ਚੰਡੀਗੜ੍ਹ: ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਹਾਲ ਹੀ ਵਿੱਚ ਰੱਖੜੀ ਆਉਣ ਵਾਲੀ ਹੈ ਜਿਸ ਉੱਤ ਕੋਰੋਨਾ ਦਾ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ। ਇਸ ਵਾਰ ਭੈਣਾਂ ਵੱਲੋਂ ਆਪ ਜਾ ਕੇ ਭਰਾ ਨੂੰ ਰੱਖੜੀ ਬੰਨ੍ਹਣ ਦੀ ਬਜਾਏ ਪੋਸਟ ਰਾਹੀਂ ਰੱਖਣੀ ਜ਼ਿਆਦਾ ਭੇਜੀ ਜਾ ਰਹੀ ਹੈ।
ਇਸੇ ਨੂੰ ਵੇਖਦਿਆਂ ਡਾਕ ਘਰ ਨੇ ਨਵਾਂ ਉਪਰਾਲਾ ਕੀਤਾ ਹੈ। ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਰੱਖੜੀ ਪਹੁੰਚਾਉਣ ਦੇ ਲਈ 28 ਜੁਲਾਈ ਅਤੇ ਵਿਦੇਸ਼ ਵਿੱਚ ਰੱਖੜੀ ਭੇਜਣ ਲਈ 25 ਜੁਲਾਈ ਤੱਕ ਦਾ ਸਮਾਂ ਹੈ। ਭਾਰਤ ਤੋਂ ਇਲਾਵਾ 35 ਵੱਖ-ਵੱਖ ਦੇਸ਼ਾਂ ਵਿੱਚ ਰੱਖੜੀਆਂ ਭੇਜੀਆਂ ਜਾ ਰਹੀਆਂ ਹਨ।
ਚੰਡੀਗੜ੍ਹ ਦੇ ਡਾਕ ਮਾਸਟਰ ਮਦਨ ਲਾਲ ਨੇ ਦੱਸਿਆ ਹੈ ਕਿ ਦੇਸ਼ ਵਿੱਚ ਆਰਾਮ ਨਾਲ ਰੱਖੜੀਆਂ ਪਹੁੰਚਾਈਆਂ ਜਾ ਸਕਦੀਆਂ ਹਨ ਪਰ ਵਿਦੇਸ਼ਾਂ ਵਿੱਚ ਜਿਵੇਂ ਆਸਟ੍ਰੇਲੀਆ, ਕੈਨੇਡਾ, ਸਿੰਗਾਪੁਰ, ਜਾਪਾਨ ਅਤੇ ਚੀਨ ਵਿੱਚ ਰੱਖੜੀਆਂ ਨੂੰ ਭੇਜਣ ਦੇ ਲਈ ਥੋੜ੍ਹੀ ਪ੍ਰੇਸ਼ਾਨੀ ਹੋ ਰਹੀ ਹੈ ਕਿਉਂਕਿ ਹਵਾਈ ਯਾਤਰਾ ਹਾਲੇ ਸ਼ੁਰੂ ਨਹੀਂ ਹੋਈ। ਇਸ ਕਰਕੇ ਅਸੀਂ ਇਸ ਨੂੰ ਸਮੁੰਦਰ ਦੇ ਰਸਤੇ ਜਾਂ ਫਿਰ ਕਾਰਗੋ ਰਾਹੀਂ ਭੇਜ ਰਹੇ ਹਾਂ।
ਉਨ੍ਹਾਂ ਦੱਸਿਆ ਕਿ ਇਹ ਮਹਿੰਗਾ ਤਾਂ ਜ਼ਰੂਰ ਹੈ ਪਰ ਇਸ ਉੱਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਰੱਖੜੀ ਸਹੀ ਜਗ੍ਹਾ ਉੱਤੇ ਸਹੀ ਸਮੇਂ ਤੇ ਪਹੁੰਚ ਜਾਵੇਗੀ। ਕੋਰੋਨਾ ਦੇ ਚੱਲਦੇ ਟਰਾਂਸਪੋਰਟ ਵੀ ਪਹਿਲਾਂ ਵਰਗਾ ਨਹੀਂ ਰਿਹਾ ਇਸ ਕਾਰਨ ਇਸ ਵਾਰ ਸਧਾਰਨ ਡਾਕ ਦੀ ਬਜਾਏ ਸਪੀਡ ਪੋਸਟ ਦੇ ਨਾਲ ਰੱਖੜੀਆਂ ਭੇਜੀਆਂ ਜਾ ਰਹੀਆਂ ਹਨ।
ਵਜ਼ਨ ਦੇ ਹਿਸਾਬ ਦੇ ਨਾਲ ਪੇਮੈਂਟ ਕਰਨੀ ਪੈਂਦੀ ਹੈ ਜਿਸ ਦੇ ਬਾਅਦ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਤਿੰਨ ਤੋਂ ਚਾਰ ਦਿਨ ਦੇ ਅੰਦਰ ਰੱਖੜੀ ਪਹੁੰਚ ਰਹੀ ਹੈ। ਉੱਥੇ ਹੀ ਵਿਦੇਸ਼ ਦੇ ਵਿੱਚ ਸੱਤ ਤੋਂ ਦਸ ਦਿਨਾਂ ਦੇ ਵਿੱਚ ਰੱਖੜੀ ਪਹੁੰਚ ਰਹੀ ਹੈ।