ਚੰਡੀਗੜ੍ਹ:ਪੰਜਾਬ ਕਾਂਗਰਸ ਦੇ ਸੀਐਮ ਚਿਹਰੇ ਨੂੰ ਲੈਕੇ ਸੂਬੇ ਦੀ ਸਿਆਸਤ ਭਖਦੀ ਜਾ ਰਹੀ ਹੈ। ਸੁਨੀਲ ਜਾਖੜ ਦੇ ਮੁੱਖ ਮੰਤਰੀ ਨੂੰ ਲੈਕੇ ਸਾਹਮਣੇ ਆਏ ਬਿਆਨ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਕਾਂਗਰਸ ਨੂੰ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਵੱਲੋਂ ਸੁਨੀਲ ਜਾਖੜ ਨੂੰ ਲੈਕੇ ਕਾਂਗਰਸ ’ਤੇ ਸਵਾਲ ਖੜ੍ਹੇ ਕੀਤੇ ਗਏ ਹਨ। ਕੇਜਰੀਵਾਲ ਨੇ ਕਾਂਗਰਸ ਨੂੰ ਸਵਾਲ ਕੀਤਾ ਹੈ ਕਿ ਕਾਂਗਰਸ ਪੰਜਾਬ ਵਿੱਚ ਲੋਕਾਂ ਨੂੰ ਨਵਜੋਤ ਸਿੱਧੂ ਅਤੇ ਚਰਨਜੀਤ ਚੰਨੀ (Navjot Sidhu and Charanjit Channi) ਵਿੱਚੋਂ ਇੱਕ ਆਗੂ ਨੂੰ ਸੀਐਮ ਚਿਹਰਾ ਚੁਣਨ ਲਈ ਕਹਿ ਰਹੀ ਹੈ। ਉਨ੍ਹਾਂ ਕਾਂਗਰਸ ’ਤੇ ਸਵਾਲ ਖੜ੍ਹਾ ਕਰਦਿਆਂ ਕਿਹਾ ਹੈ ਕਿ ਸੁਨੀਲ ਜਾਖੜ ਦਾ ਨਾਮ ਉਨ੍ਹਾਂ ਵੱਲੋਂ ਕਿਉਂ ਨਹੀਂ ਸ਼ਾਮਿਲ ਕੀਤਾ ਗਿਆ ਹੈ ? ਕੇਜਰੀਵਾਲ ਵੱਲੋਂ ਟਵੀਟ ਕਰਕੇ ਕਾਂਗਰਸ ’ਤੇ ਸਵਾਲ ਖੜ੍ਹੇ ਕੀਤੇ ਗਏ ਹਨ।
ਦੱਸ ਦਈਏ ਕਿ ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਅਹੁਦੇ ਨੂੰ ਲੈ ਕੇ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਸੀ। ਜਾਖੜ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਤੋਂ ਬਾਅਦ ਕਾਂਗਰਸ ਹਾਈਕਮਾਨ ਨੇ ਵੋਟਿੰਗ ਕਰਵਾਈ ਸੀ। ਇਸ ਵੋਟਿੰਗ ਵਿਚ 79 ਵਿਧਾਇਕਾਂ ਵਿੱਚੋਂ 42 ਉਨ੍ਹਾਂ ਦੇ ਹੱਕ ਵਿਚ ਆਏ ਸਨ ਜਦਕਿ ਚਰਨਜੀਤ ਚੰਨੀ ਦਾ ਸਿਰਫ਼ 2 ਵਿਧਾਇਕਾਂ ਨੇ ਸਮਰਥਨ ਕੀਤਾ ਸੀ। ਇਸ ਦੇ ਬਾਵਜੂਦ ਉਹ ਮੁੱਖ ਮੰਤਰੀ ਬਣ ਗਏ। ਇਹ ਗੱਲ ਸੁਨੀਲ ਜਾਖੜ ਨੇ ਚੋਣ ਪ੍ਰਚਾਰ ਦੌਰਾਨ ਆਖੀ ਸੀ। ਜਾਖੜ ਦੇ ਇਸ ਬਿਆਨ ਮਗਰੋਂ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ।
ਸੁਨੀਲ ਜਾਖੜ ਦੇ ਬਿਆਨ ਤੇ ਸੁਖਬੀਰ ਬਾਦਲ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਜਾਖੜ ਨੂੰ ਨਸੀਹਤ ਦਿੱਤੀ ਹੈ ਕਿ ਕਾਂਗਰਸ ਵੱਲੋਂ ਉਨ੍ਹਾਂ ਨਾਲ ਧੱਕਾ ਕੀਤਾ ਗਿਆ ਹੈ ਇਸ ਲਈ ਉਨ੍ਹਾਂ ਨੂੰ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ:SC ਤੋਂ ਸਿਮਰਜੀਤ ਬੈਂਸ ਨੂੰ ਵੱਡੀ ਰਾਹਤ, ਗ੍ਰਿਫਤਾਰੀ ’ਤੇ ਲੱਗੀ ਰੋਕ