ਚੰਡੀਗੜ੍ਹ:ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਨਾਭਾ ਜੇਲ੍ਹ ਬਰੇਕ ਕੇਸ ਵਿੱਚ ਦੋਸ਼ੀ ਅਤੇ ਮੌਜੂਦਾ ਸਮੇਂ ਵਿੱਚ ਬਠਿੰਡਾ ਸੈਂਟਰਲ ਜੇਲ੍ਹ ਵਿੱਚ ਕੈਦ ਕੁਲਪ੍ਰੀਤ ਸਿੰਘ ਉਰਫ਼ ਨੀਟਾ, ਗੁਰਪ੍ਰੀਤ ਸਿੰਘ ਸੇਖੋਂ ਅਤੇ ਹਾਂਗਕਾਂਗ ਤੋਂ ਫੜੇ ਗਏ ਰਮਨਜੀਤ ਸਿੰਘ ਉਰਫ ਰੋਮੀ ਵੱਲੋਂ ਜੇਲ੍ਹ ਪ੍ਰਬੰਧਾਂ ਨੂੰ ਲੈ ਕੇ ਪਟੀਸ਼ਨ ਦਾਖਿਲ ਕੀਤੀ ਗਈ ਹੈ। ਉਨ੍ਹਾਂ ਨੇ ਪਟੀਸ਼ਨ ਚ ਕਿਹਾ ਹੈ ਕਿ ਜੇਲ੍ਹ ’ਚ ਉਨ੍ਹਾਂ ਨੂੰ ਪੀਣ ਦਾ ਪਾਣੀ ਤੱਕ ਨਹੀਂ ਦਿੱਤਾ ਜਾਂਦਾ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਦੱਸ ਦਈਏ ਕਿ ਪਟੀਸ਼ਨ ’ਤੇ ਪਹਿਲੀ ਸੁਣਵਾਈ ਤੋਂ ਬਾਅਦ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਨੇ ਬਠਿੰਡਾ ਸਥਿਤ ਡਿਸਟ੍ਰੀਕਟ ਲੀਗਲ ਸਰਵਿਸ ਅਥਾਰਿਟੀ ਦੇ ਸਕੱਤਰ ਨੂੰ ਇਨ੍ਹਾਂ ਆਰੋਪਾਂ ਦੀ ਸੱਚਾਈ ਦਾ ਪਤਾ ਲਗਾਉਣ ਦੇ ਲਈ ਜੇਲ੍ਹ ਵਿੱਚ ਜਾਣ ਦੇ ਆਦੇਸ਼ ਦਿੱਤੇ ਹਨ। ਨਾਲ ਹੀ ਉਨ੍ਹਾਂ ਨੇ ਕੈਦੀਆਂ ਅਤੇ ਜੇਲ੍ਹ ਅਧਿਕਾਰੀਆਂ ਤੋਂ ਮਿਲ ਕੇ ਗੱਲ ਕਰਨ ਤੋਂ ਬਾਅਦ ਰਿਪੋਰਟ ਦਿੱਤੇ ਜਾਣ ਦੇ ਵੀ ਨਿਰਦੇਸ਼ ਦਿੱਤੇ ਹਨ। ਹਾਈ ਕੋਰਟ ਨੇ ਕਿਹਾ ਕਿ ਡਿਸਟ੍ਰੀਕਟ ਲੀਗਲ ਸਰਵਿਸਿਜ਼ ਅਥਾਰਿਟੀ ਦੇ ਸਕੱਤਰ ਇਸ ਰਿਪੋਰਟ ਬਠਿੰਡਾ ਦੇ ਡਿਸਟ੍ਰਿਕਟ ਅਤੇ ਸੈਸ਼ਨ ਜੱਜ ਨੂੰ ਸੌਂਪਣਗੇ।