ਚੰਡੀਗੜ੍ਹ: ਪੰਜਾਬ ਦੇ ਸੀਐੱਮ ਭਗਵੰਤ ਮਾਨ ਵੱਲੋਂ ਵਿਧਾਇਕਾਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨਾਂ ’ਤੇ ਅਹਿਮ ਫੈਸਲਾ ਲੈਂਦਿਆ ਵੱਡਾ ਐਲਾਨ ਕੀਤਾ ਗਿਆ ਹੈ। ਸੀਐੱਮ ਮਾਨ ਦੇ ਫੈਸਲੇ ਮੁਤਾਬਿਕ ਵਿਧਾਇਕ ਚਾਹੇ ਜਿਨ੍ਹੀ ਵਾਰ ਜਿੱਤ ਕੇ ਵਿਧਾਇਕ ਬਣੇ ਹੋਣ ਪਰ ਉਨ੍ਹਾਂ ਨੂੰ ਸਿਰਫ ਇੱਕ ਵਾਰ ਦੀ ਹੀ ਪੈਨਸ਼ਨ (Only one pension for Punjab MLAs) ਮਿਲੇਗੀ।
ਇਸ ਫੈਸਲੇ ਤੋਂ ਬਾਅਦ ਹੁਣ ਸਿਆਸੀ ਪਾਰਟੀਆਂ ਦੀ ਪ੍ਰਤੀਕ੍ਰਿਰਿਆ ਵੀ ਸਾਹਮਣੇ ਆਉਣ ਲੱਗੀ ਹੈ। ਪੰਜਾਬ ਕਾਂਗਰਸ ਦੇ ਉੱਪ ਪ੍ਰਧਾਨ ਅਤੇ ਪਾਰਟੀ ਬੁਲਾਰਾ ਜੀਐਸ ਬਾਲੀ ਨੇ ਸੀਐਮ ਭਗਵੰਤ ਮਾਨ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੀਐੱਮ ਭਗਵੰਤ ਮਾਨ ਸੂਬੇ ਦਾ ਖਜਾਨਾ ਵਧਾਉਣਾ ਚਾਹੁੰਦੇ ਹਨ ਅਤੇ ਉਸ ਦੇ ਲਈ ਉਹ ਜੋ ਵੀ ਕਦਮ ਚੁੱਕਣਗੇ ਅਤੇ ਜੋ ਲੋਕਾਂ ਅਤੇ ਸੂਬੇ ਦੇ ਹਿੱਤ ਚ ਹੋਵੇਗਾ ਉਸਦਾ ਉਹ ਹਮੇਸ਼ਾ ਸਮਰਥਨ ਕਰਨਗੇ।
ਉਨ੍ਹਾਂ ਅੱਗੇ ਕਿਹਾ ਕਿ ਜਿੱਥੇ ਤੱਕ ਇੱਕ ਪੈਨਸ਼ਨ ਦੇਣ ਦੀ ਗੱਲ ਹੈ ਕਿ ਇਹ ਫੈਸਲਾ ਸਰਕਾਰ ਦਾ ਸਹੀ ਹੈ ਪਰ ਜਦੋ ਕੋਈ ਫੈਸਲਾ ਸੂਬੇ ਦੇ ਹਿੱਤ ਚ ਨਹੀਂ ਹੋਵੇਗਾ ਉਹ ਉਸਦਾ ਵਿਰੋਧ ਕਰਨਗੇ।
ਉੱਥੇ ਹੀ ਦੂਜੇ ਪਾਸੇ ਸਾਬਕਾ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਫੈਸਲਾ ਸਹੀ ਹੈ ਪਰ ਜਿਸ ਤਰੀਕੇ ਦੇ ਨਾਲ ਸਾਬਕਾ ਅਧਿਕਾਰੀ ਜਾਂ ਕਰਮਚਾਰੀ ਰਾਜਨੀਤੀ ਚ ਆਏ ਹਨ ਉਨ੍ਹਾ ਨੂੰ ਵੀ ਇੱਕ ਹੀ ਪੈਨਸ਼ਨ ਮਿਲਣੀ ਚਾਹੀਦੀ ਹੈ। ਜਾਂ ਸਰਕਾਰ ਵਾਲੀ ਜਾਂ ਸਾਬਕਾ ਵਿਧਾਇਕ ਵਾਲੀ। ਕਿਉਂਕਿ ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਨੇ ਵਿਧਾਇਕ ਦੀ ਪੈਨਸ਼ਨ ਵੀ ਮਿਲਦੀ ਹੈ ਅਤੇ ਜਿਸ ਅਹੁਦੇ ਤੋਂ ਰਿਟਾਇਰ ਹੋਏ ਹੁੰਦੇ ਹਨ ਉਸਦੀ ਵੀ ਪੈਨਸ਼ਨ ਲੈਂਦੇ ਹਨ।