ਚੰਡੀਗੜ੍ਹ: ਸਕੂਲ ਦੇ ਖਿਲਾਫ਼ ਅਦਾਲਤ ਵਿੱਚ ਲਗਾਤਾਰ ਮਾਮਲੇ ਆਉਂਦੇ ਰਹਿੰਦੇ ਹਨ ਪਰ ਕਿਸੇ ਵੀ ਸਕੂਲ ਵੱਲੋਂ ਮਾਪਿਆਂ ਖ਼ਿਲਾਫ਼ ਅਦਾਲਤ ਦੇ ਵਿੱਚ ਜਾਣ ਦਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ। ਚੰਡੀਗੜ੍ਹ ਦੇ ਇੱਕ ਨਿੱਜੀ ਸਕੂਲ ਨੇ ਫੀਸ ਨਾ ਦੇਣ ਵਾਲੇ ਮਾਪਿਆਂ ਦੇ ਖਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਇੱਕ ਪਟੀਸ਼ਨ ਦਾਖਿਲ ਕੀਤੀ ਹੈ।
ਨਿੱਜੀ ਸਕੂਲ ਨੇ ਫੀਸ ਨਾ ਦੇਣ ਵਾਲੇ ਮਾਪਿਆਂ ਖ਼ਿਲਾਫ਼ ਕੀਤਾ ਅਦਾਲਤ ਦਾ ਰੁਖ ਜਾਣਕਾਰੀ ਮੁਤਾਬਿਕ ਚੰਡੀਗੜ੍ਹ ਦੇ ਸੌਪਿਨਜ਼ ਸਕੂਲ ਨੇ ਪੰਜ ਮਾਪਿਆਂ ਦੇ ਖ਼ਿਲਾਫ਼ ਫ਼ੀਸ ਨਾਲ ਭਰਨ ਨੂੰ ਲੈਕੇ ਕੇ ਪਟੀਸ਼ਨ ਦਾਖ਼ਲ ਕੀਤੀ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਨਿੱਜੀ ਸਕੂਲਾਂ ਵੱਲੋਂ ਆਨਲਾਈਨ ਕਲਾਸਿਜ਼ ਦਿੱਤੀ ਜਾ ਰਹੀਆਂ ਨੇ ਪਰ ਹੁਣ ਮਾਪੇ ਇਕੱਠੀ ਹੋਈ ਫ਼ੀਸ ਨਹੀਂ ਦੇ ਰਹੇ ।
ਖ਼ਾਸਕਰ ਪੰਜ ਮਾਪੇ ਜਿਨ੍ਹਾਂ ਦੇ ਬੱਚੇ ਸੌਪਿਨਜ਼ ਸਕੂਲ ਵਿੱਚ ਪੜ੍ਹ ਰਹੇ ਹਨ ਅਤੇ ਉਨ੍ਹਾਂ ਨੂੰ ਕਈ ਵਾਰ ਫੀਸ ਜਮ੍ਹਾ ਕਰਵਾਉਣ ਦੇ ਲਈ ਕਿਹਾ ਗਿਆ ਹੈ ਪਰ ਹਾਲੇ ਤੱਕ ਉਨ੍ਹਾਂ ਵੱਲੋਂ ਕੋਈ ਵੀ ਫੀਸ ਜਮ੍ਹਾਂ ਨਹੀਂ ਕਰਵਾਈ ਗਈ ਤੇ ਨਾ ਹੀ ਕੋਈ ਰੀਪ੍ਰਜੈਂਟੇਸ਼ਨ ਦਿੱਤੀ ਗਈ ਹੈ ਕਿ ਉਹ ਆਖ਼ਰ ਕਿਉਂ ਫ਼ੀਸ ਨਹੀਂ ਜਮ੍ਹਾ ਕਰਵਾ ਰਹੇ।
ਉਨ੍ਹਾਂ ਨੇ ਪਟੀਸ਼ਨ ਵਿੱਚ ਇਹ ਵੀ ਕਿਹਾ ਹੈ ਕਿ ਇਹ ਮਾਪਿਆ ਹੁਣ ਪੰਜਾਬ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਨੂੰ ਹੀ ਨਹੀਂ ਮੰਨ ਰਹੇ। ਫਿਲਹਾਲ ਇਸ ਮਾਮਲੇ ਵਿੱਚ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਨੇ ਮਾਪਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ ਤੇ ਮਾਮਲੇ ਦੀ ਅਗਲੀ ਸੁਣਵਾਈ 9 ਦਸੰਬਰ ਨੂੰ ਹੋਵੇਗੀ।