ਚੰਡੀਗੜ੍ਹ: ਖਾਲਸੇ ਦੀ ਪਵਿੱਤਰ ਜਨਮ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸੇ ਦੇ ਨਿਆਰੇਪਣ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੋਲੇ ਮਹੱਲੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਵੱਡੀ ਗਿਣਤੀ ਚ ਲੋਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਲੋਕ ਹੋਲਾ ਮਹੱਲਾ ਮਨਾਉਣ ਦੇ ਲਈ ਪਹੁੰਚ ਰਹੇ ਹਨ। ਉੱਥੇ ਹੀ ਕਈ ਸਿਆਸੀ ਆਗੂਆਂ ਨੇ ਸਿੱਖ ਸੰਗਤਾਂ ਨੂੰ ਹੋਲਾ ਮੱਹਲੇ ਦੀਆਂ ਵਧਾਈਆਂ ਦਿੱਤੀਆਂ।
ਕਈ ਸਿਆਸੀ ਆਗੂਆਂ ਨੇ ਦਿੱਤੀਆਂ ਵਧਾਈਆਂ
ਪੰਜਾਬ ਦੇ ਨਵੇਂ ਬਣੇ ਸੀਐੱਮ ਭਗਵੰਤ ਮਾਨ ਨੇ ਸਿੱਖ ਸੰਗਤਾਂ ਨੂੰ ਹੋਲਾ ਮਹੱਲਾ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ੁਰੂ ਕੀਤੇ ਗਏ 'ਹੋਲੇ ਮਹੱਲੇ' ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਗੁਰੂ ਸਾਹਿਬ ਦੁਆਰਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦੀ ਸ਼ੁਰੂਆਤ ਕਰਕੇ ਸਿੱਖ ਕੌਮ ਦੀ ਬਹਾਦੁਰੀ ਦੇ ਜੌਹਰ ਨੂੰ ਪੂਰੀ ਦੁਨੀਆ ਸਾਹਮਣੇ ਰੱਖਿਆ ਗਿਆ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੱਖ ਸੰਗਤਾਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਔਰਨ ਕੀ ਹੋਲੀ ਮਮ ਹੋਲਾ । ਕਹਯੋ ਕ੍ਰਿਪਾਨਿਧ ਬਚਨ ਅਮੋਲਾ ।। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਰੰਭੇ ਪੰਥਕ ਜੋੜ ਮੇਲ ਹੋਲੇ ਮਹੱਲੇ ਦੀ ਸੰਗਤ ਨੂੰ ਵਧਾਈ। ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਇਹ ਤਿਉਹਾਰ ਸਿੱਖ ਕੌਮ ਨੂੰ ਖ਼ਾਲਸਾਈ ਸ਼ਸਤਰ ਵਿੱਦਿਆ ਨਾਲ ਜੋੜਨ ਦਾ ਮੌਕਾ ਪ੍ਰਦਾਨ ਕਰਦਾ ਹੈ।
ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਸਿੱਖ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹੋਲੀ ਕੀਨੀ ਸੰਤ ਸੇਵ ।। ਰੰਗ ਲਾਗਾ ਅਤਿ ਲਾਲ ਦੇਵ ।। ੨ ।। ਸਿੱਖ ਕੌਮ ਦੇ ਜਾਹੋ-ਜਲਾਲ ਖਾਲਸਾਈ ਖੇੜੇ ਦੇ ਪ੍ਰਤੀਕ ਹੋਲੇ ਮਹੱਲੇ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈਆਂ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਮਿਹਰ ਸਦਕਾ ਇਹ ਜੋੜ ਮੇਲ ਕੌਮ ਨੂੰ ਬਹਾਦਰੀ ਅਤੇ ਚੜ੍ਹਦੀ ਕਲਾ ਦੇ ਜਜ਼ਬੇ ਦੀ ਪ੍ਰੇਰਨਾ ਦਿੰਦਾ ਰਹੇਗਾ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਸੰਗਤਾਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਜਾਹੋ ਜਲਾਲ ਦੇ ਪ੍ਰਤੀਕ ਤਿਉਹਾਰ ਹੋਲਾ ਮਹੱਲਾ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖਾਲਸੇ ਨੂੰ ਯੁੱਧ-ਵਿੱਦਿਆ ਵਿਚ ਨਿਪੁੰਨ ਕਰਨ ਲਈ ਹੋਲਾ ਮਹੱਲਾ ਦੀ ਰਵਾਇਤ ਆਰੰਭ ਕੀਤੀ ਗਈ, ਜਿਸਨੇ ਗੁਰਸਿੱਖਾਂ ਅੰਦਰ ਚੜ੍ਹਦੀ ਕਲਾ ਦੇ ਸੁਨੇਹੇ ਨੂੰ ਹੋਰ ਦ੍ਰਿੜ੍ਹ ਕੀਤਾ।
ਦੱਸ ਦਈਏ ਕਿ ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਤੇ ਕੌਮੀ ਜੋੜ ਮੇਲਾ ਹੈ। ਇਹ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਆਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ 'ਚ ਰੰਗਿਆ ਹੁੰਦਾ ਹੈ। ਖ਼ਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ ਤੇ ਮਹੱਲਾ ਕੱਢਦਾ ਹੈ। ਹੋਲੀ ਤੋਂ ਅਗਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿਚ ਕੇਸਗੜ੍ਹ ਸਾਹਿਬ ਦੇ ਸਥਾਨ ਉੱਤੇ, ਇਕ ਮੇਲਾ ਭਰਦਾ ਹੈ, ਜਿਸ ਨੂੰ ‘ਹੋਲਾ ਮਹੱਲਾ`ਕਹਿੰਦੇ ਹਨ।
ਇਹ ਵੀ ਪੜੋ:ਗਿਆਨੀ ਹਰਪ੍ਰੀਤ ਸਿੰਘ ਨੇ ਹੋਲਾ ਮੋਹਲਾ ਦੀਆ ਦਿੱਤੀਆਂ ਵਧਾਈਆਂ