ਚੰਡੀਗੜ੍ਹ: ਰਾਜਨੀਤੀ 'ਚ ਸ਼ੋਅ ਬਿਜ਼ਨੈਸ ਦਾ ਪੁਰਾਣਾ ਰਿਸ਼ਤਾ ਹੈ, ਚਾਹੇ ਪਾਲੀਵੁੱਡ ਹੋਵੇ ਜਾਂ ਬਾਲੀਵੁੱਡ ਰਾਜਨੀਤੀ 'ਚ ਕਈ ਸਿਤਾਰੇ ਕਿਸਮਤ ਅਜਮਾ ਚੁੱਕੇ ਹਨ। ਜਿਸ 'ਚ ਕਈ ਸਿਤਾਰੇ ਕਾਫੀ ਸਫਲ ਹੋਏ ਪਰ ਕਈ ਸਿਤਾਰੇ ਸਫਲ ਨਾ ਹੁੰਦੇ ਦੇਖ ਕੇ ਮਨੋਰੰਜਨ ਇੰਡਸਟਰੀ 'ਚ ਵਾਪਸ ਆ ਗਏ। ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਦੇਖਣ ਵਿੱਚ ਆਇਆ ਹੈ ਕਿ ਸਿਆਸੀ ਪਾਰਟੀਆਂ ਨੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਫਿਲਮੀ ਸਿਤਾਰਿਆਂ ਨੂੰ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਪਹਿਲਾਂ ਫਿਲਮੀ ਸਿਤਾਰੇ ਸਿਰਫ ਭੀੜ ਜੁਟਾਉਣ ਲਈ ਹੀ ਚੋਣਾਂ ਦਾ ਪ੍ਰਚਾਰ ਕਰਦੇ ਨਜ਼ਰ ਆਉਂਦੇ ਸਨ। ਉਥੇ ਹੁਣ ਉਹ ਪਾਰਟੀ ਦੀ ਸ਼ੋਸ਼ਲ ਮੀਡੀਆ ਫੈਨ ਫਾਲੋਇੰਗ ਵਧਾਉਣ ਦਾ ਕੰਮ ਵੀ ਕਰ ਰਹੇ ਹਨ। ਕਈ ਸਿਆਸੀ ਪਾਰਟੀਆਂ ਨੇ ਉਨ੍ਹਾਂ ਨੂੰ ਟਿਕਟਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਇਹ ਸਿਤਾਰੇ ਜਿੱਤ ਵੀ ਹਾਸਲ ਕਰਦੇ ਹਨ।
ਨਵਜੋਤ ਸਿੰਘ ਸਿੱਧੂ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਕਾਮਯਾਬ ਰਹੇ। ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਭਾਜਪਾ ਨਾਲ ਕੀਤੀ। ਜਿੱਥੇ ਉਹ ਸਾਲ 2004 ਵਿੱਚ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਬਣੇ, ਫਿਰ ਸਾਲ 2009 ਵਿੱਚ ਵੀ ਉਹ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਚੁਣੇ ਗਏ। ਪਰ ਸਾਲ 2014 ਵਿੱਚ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਗਈ, ਜਿਸ ਤੋਂ ਬਾਅਦ ਉਹ ਭਾਜਪਾ ਛੱਡ ਕੇ ਪੰਜਾਬ ਕਾਂਗਰਸ ਵਿੱਚ ਸ਼ਾਮਲ ਹੋ ਗਏ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਕਾਂਗਰਸ 'ਚ ਹੀ ਹਨ। ਰਾਜਨੀਤੀ ਦੇ ਨਾਲ-ਨਾਲ ਸਿੱਧੂ ਸਾਲ 2001 'ਚ ਕੁਮੈਂਟੇਟਰ ਵੀ ਰਹੇ, ਟੀਵੀ ਸ਼ੋਅ ਦੇ ਜੱਜ ਹੋਣ ਦੇ ਨਾਲ-ਨਾਲ ਉਨ੍ਹਾਂ ਨੇ ਟੈਲੀਵਿਜ਼ਨ ਦੇ ਮਸ਼ਹੂਰ ਸ਼ੋਅ ਬਿੱਗ ਬੌਸ 'ਚ ਵੀ ਹਿੱਸਾ ਲਿਆ। ਉਨ੍ਹਾਂ ਦੀ ਫੈਨ ਫਾਲੋਇੰਗ ਦੀ ਕੋਈ ਕਮੀ ਨਹੀਂ ਹੈ। ਲੋਕ ਉਨ੍ਹਾਂ ਦੇ ਬੋਲਣ ਦੇ ਸਟਾਈਲ ਨੂੰ ਪਸੰਦ ਕਰਦੇ ਹਨ ਅਤੇ ਉਨ੍ਹਾਂ ਨੂੰ ਸੁਣਦੇ ਵੀ ਹਨ। ਇਸ ਲਈ ਉਹ ਸ਼ੋਅ ਬਿਜ਼ਨੈਸ ਤੋਂ ਆਏ ਸਫਲ ਵਿਅਕਤੀ ਹਨ।
