ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਕਈ ਦਿੱਗਜਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਦੂਜੇ ਪਾਸੇ ਆਮ ਲੋਕਾਂ ਵਿੱਚੋਂ ਵੀ ਲੋਕ ਵਿਧਾਨਸਭਾ ਵਿੱਚ ਪੁੱਜੇ ਹਨ। ਇੱਕ ਤਰ੍ਹਾਂ ਨਾਲ ਇਨਕਲਾਬ ਵਾਂਗ ਚੱਲੀ ਆਮ ਆਦਮੀ ਪਾਰਟੀ ਸਾਹਮਣੇ ਵੱਡੇ ਵੱਡੇ ਆਗੂ ਟਿਕ ਨਹੀਂ ਸਕੇ।
ਦੱਸ ਦਈਏ ਕਿ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਨੇ ਕਰੀਬ 11,000 ਵੋਟਾਂ ਨਾਲ ਹਰਾਇਆ ਹੈ। ਦਿਲਚਸਪ ਗੱਲ ਇਹ ਹੈ ਕਿ ਬਾਦਲ ਇਤਿਹਾਸ ਵਿੱਚ ਪਹਿਲੀ ਵਾਰ ਚੋਣ ਹਾਰੇ ਹਨ। ਉਹ 9 ਵਾਰ ਚੋਣ ਜਿੱਤੇ ਸਨ ਅਤੇ ਇਸ ਵਾਰ 10ਵੀਂ ਚੋਣ ਮੈਦਾਨ ਵਿੱਚ ਸਨ।
ਬਾਦਲ ਤੋਂ ਇਲਾਵਾ ਪੰਜਾਬ ਦੇ ਦੂਜੇ ਵੱਡੇ ਚਿਹਰੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਹੈ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਨਾਮ ਸਨ। ਕੈਪਟਨ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ ਇਸ ਵਾਰ ਉਹ ਆਪਣੀ ਪਾਰਟੀ ਬਣਾ ਕੇ ਭਾਜਪਾ ਨਾਲ ਗੱਠਜੋੜ ਕਰਕੇ ਮੈਦਾਨ ਵਿੱਚ ਸਨ। ਉਨ੍ਹਾਂ ਨੇ ਚੋਣਾਂ ਵਾਲੇ ਦਿਨ ਜਿੱਤ ਦਾ ਦਾਅਵਾ ਕੀਤਾ ਸੀ ਪਰ ਉਹ ਆਪ ਦੀ ਹੂੰਝਾ ਫੇਰ ਜਿੱਤ ਅੱਗੇ ਟਿਕ ਨਹੀਂ ਸਕੇ।
ਇਨ੍ਹਾਂ ਤੋਂ ਇਲਾਵਾ ਪਿਛਲੇ ਛੇ ਮਹੀਨਿਆਂ ਤੋਂ ਸਿਆਸਤ ਦਾ ਕੇਂਦਰ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਿਤੇ ਵੀ ਟਿਕ ਨਹੀਂ ਸਕੇ। ਚੰਨੀ ਚਮਕੌਰ ਸਾਹਿਬ ਤੇ ਭਦੌੜ ਦੋਵੇਂ ਸੀਟਾਂ ਹਾਰੇ ਹਨ। ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ ਅਤੇ ਉਹ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਸਨ, ਪਰ ਆਮ ਆਦਮੀ ਪਾਰਟੀ ਦੇ ਆਮ ਉਮੀਦਵਾਰ ਤੋਂ ਉਨ੍ਹਾਂ ਵੀ ਹਾਰ ਦਾ ਮੂੰਹ ਦੇਖਣ ਪਿਆ ਹੈ। ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾ ਸਿਰਫ਼ ਹਾਰੇ ਸਗੋਂ ਤੀਜੇ ਸਥਾਨ 'ਤੇ ਰਹੇ। ਉਨ੍ਹਾਂ ਨੂੰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਚੁਣੌਤੀ ਦਿੱਤੀ ਸੀ ਅਤੇ ਉਹ ਵੀ ਸਿੱਧੂ ਦੀ ਹਾਰ ਦਾ ਵੱਡਾ ਕਾਰਨ ਬਣੇ ਹਨ।