ਚੰਡੀਗੜ੍ਹ:ਖੇਤੀ ਕਾਨੂੰਨਾਂ ਨੂੰ ਬਣਿਆਂ ਨੂੰ ਇੱਕ ਸਾਲ ਹੋਣ ਅਤੇ ਦੇਸ਼ ਦੇ ਪ੍ਰਧਾਨ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਲੈਕੇ ਕਿਸਾਨਾਂ ਦੇ ਨਾਲ-ਨਾਲ ਅੱਜ ਸੂਬੇ ਦੀਆਂ ਰਾਜਨੀਤਿਕ ਪਾਰਟੀਆਂ ਕਾਂਗਰਸ, ਸ਼੍ਰੋਮਣੀ ਅਕਾਲੀ ਅਤੇ ਆਮ ਆਦਮੀ ਪਾਰਟੀ ਵੱਲੋਂ ਵੀ ਕੇਂਦਰ ਸਰਕਾਰ ਖਿਲਾਫ਼ ਮੋਰਚਾ ਖੋਲ੍ਹਿਆ ਗਿਆ ਤੇ ਕੇਂਦਰ ਸਰਕਾਰ ਉੱਪਰ ਕਈ ਤਰ੍ਹਾਂ ਸਵਾਲ ਚੁੱਕੇ ਗਏ। ਪੀਐੱਮ ਮੋਦੀ ਜਨਮ ਦਿਨ ਮੌਕੇ ਪੰਜਾਬ ਦੀਆਂ ਸਿਆਸੀ ਪਾਰਟੀਆਂਂ ਦੇ ਵੱਲੋਂ ਵੱਖ-ਵੱਖ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।
No Farmer No Food-ਕੈਪਟਨ ਅਮਰਿੰਦਰ ਸਿੰਘ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amrinder Singh) ਨੇ ਆਵਾਮ ਦੀ ਆਵਾਜ਼ ਵਿੱਚ ਆਪਣੀ ਆਵਾਜ਼ ਮਿਲਾ ਦਿੱਤੀ। ਉਂਜ ਉਹ ਪਹਿਲੇ ਦਿਨ ਤੋਂ ਹੀ ਇਨ੍ਹਾਂ ਕਾਨੂੰਨਾਂ ਦਾ ਉਹ ਵਿਰੋਧ ਕਰ ਰਹੇ ਹਨ ਪਰ ਅੱਜ ਉਨ੍ਹਾਂ ਖੁਦ ਵੀ ਜਨਤਕ ਤੌਰ ‘ਤੇ ਕਿਸਾਨੀ ਰੂਪ ਵਿੱਚ ਦਿਖੇ। ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਬਾਰੇ ਬਿਆਨ ਨੂੰ ਲੈ ਕੇ ਦੂਜੀ ਪਾਰਟੀਆਂ ਦੇ ਨਿਸ਼ਾਨੇ ‘ਤੇ ਰਹੇ ਹਨ ਤੇ ਅਜਿਹੇ ਮਹੌਲ ਵਿੱਚ ਕੈਪਟਨ ਨੇ ਕਿਸਾਨ ਮੇਲੇ ਦਾ ਉਦਘਾਟਨ ਕਰਨ ਮੌਕੇ ‘ਨੋ ਫਾਰਮਰ ਨੋ ਫੂਡ‘ (No Farmer No Food) ਦਾ ਬੈਚ ਲਗਾਇਆ। ਇਸਦੇ ਨਾਲ ਹੀ ਸੂਬੇ ਦੇ ਵਿੱਚ ਵੀ ਕਾਂਗਰਸ ਦੇ ਵੱਲੋਂ ਕਾਨੂੰਨਾਂ ਨੂੰ ਲੈਕੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਅਕਾਲੀ ਦਲ ਵੱਲੋਂ ਦਿੱਲੀ ਚ ਰੋਸ ਮਾਰਚ
ਓਧਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਦਿੱਲੀ ਵਿੱਚ ਰੋਸ ਮਾਰਚ ਕੀਤਾ ਗਿਆ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਵੱਡੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਅਕਾਲੀ ਵਰਕਰਾਂ ਰੋਸ ਮਾਰਚ ਵਿੱਚ ਸ਼ਾਮਿਲ ਹੋਏ।
ਪ੍ਰਦਰਸ਼ਨ ਦੌਰਾਨ ਸੁਖਬੀਰ ਸਮੇਤ ਵੱਡੇ ਆਗੂਆਂ ਨੇ ਦਿੱਤੀ ਗ੍ਰਿਫਤਾਰੀ
ਅਕਾਲੀ ਦਲ ਵੱਲੋਂ ਕਰੀਬ 2 ਘੰਟੇ ਤੱਕ ਰੋਸ ਮਾਰਚ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਕੇਂਦਰ ਸਰਕਾਰ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਗਈ ਤੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਸਮੇਤ 11 ਆਗੂਆਂ ਨੇ ਪੁਲਿਸ ਨੂੰ ਆਪਣੀ ਗ੍ਰਿਫਤਾਰੀ ਦਿੱਤੀ। ਗ੍ਰਿਫਤਾਰ ਕੀਤੇ ਗਏ ਆਗੂਆਂ ਨੂੰ ਕੁਝ ਸਮਾਂ ਥਾਣੇ ਵਿੱਚ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ।
