ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਬੇਅਦਬੀ ਅਤੇ ਗੋਲੀਕਾਂਡ ਮਾਮਲੇ ’ਚ ਫਸੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਪਰਮਰਾਜ ਉਮਰਾਨੰਗਲ ਵੱਲੋਂ ਅਰਜੀ ਦਾਖਿਲ ਕੀਤੀ ਗਈ ਸੀ ਜਿਸ ਚ ਉਨ੍ਹਾਂ ਨੇ ਅਪੀਲ ਕੀਤੀ ਸੀ ਕਿ ਮਾਮਲੇ ਦੀ ਸੁਣਵਾਈ ਛੇਤੀ ਕੀਤੀ ਜਾਵੇ। ਪਰ ਇਸ ਅਰਜੀ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਖਾਰਿਜ ਕਰ ਦਿੱਤਾ ਗਿਆ ਹੈ। ਨਾਲ ਹੀ ਹਾਈਕੋਰਟ ਨੇ ਕਿਹਾ ਹੈ ਕਿ ਤੈਅਰ ਤਰੀਕ ’ਤੇ ਮਾਮਲੇ ਦੀ ਸੁਣਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਮਾਮਲੇ ਚ ਸੁਮੇਧ ਸੈਣੀ ਵੱਲੋਂ ਹੁਣ ਤੱਕ ਸੀਨੀਅਰ ਐਡਵੋਕੇਟ ਏਪੀਐਸ ਦੇਓਲ ਪੇਸ਼ ਹੁੰਦੇ ਸੀ ਪਰ ਹੁਣ ਉਹ ਪੰਜਾਬ ਦੇ ਐਡਵੋਕੇਟ ਜਨਰਲ ਬਣ ਗਏ ਹਨ ਅਤੇ ਬਤੌਰ ਐਡਵੋਕੇਟ ਜਨਰਲ ਰਹਿੰਦੇ ਉਹ ਹੁਣ ਇਸ ਕੇਸ ਚ ਪੇਸ਼ ਨਹੀਂ ਹੋ ਸਕਦੇ, ਤਾਂ ਹੁਣ ਇਸ ਮਾਮਲੇ ਚ ਸੁਮੇਧ ਸੈਣੀ ਵੱਲੋਂ ਐਡਵੋਕੇਟ ਸੰਤਪਾਲ ਸਿੱਧੂ ਪੇਸ਼ ਹੋਏ ਸੀ। ਕਾਬਿਲੇਗੌਰ ਹੈ ਕਿ ਸੁਮੇਧ ਸੈਣੀ ਨੇ ਇਸ ਮਾਮਲੇ ਚ ਆਪਣੇ ਖਿਲਾਫ ਦਾਖਿਲ ਚਾਰਜਸ਼ੀਟ ਨੂੰ ਚੁਣੌਤੀ ਦਿੱਤੀ ਹੋਈ ਹੈ। ਇਸ ਤਰ੍ਹਾਂ ਉਮਰਾਨੰਗਲ ਨੇ ਵੀ ਆਪਣੇ ਖਿਲਾਫ ਦਰਜ ਮਾਮਲੇ ਸਬੰਧੀ ਦਰਜ ਐਫਆਈਆਰ ਨੂੰ ਚੁਣੌਤੀ ਦਿੱਤੀ ਹੋਈ ਹੈ।