ਭਗਵੰਤ ਮਾਨ
ਮਸ਼ਹੂਰ ਕਾਮੇਡੀਅਨ, ਸਮਾਜ ਸੇਵੀ, ਗਾਇਕ, ਅਦਾਕਾਰ ਨੇ ਪੰਜਾਬ ਦੀ ਰਾਜਨੀਤੀ ਵਿੱਚ ਸਾਲ 2012 ਵਿੱਚ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ ਤੋਂ ਕਦਮ ਰੱਖਿਆ ਸੀ। ਹਾਲਾਂਕਿ ਮਨਪ੍ਰੀਤ ਬਾਦਲ ਬਾਅਦ ਵਿੱਚ ਕਾਂਗਰਸ ਅਤੇ ਭਗਵੰਤ ਮਾਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। 2014 ਤੋਂ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਹਨ। ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਬਹੁਤ ਮਸ਼ਹੂਰ ਹਨ। ਉਹ ਇੱਕ ਚੰਗੇ ਬੁਲਾਰੇ ਵੀ ਹਨ। ਲੋਕ ਉਨ੍ਹਾਂ ਨੂੰ ਸੁਣਨ ਲਈ ਦੂਰ-ਦੂਰ ਤੋਂ ਆਉਂਦੇ ਹਨ। ਖਾਸ ਤੌਰ 'ਤੇ ਉਨ੍ਹਾਂ ਦੇ ਚੋਣ ਪ੍ਰਚਾਰ ਦੌਰਾਨ ਉਹ ਜਿਸ ਤਰੀਕੇ ਨਾਲ ਪਾਲੀਵੁੱਡ ਗੀਤ ਸੁਣਾ ਕੇ ਲੋਕਾਂ ਦੇ ਵਿਚਕਾਰ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੋ ਵਾਰ ਐਮ.ਪੀ ਦੀ ਟਿਕਟ ਦਿੱਤੀ। ਪੰਜਾਬ ਵਿੱਚ ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਬਣ ਜਾਵੇ, ਅਜਿਹੇ ਵਿੱਚ ਉਨ੍ਹਾਂ ਨੂੰ ਸਿਆਸਤ ਵਿੱਚ ਕਾਮਯਾਬ ਹੋਣ ਦਾ ਦਰਜਾ ਵੀ ਦਿੱਤਾ ਗਿਆ ਹੈ।
ਮੁਹੰਮਦ ਸਦੀਕ
ਪੰਜਾਬੀ ਗਾਇਕ, ਅਦਾਕਾਰ ਅਤੇ ਸਿਆਸਤਦਾਨ ਮੁਹੰਮਦ ਸਦੀਕ ਨੂੰ ਗਾਇਕਾ ਰਣਜੀਤ ਕੌਰ ਨਾਲ ਆਪਣੇ ਦੋਗਾਣੇ ਗੀਤਾਂ ਲਈ ਜਾਣਿਆ ਜਾਂਦਾ ਹੈ। ਇਸ ਸਮੇਂ ਉਹ ਪੰਜਾਬ ਦੇ ਫਰੀਦਕੋਟ ਤੋਂ ਸੰਸਦ ਮੈਂਬਰ ਹਨ, ਇਸ ਤੋਂ ਪਹਿਲਾਂ 2012 ਤੋਂ 2017 ਤੱਕ ਉਹ ਕਾਂਗਰਸ ਪਾਰਟੀ ਵੱਲੋਂ ਬਡੌਰ ਤੋਂ ਵਿਧਾਇਕ ਰਹਿ ਚੁੱਕੇ ਹਨ। ਇਹ ਵੀ ਪੰਜਾਬ ਦੀ ਸਿਆਸਤ ਵਿੱਚ ਕਾਮਯਾਬ ਹੋਏ ਹਨ।
ਸਤਵਿੰਦਰ ਬਿੱਟੀ
