ਚੰਡੀਗੜ੍ਹ: ਰਾਹੁਲ ਗਾਂਧੀ ਦੀ ਪੰਜਾਬ ਫੇਰੀ ਅਤੇ ਉਸ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਬਾਰੇ ਛੇਤੀ ਫੈਸਲਾ ਕਰਨ ਦਾ ਐਲਾਨ ਪੰਜਾਬ ਵਿੱਚ ਕਈ ਭੰਬਲਭੂਸੇ ਪੈਦਾ ਕਰ ਗਿਆ ਹੈ। ਸੰਸਦੀ ਚੋਣ ਪ੍ਰਣਾਲੀ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਆਪਣਾ ਨੇਤਾ ਚੁਨਣ ਦਾ ਹੱਕ ਦਿੰਦੀ ਹੈ, ਪਰ ਆਮ ਆਦਮੀ ਪਾਰਟੀ ਵੱਲੋ ਪੰਜਾਬ ਵਿੱਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਤੋਂ ਬਾਅਦ ਕਾਂਗਰਸ ਵੀ ਉਨ੍ਹਾਂ ਲਾਈਨਾਂ 'ਤੇ ਆ ਗਈ ਹੈ।
ਜਦ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਦੇ ਚਿਹਰੇ ਦਾ ਫੈਸਲਾ ਕਰਨ ਲਈ ਸੋਸ਼ਲ ਮੀਡੀਆ 'ਤੇ ਮੁਹਿੰਮ ਚਲਾਈ ਤਾਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਸ ਗੱਲ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਇਹ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਖੇਡ ਹੈ ਅਤੇ ਸਿੱਧੂ ਨੇ ਆਪ ਵਿਰੁੱਧ ਚੋਣ ਅਯੋਗ ਕੋਲ ਸ਼ਿਕਾਇਤ ਵੀ ਕੀਤੀ।
ਇਹ ਵੀ ਪੜੋ: ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ 2 ਵੱਡੇ ਹਾਥੀ: ਰਾਘਵ ਚੱਢਾ
ਸਿੱਧੂ ਦੇ ਚੰਨੀ ਵਿਚਾਲੇ ਦੌੜ
ਇਸੇ ਵਿਚਾਲੇ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਜਲੰਧਰ ਵਿੱਚ ਇੱਕ ਰੈਲੀ ਦੌਰਾਨ ਨਵਜੋਤ ਸਿੱਧੂ ਨੇ ਖੁਦ ਇਹ ਮੰਗ ਕੀਤੀ ਕਿ ਕਾਂਗਰਸ ਛੇਤੀ ਮੁੱਖ ਮੰਤਰੀ ਦਾ ਚਿਹਰਾ ਐਲਾਨੇ। ਜਲੰਧਰ ਰੈਲੀ ਦੌਰਾਨ ਹੀ ਨਵਜੋਤ ਸਿੱਧੂ ਨੇ ਮੰਚ ਤੋਂ ਕਿਹਾ ਕਿ ਦੇਖਣਾ ਪਾਰਟੀ ਕਿਤੇ ਉਨ੍ਹਾਂ ਨੂੰ ਦਰਸ਼ਨੀ ਘੋੜਾ ਨਾ ਬਣਾ ਦੇਵੇ। ਜਦਕਿ ਮੰਚ 'ਤੇ ਹੀ ਮੌਜੂਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੇਕਰ ਉਨ੍ਹਾਂ ਦਾ 111 ਦਿਨ ਦਾ ਕੰਮ ਪਸੰਦ ਆਵੇ ਤਾਂ ਉਨ੍ਹਾਂ ਨੂੰ ਅਗਲੇ ਪੰਜ ਸਾਲ ਮੌਕਾ ਦੇਣਾ ਚਾਹੀਦਾ ਹੈ।
