ਚੰਡੀਗੜ੍ਹ: ਬੈਂਕ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਪੂਰੇ ਦੇਸ਼ ਵਿੱਚ ਹੜਤਾਲ ਕੀਤੀ ਗਈ, ਜਿਸ ਦੇ ਚੱਲਦਿਆਂ ਆਮ ਨਾਗਰਿਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੈਂਕ ਮੁਲਾਜ਼ਮਾਂ ਵੱਲੋਂ ਜਨਵਰੀ ਤੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ, ਜਿਸ ਤੋਂ ਬਾਅਦ 31 ਜਨਵਰੀ ਅਤੇ 1 ਫਰਵਰੀ ਨੂੰ ਬੈਂਕ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ। ਅੱਜ ਪੂਰੇ ਦੇਸ਼ ਦੇ ਵਿੱਚ 10 ਲੱਖ ਮੁਲਾਜ਼ਮ ਇਸ ਹੜਤਾਲ ਵਿੱਚ ਆਪਣਾ ਹਿੱਸਾ ਪਾ ਰਹੇ ਹਨ।
ਚੰਡੀਗੜ੍ਹ ਵਿਖੇ ਬੈਂਕ ਮੁਲਾਜ਼ਮਾਂ ਨੇ ਸਟੇਟ ਬੈਂਕ ਆਫ ਇੰਡੀਆ ਦੀ ਮੇਨ ਬ੍ਰਾਂਚ ਵਿੱਚ ਇਕੱਠੇ ਹੋ ਕੇ ਪੰਜਾਬ ਨੈਸ਼ਨਲ ਬੈਂਕ ਤੱਕ ਰੈਲੀ ਕੱਢੀ ਅਤੇ ਸਰਕਾਰ ਵਿਰੋਧੀ ਨਾਅਰੇ ਵੀ ਲਗਾਏ। ਹੜਤਾਲ ਬਾਰੇ ਗੱਲ ਕਰਦਿਆਂ ਆਲ ਇੰਡੀਆ ਬੈਂਕ ਆਫਿਸਰਜ਼ ਐਸੋਸੀਏਸ਼ਨ ਦੇ ਵਾਈਸ ਪ੍ਰੈਜੀਡੈਂਟ ਦੀਪਕ ਸ਼ਰਮਾ ਨੇ ਦੱਸਿਆ ਕਿ ਮੁਲਾਜ਼ਮਾਂ ਦੀ ਤਨਖ਼ਾਹ 1 ਨਵੰਬਰ 2017 ਤੋਂ ਬਕਾਇਆ ਹੈ ਜਿਸ ਦੇ ਉੱਤੇ ਕੋਈ ਵੀ ਫ਼ੈਸਲਾ ਨਹੀਂ ਆਇਆ ਹੈ ਅਤੇ ਨਾ ਹੀ ਮੁਲਾਜ਼ਮਾਂ ਦੀ ਸ਼ਨੀਵਾਰ ਨੂੰ ਪੂਰਨ ਤੌਰ 'ਤੇ ਛੁੱਟੀ ਦੀ ਕੋਈ ਗੱਲ ਮੰਨੀ ਗਈ ਹੈ।