ਪੰਜਾਬੀ ਗਾਇਕਾ ਅਤੇ ਕੌਮੀ ਪੱਧਰ ਦੀ ਹਾਕੀ ਖਿਡਾਰਨ ਸਤਵਿੰਦਰ ਬਿੱਟੀ ਨੇ ਵੀ ਸਾਲ 2016 ਵਿੱਚ ਪੰਜਾਬ ਦੀ ਸਿਆਸਤ ਵਿੱਚ ਕਦਮ ਰੱਖਿਆ। ਜਿੱਥੇ ਉਹ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਹਾਲਾਂਕਿ ਸਿਆਸਤ ਵਿੱਚ ਸਰਗਰਮ ਨਾ ਹੋਣ ਦੇ ਬਾਵਜੂਦ ਉਹ ਆਪਣੇ ਕਿੱਤੇ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਮੌਜੂਦਾ ਸਮੇਂ 'ਚ ਕਈ ਟੀਵੀ ਸ਼ੋਅਜ਼ ਨੂੰ ਜੱਜ ਵੀ ਕਰਦੇ ਹਨ ਅਤੇ ਆਪਣੇ ਗਾਇਕੀ ਕਰੀਅਰ 'ਤੇ ਜ਼ਿਆਦਾ ਧਿਆਨ ਦੇ ਰਹੇ ਹਨ।
ਬਲਕਾਰ ਸਿੱਧੂ
ਪੰਜਾਬੀ ਇੰਡਸਟਰੀ ਦੇ ਗਾਇਕ ਬਲਕਾਰ ਸਿੱਧੂ ਸਾਲ 2014 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਹ ਉਸੇ ਸਾਲ ਹੋਈਆਂ ਉਪ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਨਾਮਜ਼ਦ ਉਮੀਦਵਾਰ ਸਨ। ਹਾਲਾਂਕਿ ਬਾਅਦ 'ਚ ਉਨ੍ਹਾਂ ਦੀ ਥਾਂ ਬਲਜਿੰਦਰ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਸੀ। ਇਸ ਤੋਂ ਬਾਅਦ ਉਹ ਕਾਂਗਰਸ ਵਿਚ ਸ਼ਾਮਲ ਹੋ ਗਏ ਪਰ ਉਥੇ ਵੀ ਉਨ੍ਹਾਂ ਦਾ ਕਰੀਅਰ ਚੰਗਾ ਨਹੀਂ ਚੱਲ ਸਕਿਆ ਅਤੇ ਮੁੜ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ। ਉਹ ਇੱਕ ਸਿਆਸਤਦਾਨ ਵਜੋਂ ਕਾਮਯਾਬ ਨਹੀਂ ਹੋ ਸਕੇ।
ਹੰਸ ਰਾਜ ਹੰਸ
ਪਦਮ ਸ਼੍ਰੀ ਹੰਸਰਾਜ ਹੰਸ ਪੰਜਾਬ ਦੇ ਮਸ਼ਹੂਰ ਗਾਇਕ ਹਨ। ਉਨ੍ਹਾਂ ਨੇ ਆਪਣੀ ਗਾਇਕੀ ਨਾਲ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ। 2009 ਵਿੱਚ ਉਹ ਅਕਾਲੀ ਦਲ ਵਿੱਚ ਸ਼ਾਮਲ ਹੋਏ ਅਤੇ ਉਸੇ ਸਾਲ ਜਲੰਧਰ ਤੋਂ ਚੋਣ ਲੜੇ। ਸਾਲ 2014 ਵਿੱਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਅਤੇ ਸਾਲ 2016 ਵਿੱਚ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ, ਜਿੱਥੋਂ ਉਨ੍ਹਾਂ ਨੂੰ ਕੋਈ ਟਿਕਟ ਨਹੀਂ ਦਿੱਤੀ ਗਈ। ਉਹ ਦੋਵੇਂ ਪਾਰਟੀਆਂ ਵਿੱਚ ਰਹੇ ਪਰ ਸਹੀ ਢੰਗ ਨਾਲ ਜਿੱਤ ਹਾਸਲ ਨਹੀਂ ਕੀਤੀ। ਸਾਲ 2016 ਵਿੱਚ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਅਤੇ ਦਿੱਲੀ ਉੱਤਰੀ ਪੱਛਮੀ ਤੋਂ ਉਦਿਤ ਰਾਜ ਦੀ ਥਾਂ ਸਾਲ 2019 ਵਿੱਚ ਸੰਸਦ ਮੈਂਬਰ ਵਜੋਂ ਚੋਣ ਲੜੀ ਅਤੇ ਜਿੱਤੀ। ਉਹ ਪੰਜਾਬ ਦੀ ਸਿਆਸਤ ਵਿੱਚ ਮਸ਼ਹੂਰ ਤਾਂ ਨਹੀਂ ਹੋ ਸਕੇ ਪਰ ਦਿੱਲੀ ਵਿੱਚ ਐਮ.ਪੀ. ਬਣ ਗਏ।