ਰਾਹੁਲ ਨੇ ਦਿੱਤਾ ਭਰੋਸਾ
ਪੰਜਾਬ ਦੇ ਮੁੱਖ ਮੰਤਰੀ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਬਿਆਨ ਉਨ੍ਹਾਂ ਦੀਆਂ ਇੱਛਾਵਾਂ ਨੂੰ ਪ੍ਰਗਟ ਕਰਦਾ ਹੈ। ਇਸ ਮੰਚ ਤੋਂ ਰਾਹੁਲ ਗਾਂਧੀ ਨੇ ਵੀ ਮੁੱਖ ਮੰਤਰੀ ਦੇ ਚਿਹਰੇ ਬਾਰੇ ਕਿਹਾ ਕਿ ਪਾਰਟੀ ਆਪਣੇ ਵਰਕਰਾਂ ਦੀ ਰਾਏ ਜਾਨਣ ਤੋਂ ਬਾਅਦ ਮੁੱਖ ਮੰਤਰੀ ਦਾ ਚਿਹਰਾ ਐਲਾਨੇਗੀ। ਉਹਨਾਂ ਨੇ ਕਿਹਾ ਕਿ ਜਦੋਂ ਉਹ ਗੱਡੀ ਵਿੱਚ ਆ ਰਹੇ ਸਨ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਨਾਲ ਇਸ ਮਸਲੇ ਨੂੰ ਵਿਚਾਰਿਆ ਕਿ ਜਿਸ ਨੂੰ ਵੀ ਮੁੱਖ ਮੰਤਰੀ ਦਾ ਉਮੀਦਵਾਰ ਬਣਾਇਆ ਜਾਵੇਗਾ ਉਹ ਇਕਜੁੱਟਤਾ ਨਾਲ ਇੱਕ-ਦੂਜੇ ਦੇ ਨਾਲ ਖੜ੍ਹਨਗੇ। ਰਾਹੁਲ ਗਾਂਧੀ ਨੇ ਕਿਹਾ ਕਿ ਸਿੱਧੂ ਤੇ ਚੰਨੀ ਦੀ ਵੀ ਇਹ ਰਾਇ ਸੀ ਕਿ 2 ਚਿਹਰੇ ਅਗਵਾਈ ਨਹੀਂ ਕਰ ਸਕਦੇ, ਇੱਕ ਆਗੂ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇ ਤੇ ਦੂਜਾ ਆਗੂ ਉਸ ਦੀ ਪੂਰੀ ਤਰ੍ਹਾਂ ਡੱਟ ਕੇ ਹਮਾਇਤ ਕਰੇਗਾ।
ਧਰਮ ਸੰਕਟ ਵਿੱਚ ਕਾਂਗਰਸ
ਜਾਹਿਰ ਹੈ ਕਿ ਪੰਜਾਬ ਵਿਧਾਨ ਸਭਾ ਸਮੇਤ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਰਿਹਰਸਲ ਹੈ। ਕਾਂਗਰਸ ਨਾ ਤਾਂ ਆਪਣੇ ਦਲਿਤ ਚਿਹਰੇ ਨੂੰ ਛੱਡਣ ਦਾ ਹੌਸਲਾ ਰੱਖਦੀ ਹੈ ਅਤੇ ਨਾ ਹੀ ਨਵਜੋਤ ਸਿੱਧੂ ਵਰਗੇ ਚਿਹਰੇ ਨੂੰ ਨਾਰਾਜ਼ ਕਰਨ ਦੀ ਹਿੰਮਤ ਰੱਖਦੀ ਹੈ, ਪਰ ਕਾਂਗਰਸ ਨੇ ਮੁੱਖ ਮੰਤਰੀ ਦੇ ਚਿਹਰੇ ਵਾਲਾ ਮਾਮਲਾ ਸ਼ੁਰੂ ਕਰਕੇ ਸੱਤਾ ਦੇ 2 ਕੇਂਦਰਾਂ ਨੂੰ ਮਜਬੂਤੀ ਨਾਲ ਸਥਾਪਿਤ ਕਰ ਦਿੱਤਾ ਹੈ। ਹੋਰਨਾਂ ਕਾਂਗਰਸ ਸ਼ਾਸਿਤ ਸੂਬਿਆਂ ਵਿੱਚ ਵੀ ਕਾਂਗਰਸ ਵੱਲੋਂ ਸਥਾਪਿਤ ਸੱਤਾ ਦੇ 2 ਕੇਂਦਰਾਂ ਕਾਰਣ ਵਿਵਾਦ ਵੱਧ ਰਹੇ ਹਨ।