ਚੰਡੀਗੜ੍ਹ: ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ’ਤੇ ਲਾਇਵ ਹੋ ਕੇ ਜਿੱਥੇ ਕਾਂਗਰਸ ਪਾਰਟੀ ਖਿਲਾਫ ਨਾਰਾਜਗੀ ਜਾਹਿਰ ਕੀਤੀ। ਉੱਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਪਾਰਟੀ ਨੂੰ ਅਲਵਿਦਾ ਵੀ ਕਹਿ ਦਿੱਤਾ। ਇਸ ਤੋਂ ਬਾਅਦ ਸਿਆਸਤ ’ਚ ਭੂਚਾਲ ਆ ਗਿਆ ਹੈ। ਵਿਰੋਧੀ ਪਾਰਟੀਆਂ ਵੱਲੋਂ ਕਾਂਗਰਸ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ। ਨਾਲ ਹੀ ਸੁਨੀਲ ਜਾਖੜ ਦੀ ਹਿਮਾਇਤ ਵੀ ਕੀਤੀ ਜਾ ਰਹੀ ਹੈ।
ਜਾਖੜ ਨੂੰ ਬੀਜੇਪੀ ਚ ਸ਼ਾਮਲ ਹੋਣ ਦਾ ਸੱਦਾ: ਕਾਂਗਰਸ ਤੋਂ ਭਾਜਪਾ ਚ ਸ਼ਾਮਲ ਹੋਏ ਫਤਿਹਜੰਗ ਬਾਜਵਾ ਨੇ ਸੁਨੀਲ ਜਾਖੜ ਨੂੰ ਭਾਜਪਾ ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੱਡੇ ਅਤੇ ਸੁਝਵਾਨ ਨੇਤਾਵਾਂ ਦੀ ਪਾਰਟੀ ਚ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਅਗਲੀ ਗਾਜ਼ ਨਵਜੋਤ ਸਿੰਘ ਸਿੱਧੂ ’ਤੇ ਡਿੱਗ ਸਕਦੀ ਹੈ। ਕਾਂਗਰਸ ਪਾਰਟੀ ਦੋ ਧਿਰਾਂ ਵਿਚਾਲੇ ਵੰਡੀ ਹੋਈ ਹੈ। ਪੰਜਾਬ ਕਾਂਗਰਸ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਰਤ ਭੂਸ਼ਣ ਆਸ਼ੂ ਸੰਭਾਲ ਨਹੀਂ ਪਾ ਰਹੇ ਹਨ।
'ਸੁਨੀਲ ਜਾਖੜ ਨੇ ਹਮੇਸ਼ਾ ਸਾਫ ਸੁਥਰੀ ਰਾਜਨੀਤੀ ਕੀਤੀ': ਬੀਜੇਪੀ ਆਗੂ ਜੀਵਨ ਗੁਪਤਾ ਨੇ ਕਿਹਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਾਂਗਰਸ ਵਿਨਾਸ਼ ਵੱਲ ਨੂੰ ਜਾ ਰਹੀ ਹੈ। ਕਾਂਗਰਸ ਦੀ ਲੀਡਰਸ਼ਿਪ ਸਾਰਿਆਂ ਨੂੰ ਇੱਕ ਕਰਨ ’ਚ ਫੇਲ੍ਹ ਸਾਬਿਤ ਹੋਈ ਹੈ। ਸੁਨੀਲ ਜਾਖੜ ਨੇ ਬਹੁਤ ਸਾਫ ਸੁਥਰੀ ਰਾਜਨੀਤੀ ਕੀਤੀ ਹੈ। ਸੁਨੀਲ ਜਾਖੜ ਨੇ ਕਾਂਗਰਸ ਨੂੰ ਛੱਡ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਕਾਂਗਰਸ ਵਿਨਾਸ਼ ਵਲ ਨੂੰ ਜਾ ਰਹੀ ਹੈ। ਸੁਨੀਲ ਜਾਖੜ ਦੇ ਬੀਜੇਪੀ ਚ ਸ਼ਾਮਲ ਹੋਣ ’ਤੇ ਉਨ੍ਹਾਂ ਕਿਹਾ ਕਿ ਅਜੇ ਇਸ ਸਬੰਧ ਚ ਕੋਈ ਗੱਲਬਾਤ ਨਹੀਂ ਹੈ। ਪਰ ਉਨ੍ਹਾਂ ਦਾ ਮਨਣਾ ਹੈ ਕਿ ਵਧੀਆ ਲੋਕ ਬੀਜੇਪੀ ਚ ਹੋਣੇ ਚਾਹੀਦੇ ਹਨ।