ਚੰਡੀਗੜ੍ਹ: ਖੇਤੀ ਕਾਨੂੰਨਾਂ (Agricultural laws) ਨੂੰ ਰੱਦ ਕਰਵਾਉਣ ਲਈ ਦਿੱਲੀ ਸਰਹੱਦ ’ਤੇ ਡਟੀਆਂ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ (Farmers' organizations) ਵੱਲੋਂ ਅੱਜ ਭਾਜਪਾ ਨੂੰ ਛੱਡ ਬਾਕੀ ਸਿਆਸੀ ਪਾਰਟੀਆਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ। ਕਿਸਾਨਾਂ ਵਲੋਂ ਬੁਲਾਈ ਗਈ ਇਹ ਬੈਠਕ ਚੰਡੀਗੜ੍ਹ ਦੇ ਸੈਕਟਰ 36 (Behind ISKON Temple) ’ਚ ਚੱਲ ਰਹੀ ਹੈ। ਇਸ ਬੈਠਕ 'ਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਹੋਰ ਪਾਰਟੀਆਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ ਹਨ।
ਸਿਆਸੀ ਪਾਰਟੀਆਂ ਨੂੰ ਦਿੱਤਾ ਸਮਾਂ
ਕਿਸਾਨ ਜਥੇਬੰਦੀਆਂ ਵਲੋਂ ਸਿਆਸੀ ਪਾਰਟੀਆਂ ਨੂੰ ਸਮਾਂ ਦਿੱਤਾ ਗਿਆ ਹੈ। ਜਿਸ 'ਚ ਸਭ ਤੋਂ ਪਹਿਲਾਂ 11:15 ਵਜੇ ਤੋਂ ਦੁਪਹਿਰ 12 ਵਜੇ ਤੱਕ ਸ਼੍ਰੋਮਣੀ ਅਕਾਲੀ ਦਲ ਨੂੰ ਸਮਾਂ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕਾਂਗਰਸ ਨੂੰ ਦੁਪਹਿਰ 12 ਵਜੇ ਤੋਂ 12:30 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੁਪਹਿਰ 12:30 ਵਜੇ ਤੋਂ 1ਵਜੇ ਤੱਕ ਆਮ ਆਦਮੀ ਪਾਰਟੀ ਨੂੰ ਸਮਾਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਲੋਕ ਇਨਸਾਫ਼ ਪਾਰਟੀ ਨੂੰ 1 ਵਜੇ ਤੋਂ 1:30 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ। ਲੋਕ ਯੂਸਫ ਪਾਰਟੀ ਨੂੰ 1:30 ਵਜੇ ਤੋਂ 1:45 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ। ਬਸਪਾ ਨੂੰ ਮਿਲਣ ਲਈ 1:45 ਤੋਂ 2:15 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 2:15 ਵਜੇਤ ਤੋਂ 2:45 ਵਜੇ ਤੱਕ ਲੈਫਟ ਨੂੰ ਸਮਾਂ ਦਿੱਤਾ ਗਿਆ , ਜਦਕਿ 2:45 ਤੋਂ 3 ਵਜੇ ਤੱਕ ਹੋਰ ਪਾਰਟੀਆਂ ਨੂੰ ਮਿਲਿਆ ਜਾਵੇਗਾ। ਇਸ ਤਰ੍ਹਾਂ ਹੀ ਸੰਯੁਕਤ ਅਕਾਲੀ ਦਲ ਨੂੰ 2:45 ਵਜੇ ਤੋਂ 3:15 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਮੀਟਿੰਗ 'ਚ ਸ਼ਾਮਲ ਕਿਸਾਨ ਆਗੂ
ਸਿਆਸੀ ਆਗੂਆਂ ਨਾਲ ਮੀਟਿੰਗ ਲਈ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਕੁਲਵੰਤ ਸਿੰਘ, ਹਰਮੀਤ ਸਿੰਘ ਕਾਦੀਆਂ, ਹਰਿੰਦਰ ਸਿੰਘ ਲੱਖੋਵਾਲ, ਰੁਲਦੂ ਸਿੰਘ ਮਾਨਸਾ, ਬਲਵੰਤ ਸਿੰਘ ਬਹਿਰਮਾਕੇ, ਰਜਿੰਦਰ ਸਿੰਘ, ਮਨਜੀਤ ਸਿੰਘ, ਹਰਿੰਦਰ ਸਿੰਘ ਟਾਂਡਾ ਸਮੇਤ ਕਈ ਕਿਸਾਨ ਆਗੂ ਸ਼ਾਮਲ ਹਨ।
ਸਾਰੀ ਪਾਰਟੀਆਂ ਬਰਾਬਰ: ਰੁਲਦੂ ਮਾਨਸਾ
ਇਸ ਮੌਕੇ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਲਈ ਉਨ੍ਹਾਂ ਲਈ ਇੱਕ ਬਰਾਬਰ ਹੈ। ਉਨ੍ਹਾਂ ਕਿਹਾ ਕਿ ਬਲਬੀਰ ਰਾਜੇਵਾਲ ਜੋ ਕਹਿਣਗੇ ਉਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਿਆਸੀ ਲੋਕਾਂ ਤੋਂ ਤੰਗ ਆ ਚੁੱਕੇ ਹਨ, ਜਿਸ ਕਾਰਨ ਆਪ ਮੁਹਾਰੇ ਵਿਰੋਧ ਕਰ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਤੋਂ ਪਹੁੰਚੇ ਲੀਡਰ
ਸ਼੍ਰੋਮਣੀ ਅਕਾਲੀ ਦਲ ਵਲੋਂ ਕਿਸਾਨਾਂ ਨਾਲ ਮੀਟਿੰਗ ਕਰਨ ਲਈ ਸੀਨੀਅਰ ਲੀਡਰ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ.ਦਲਜੀਤ ਸਿੰਘ ਚੀਮਾ ਪਹੁੰਚੇ ਹਨ।
ਕਾਂਗਰਸ ਤੋਂ ਪਹੁੰਚੇ ਲੀਡਰ
ਚੰਡੀਗੜ੍ਹ 'ਚ ਕਿਸਾਨਾਂ ਨਾਲ ਮੀਟਿੰਗ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਪਹੁੰਚੇ ਹਨ। ਉਨ੍ਹਾਂ ਦੇ ਨਾਲ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਵੀ ਸ਼ਾਮਲ ਹੋਏ ਹਨ।
'ਆਪ' ਤੋਂ ਆਉਣ ਵਾਲੇ ਲੀਡਰ
ਕਿਸਾਨਾਂ ਨਾਲ ਮੀਟਿੰਗ 'ਚ ਸ਼ਾਮਲ ਹੋਣ ਲਈ ਆਮ ਆਦਮੀ ਪਾਰਟੀ ਤੋਂ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾ, ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਅਤੇ ਉਨ੍ਹਾਂ ਦੇ ਨਾਲ 'ਆਪ' ਦੇ ਸੂਬਾ ਸਕੱਤਰ ਜਗਤਾਰ ਸੰਘੇੜਾ ਵੀ ਸ਼ਾਮਲ ਹੋਏ ਹਨ।