ਚੰਡੀਗੜ੍ਹ : ਪੰਜਾਬ ਵਿੱਚ ਦਿਨ-ਬ-ਦਿਨ ਬਿਜਲੀ ਸੰਕਟ ਵੱਧਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਹੁਣ ਇੰਡਸਟਰੀ ਲਈ ਪਾਬੰਦੀਆਂ ਵੱਧਾ ਦਿੱਤੀਆਂ ਗਈਆਂ ਹਨ। ਹੁਣ 11 ਜੁਲਾਈ ਤੋਂ 15 ਜੁਲਾਈ ਤੱਕ ਇੰਡਸਟਰੀ ਬੰਦ ਰਹੇਗੀ।
ਇਸ ਦੌਰਾਨ ਤਲਵੰਡੀ ਸਾਬੋ ਪਲਾਂਟ ਜਿਸਦਾ ਤੀਜਾ ਯੁਨਿਟ ਕੱਲ੍ਹ ਬੰਦ ਹੋਇਆ ਸੀ, ਦਾ ਇਕ ਵੀ ਯੂਨਿਟ ਅੱਜ ਸ਼ੁਰੂ ਨਹੀਂ ਹੋ ਸਕਿਆ ਪਰ ਰਣਜੀਤ ਸਾਗਰ ਡੈਮ ਪ੍ਰਾਜੈਕਟ ਦਾ ਇਕ ਨੰਬਰ ਯੁਨਿਟ ਅੱਜ ਸ਼ੁਰੂ ਹੋ ਗਿਆ।
ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਜਾਰੀ ਹੁਕਮਾਂ ਦੇ ਮੁਤਾਬਕ ਸਾਰੇ ਜਨਰਲ ਇੰਡਸਟਰੀ (ਐੱਲ ਐੱਸ) ਖਪਤਕਾਰਾਂ ਜਿਨ੍ਹਾਂ ਨੂੰ ਕੈਟਾਗਿਰੀ 1, 2 ਅਤੇ 3 ਫੀਡਰਾਂ ਤੋਂ ਬਿਜਲੀ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦਾ ਪ੍ਰਵਾਨਤ ਲੋਡ 1000 ਕੇ.ਵੀ.ਏ. ਤੱਕ ਹੈ ਤੇ ਜੋ ਡੀ ਐੱਸ ਜ਼ੋਨ ਵਿਚ ਹਨ, ਲਈ ਪਾਬੰਦੀਆਂ 11 ਜੁਲਾਈ ਨੂੰ ਸਵੇਰੇ 8 ਵਜੇ ਤੋਂ 15 ਜੁਲਾਈ ਸਵੇਰੇ 8 ਵਜੇ ਤੱਕ ਜਾਰੀ ਰਹਿਣਗੀਆਂ।
ਇਸ ਦੌਰਾਨ ਅੱਜ ਬਿਜਲੀ ਪ੍ਰਾਜੈਕਟਾਂ ਦੇ ਮਾਮਲੇ ਵੀ ਪਾਵਰਕਾਮ ਨੂੰ ਉਦੋਂ ਥੋੜ੍ਹੀ ਰਾਹਤ ਮਿਲੀ ਜਦੋਂ ਰਣਜੀਤ ਸਾਗਰ ਡੈੱਮ ਪ੍ਰਾਜੈਕਟ ਦਾ ਇਕ ਨੰਬਰ ਯੂਨਿਟ ਮੁੜ ਸ਼ੁਰੂ ਹੋ ਗਿਆ ਜਿਸ ਨਾਲ 120 ਮੈਗਾਵਾਟ ਵਾਧੂ ਬਿਜਲੀ ਪਾਵਰਕਾਮ ਨੁੰ ਮਿਲਣੀ ਸ਼ੁਰੂ ਹੋ ਗਈ। ਦੂਜੇ ਪਾਸੇ ਤਲਵੰਡੀ ਸਾਬੋ ਪ੍ਰਾਜੈਕਟ ਜਿਸਦਾ ਇਕ ਯੁਨਿਟ ਕੱਲ੍ਹ ਬੰਦ ਹੋਇਆ ਸੀ, ਅੱਜ ਵੀ ਬਹਾਲ ਨਹੀਂ ਹੋ ਸਕਿਆ ਤੇ ਇਸ ਦੇ ਤਿੰਨੋਂ ਯੂਨਿਟ ਬੰਦ ਰਹੇ।