ਚੰਡੀਗੜ੍ਹ: ਭਾਰਤ ਲਈ ਆਸਟਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ’ਫੈਰਲ ਏਓ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਸਕੱਤਰ ਵਿਨੀ ਮਹਾਜਨ ਨਾਲ ਵੀ ਮੁਲਾਕਾਤ ਕੀਤੀ। ਮੁੱਖ ਮੰਤਰੀ ਅਤੇ ਹਾਈ ਕਮਿਸ਼ਨਰ ਨੇ ਕੋਵਿਡ-19 ਤੋਂ ਬਾਅਦ ਆਰਥਿਕ ਵਿਕਾਸ ਨੂੰ ਮੁੜ ਲੀਹਾਂ `ਤੇ ਲਿਆਉਣ, ਖੇਤੀਬਾੜੀ, ਪਾਣੀ ਅਤੇ ਸਿੱਖਿਆ ਦੇ ਖੇਤਰ ਵਿਚ ਪੰਜਾਬ ਤੇ ਆਸਟਰੇਲੀਆ ਦਰਮਿਆਨ ਆਰਥਿਕ ਸਹਿਯੋਗ ਵਿਚ ਵਾਧਾ ਕਰਨ ਅਤੇ ਆਪਸੀ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਬਾਰੇ ਵਿਚਾਰ ਚਰਚਾ ਕੀਤੀ।
ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਭਾਰਤ ਲਈ ਆਸਟਰੇਲੀਆ ਦੇ ਹਾਈ ਕਮਿਸ਼ਨਰ ਨਾਲ ਗੱਲਬਾਤ ਕੀਤੀ। ਸ੍ਰੀਮਤੀ ਮਹਾਜਨ ਨੇ ਆਸਟਰੇਲੀਆ-ਭਾਰਤ ਸਿੱਖਿਆ ਸਬੰਧੀ ਭਾਈਵਾਲੀ ਬਾਰੇ ਚਾਨਣਾ ਪਾਇਆ ਅਤੇ ਭਾਰਤ ਵਿਚ ਕੈਂਪਸ ਸਥਾਪਤ ਕਰਨ ਵਿੱਚ ਦਿਲਚਸਪੀ ਰੱਖਣ ਵਾਲੀਆਂ ਆਸਟਰੇਲੀਆ ਯੂਨੀਵਰਸਟੀਆਂ ਲਈ ਮੋਹਾਲੀ ਨੂੰ ਇਕ ਆਦਰਸ਼ ਸਥਾਨ ਦੱਸਿਆ। ਉਨ੍ਹਾਂ ਪੇਸ਼ਕਸ਼ ਕੀਤੀ ਕਿ ਖੇਤੀਬਾੜੀ ਵਿਚ ਖੋਜ ਅਤੇ ਵਿਕਾਸ ਦੇ ਸਹਿਯੋਗ ਵਿਚ ਵਾਧਾ ਕੀਤਾ ਜਾ ਸਕਦਾ ਹੈ। ਮੀਟਿੰਗ ਦੌਰਾਨ ਸਰਕਾਰੀ ਵਫਦ ਨੇ ਖੇਤੀ ਜਿਣਸਾਂ ਜਿਵੇਂ ਕਿੰਨੂ, ਨਾਸ਼ਪਾਤੀ, ਟਮਾਟਰ, ਆਲੂ ਦੇ ਬੀਜ ਆਦਿ ਵਿਚ ਸਾਂਝ ਵਧਾਉਣ ਦੀ ਵੀ ਪੇਸ਼ ਕੀਤੀ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਲਈ ਇਨ੍ਹਾਂ ਖੇਤਰਾਂ ਵਿਚ ਕਾਫੀ ਸੰਭਾਵਨਾਵਾਂ ਹਨ। ਸੂਬਾ ਸਰਕਾਰ ਵਲੋਂ ਆਸਟਰੇਲੀਆਈ ਸਰਕਾਰ ਨੂੰ ਖੇਤੀ-ਨਿਰਯਾਤ ਸਰਟੀਫਿਕੇਟ ਵਿਚ ਛੋਟ ਦੇਣ ਦੀ ਵੀ ਅਪੀਲ ਕੀਤੀ ਗਈ ਜਿਵੇਂ ਕਿ ਅਮਰੀਕਾ ਅਤੇ ਕਨੇਡਾ ਵੱਲੋਂ ਦਿੱਤੀ ਜਾਂਦੀ ਹੈ। ਆਸਟਰੇਲੀਆਈ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਸੱਦਾ ਵੀ ਦਿੱਤਾ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਪੰਜਾਬ ਨਿਵੇਸ਼ਕਾਂ ਨੂੰ ਢੁਕਵਾਂ ਮਾਹੌਲ ਪ੍ਰਦਾਨ ਕਰਦਾ ਹੈ।
ਭਾਰਤ ਲਈ ਆਸਟਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ’ਫੈਰਲ ਏਓ ਵਲੋਂ ਆਸਟਰੇਲੀਆਈ ਪੈਨਸ਼ਨ ਫੰਡਾਂ ਦੀ ਭਾਰਤੀ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਲੰਮੇ ਸਮੇਂ ਲਈ ਨਿਵੇਸ਼ ਕਰਨ ਸਬੰਧੀ ਦਿਲਚਸਪੀ ਜ਼ਾਹਰ ਕੀਤੀ ਗਈ। ਹਾਈ ਕਮਿਸ਼ਨਰ ਨੇ ਆਸਟਰੇਲੀਆ ਦੀਆਂ ਯੂਨੀਵਰਸਿਟੀਆਂ ਦੇ ਆਪਣੇ ਪੰਜਾਬੀ ਹਮਰੁਤਬਾ ਨਾਲ ਸਹਿਯੋਗ ਵਿਚ ਵਾਧਾ ਕਰਨ ਅਤੇ ਆਪਣੀ ਸਰਕਾਰ ਵਲੋਂ ਸੂਬੇ ਨੂੰ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਸੇਵਾਵਾਂ, ਸਿੱਖਿਆ ਅਤੇ ਉਦਯੋਗਾਂ ਦੀਆਂ ਆਧੁਨਿਕ ਕਾਰਜ ਪ੍ਰਣਾਲੀਆਂ ਦੇ ਖੇਤਰ ਵਿਚ ਵਧੇਰੇ ਸਹਿਯੋਗ ਦੇਣ ਦੀ ਇੱਛਾ ਜ਼ਾਹਰ ਕੀਤੀ ਗਈ।