕ ਮਾਹਿਰ
ਰਾਜਨੀਤਿਕ ਮਾਹਿਰ ਪ੍ਰੋ. ਸਿਆਸੀ ਮਾਮਲਿਆਂ ਦੇ ਮਾਹਿਰ ਗੁਰਮੀਤ ਸਿੰਘ ਪ੍ਰੋਫੈਸਰ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਉਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਗੁਰਦੁਆਰਿਆਂ 'ਚ ਬੇਅਦਬੀ ਹੁੰਦੀ ਸੀ ਪਰ ਹੁਣ ਹਿੰਦੂ ਧਾਰਮਿਕ ਸਥਾਨ 'ਤੇ ਅਜਿਹੀ ਘਟਨਾ ਨੂੰ ਪੰਜਾਬ ਦੀ ਸਦਭਾਵਨਾ ਨੂੰ ਵਿਗਾੜਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਸਭ ਦੇ ਪਿੱਛੇ ਕਿਸੇ ਸ਼ਰਾਰਤੀ ਅਨਸਰ ਦਾ ਹੱਥ ਹੈ। ਜਿਥੋਂ ਤੱਕ ਪਟਿਆਲਾ ਦਾ ਸਬੰਧ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਪਟਿਆਲਾ ਪੰਜਾਬ ਦੀ ਸਿਆਸਤ ਦਾ ਵੱਡਾ ਕੇਂਦਰ ਅਤੇ ਮਾਲਵਾ ਖੇਤਰ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਆਲੇ-ਦੁਆਲੇ ਕਈ ਮਸ਼ਹੂਰ ਸਿਆਸਤਦਾਨ ਆਉਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ 'ਚ ਸੁਰੱਖਿਆ ਏਜੰਸੀਆਂ ਨੂੰ ਚੌਕਸ ਰਹਿਣ ਦੀ ਲੋੜ ਹੈ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ।
ਇਹ ਵੀ ਪੜ੍ਹੋ:ਅੰਮ੍ਰਿਤਸਰ ਪੂਰਬੀ ਸੀਟ 'ਤੇ ਸਿੱਧੂ ਖਿਲਾਫ਼ ਮਜੀਠੀਆ ਲੜਨਗੇ ਚੋਣ