ਚੰਡੀਗੜ੍ਹ: ਸਿੱਖਾਂ ਦੇ ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜਨਮ ਦਿਹਾੜਾ ਦੇਸ਼ ਭਰ 'ਚ ਮਨਾਇਆ ਜਾ ਰਿਹਾ ਹੈ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਜਨਮ 7 ਜੁਲਾਈ 1656 ਨੂੰ ਕੀਰਤਪੁਰ ਸਾਹਿਬ 'ਚ ਸ੍ਰੀ ਗੁਰੂ ਹਰਿਰਾਏ ਸਾਹਿਬ ਦੀ ਦੇ ਘਰ ਹੋਇਆ ਸੀ। ਗੁਰੂ ਸਾਹਿਬ ਬਹੁਤ ਛੋਟੀ ਉਮਰ 'ਚ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਤਮਿਕ ਰੱਬੀ ਖ਼ਜ਼ਾਨੇ ਦੇ ਮਾਲਕ ਸਨ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਧੁਰ ਤੋਂ ਹੀ ਦੈਵੀ ਗੁਣਾਂ ਵਾਲੀ ਆਤਮਿਕ ਉੱਚਤਾ ਪ੍ਰਾਪਤ ਹੋਈ ਸੀ ਅਤੇ ਜਨਮ ਤੋਂ ਹੀ ਗੁਰਮਤਿ ਦੀ ਸਿੱਖਿਆ ਮਿਲਣ ਲੱਗ ਪਈ ਸੀ। ਸ੍ਰੀ ਹਰਿਕ੍ਰਿਸ਼ਨ ਜੀ ਦਾ ਹਿਰਦਾ ਬਹੁਤ ਕੋਮਲ ਸੀ, ਉਹ ਪਰਉਪਕਾਰ ਦੀ ਨੀਤੀ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਸ੍ਰੀ ਗੁਰੂ ਹਰਿਰਾਏ ਜੀ ਨੂੰ ਆਪਣੇ ਛੋਟੇ ਪੁੱਤਰ ਵਿਚ ਗੁਰੂ-ਜੋਤਿ ਦੇ ਅੰਸ਼ ਜੋ ਉਨ੍ਹਾਂ ਨੇ ਪਿਤਾ, ਦਾਦਾ ਤੇ ਪੜਦਾਦਾ ਜੀ ਕੋਲੋਂ ਵਿਰਸੇ ਵਿਚ ਪ੍ਰਾਪਤ ਕੀਤੇ ਸੀ, ਦਿਖਾਈ ਦੇ ਰਹੇ ਸੀ।
ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਜੀ ਨੇ ਆਪਣਾ ਜੋਤੀ-ਜੋਤਿ ਸਮਾਉਣ ਦਾ ਸਮਾਂ ਨੇੜੇ ਆਇਆ ਜਾਣ ਕੇ ਆਪਣੇ ਛੋਟੇ ਪੁੱਤਰ ਨੂੰ ਹਰ ਤਰ੍ਹਾਂ ਨਾਲ ਯੋਗ ਸਮਝਿਆ ਅਤੇ ਗੁਰਬਾਣੀ ਦੇ ਮਹਾਂਵਾਕ- 'ਤਖਤਿ ਬਹੈ ਤਖਤੇ ਕੀ ਲਾਇਕ' ਅਨੁਸਾਰ 6 ਅਕਤੂਬਰ 1661 ਵਿੱਚ ਸਾਰੀ ਸੰਗਤ ਸਹਮਣੇ ਗੁਰਿਆਈ ਸੌਂਪ ਦਿੱਤੀ।
ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਪੰਜ ਸਾਲ ਦੇ ਸਨ ਜਦੋਂ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ। ਲਗਭਗ ਢਾਈ ਸਾਲ ਹੀ ਉਨ੍ਹਾਂ ਗੁਰਿਆਈ ਕੀਤੀ ਅਤੇ ਸਿਰਫ਼ ਸੱਤ-ਅੱਠ ਸਾਲ ਦੀ ਉਮਰ ਵਿੱਚ ਹੀ ਉਹ ਚੇਚਕ ਦੀ ਬਿਮਰੀ ਕਾਰਨ 30 ਮਾਰਚ 1664 ਨੂੰ ਜੋਤੀ-ਜੋਤਿ ਸਮਾ ਗਏ ਸਨ। ਗੁਰੂ ਸਾਹਿਬ ਜਿਸ ਥਾਂ ਸੰਗਤਾਂ ਨੂੰ ਨਾਮ ਦਾਨ ਦਿੰਦੇ ਸਨ ਉਸ ਥਾਂ ਗੁਰਦੁਆਰਾ ਬੰਗਲਾ ਸਾਹਿਬ ਬਣਵਾਇਆ ਗਿਆ ਜੋ ਕਿ ਦਿੱਲੀ ਵਿੱਚ ਸਥਿਤ ਹੈ ਅਤੇ ਸਤਿਗੁਰਾਂ ਦੀ ਅਮਰ ਯਾਦਗਾਰ ਹੈ।
ਗੁਰੁੂ ਹਰਿਕ੍ਰਿਸ਼ਨ ਦੇ ਪ੍ਰਕਾਸ਼ ਪੂਰਬ ਮੌਕੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਦਿਆਂ ਸਿੱਖ ਸੰਗਤ ਨੂੰ ਵਧਾਈ ਦਿੱਤੀ ਹੈ।