ਸੁਖਬੀਬ ਬਾਦਲ ਨੇ ਮੋਦੀ ਸਰਕਾਰ ‘ਤੇ ਸਾਧੇ ਨਿਸ਼ਾਨੇ
ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਮੋਦੀ ਸਰਕਾਰ (Modi government) ‘ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਜੇ ਕਿਸਾਨ ਵਿਰੋਧੀ ਖੇਤੀਬਾੜੀ ਕਾਨੂੰਨ (Agricultural law) ਰੱਦ ਨਾ ਕੀਤੇ ਗਏ ਤਾਂ ਇਸ ਦਾ ਖਮਿਆਜਾ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਵੇਗਾ।
ਕੇਂਦਰ ਤੋਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਸ਼ਾਂਤੀ ਪੂਰਵਕ ਰੋਸ ਮਾਰਚ ਕੀਤਾ ਜਾ ਰਿਹਾ ਸੀ ਪਰ ਇਸ ਦੌਰਾਨ ਮੋਦੀ ਤੇ ਹਰਿਆਣਾ ਸਰਕਾਰ ਦੇ ਵੱਲੋਂ ਉੁਨ੍ਹਾਂ ਨਾਲ ਧੱਕਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਪਾਰਟੀ ਵਰਕਰਾਂ ਨੂੰ ਰੋਕ ਕੇ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਜਿਸਦੀ ਉਨ੍ਹਾਂ ਵੱਲੋਂ ਨਿੰਦਿਆ ਕੀਤੀ ਗਈ ਹੈ।ਇਸਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਮੋਦੀ ਸਰਕਾਰ ਨੂੰ ਨਸੀਹਤ ਦਿੱਤੀ ਹੈ ਕਿ ਜੋ ਖੇਤੀ ਕਾਨੂੰਨ ਕਿਸਾਨ ਵਿਰੋਧੀ ਬਣਾਏ ਗਏ ਹਨ ਉਨ੍ਹਾਂ ਨੂੰ ਰੱਦ ਕੀਤਾ ਜਾਵੇ। ਉਨ੍ਹਾਂ ਨਾਲ ਹੀ ਕਿਹਾ ਹੈ ਕਿ ਜੇ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਉਨ੍ਹਾਂ ਨੂੰ ਇਸਦਾ ਖਮਿਆਜਾ ਭੁਗਤਣਾ ਪਵੇਗਾ।
ਸੁਖਬੀਰ ਬਾਦਲ ਦੀ ਮੋਦੀ ਨੂੰ ਚਿਤਾਵਨੀ
ਸੁਖਬੀਰ ਬਾਦਲ ਨੇ ਕਿਹਾ ਕਿ ਤਿੰਨ ਸਾਲ ਰਹਿ ਗਏ ਜੇ ਕਾਨੂੰਨ ਵਾਪਿਸ ਨਾ ਲਏ ਤਾਂ ਉਨ੍ਹਾਂ ਨੂੰ ਲਾਹਿਆ ਜਾਣਾ ਹੈ ਕਿਉਂਕਿ ਪੰਜਾਬ ਨਹੀਂ ਬਲਿਕ ਪੂਰਾ ਦੇਸ਼ ਉਨ੍ਹਾਂ ਦੇ ਵਿਰੋਧ ‘ਚ ਆਇਆ ਖੜ੍ਹਾ ਹੈ।
ਕੈਪਟਨ ਸਰਕਾਰ ‘ਤੇ ਚੁੱਕੇ ਸਵਾਲ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਇਸ ਕਾਨੂੰਨ ਨੂੰ ਪੰਜਾਬ ਵਿੱਚ ਲਾਗੂ ਕਰਨ ਲਈ ਤਿਆਰ ਹਨ। ਪਰ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਇਸ ਦਾ ਵਿਰੋਧ ਕਰ ਰਿਹਾ ਹੈ। ਨਾਲ ਹੀ ਸੁਖਬੀਰ ਬਾਦਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਵੀ ਨਿਸ਼ਾਨਾ ਸਾਧਿਆ।