ਚੰਡੀਗੜ੍ਹ: 11ਵੀਂ ਸਦੀਂ ਦੇ ਮਹਾਨ ਮਹਾਂਪੁਰਖ ਭਗਤ ਨਾਮਦੇਵ ਦਾ ਆਗਮਨ 26 ਅਕਤੂਬਰ, 1270 (ਕੱਤਕ ਸੂਦੀ 11, ਸਾਕਾ ਸੰਮਤ 1192) ਨੂੰ ਮਹਾਂਰਾਸ਼ਟਰ ਸੂਬੇ ਦੇ ਅਜੋਕੇ ਜ਼ਿਲ੍ਹੇ ਹਿੰਗੋਲੀ (ਪੁਰਾਣਾ ਜ਼ਿਲ੍ਹਾ ਪ੍ਰਭਣੀ) ਦੇ ਕਸਬਾ ਰੂਪੀ, ਪਿੰਡ ਨਰਸੀ ਬਾਮਣੀ ਵਿੱਚ ਹੋਇਆ। ਉਸ ਵੇਲੇ ਜਾਤ-ਪਾਤ, ਊਚ-ਨੀਚ ਅਤੇ ਵਰਣਵੰਡ ਜਿਹੀਆਂ ਕੁਰੀਤੀਆਂ ਵਿੱਚ ਭਾਰਤੀ ਸਮਾਜ ਜਕੜਿਆ ਹੋਇਆ ਸੀ।
ਨਾਮਦੇਵ ਜੀ ਦੇ ਪਿਤਾ ਦਾ ਨਾਂਅ ਦਾਮਸੇਠ, ਮਾਤਾ ਦਾ ਨਾਂਅ ਗੋਨਾਬਾਈ ਅਤੇ ਭੈਣ ਦਾ ਨਾਂਅ ਔਬਾਈ ਸੀ। ਨਾਮਦੇਵ ਜੀ ਦੇ ਮਾਂ-ਬਾਪ ਛੀਂਬਾ ਜਾਤੀ ਦੇ ਹੋਣ ਕਾਰਨ ਕੱਪੜੇ ਸਿਉਣ ਅਤੇ ਰੰਗਣ ਦਾ ਕੰਮ ਕਰਦੇ ਸਨ। ਭਗਤ ਨਾਮਦੇਵ ਜੀ ਨੇ ਸੁਰਤ ਸੰਭਾਂਲਦੇ ਹੀ ਆਪਣੇ ਆਸ-ਪਾਸ ਪਸਰੇ ਹੋਏ ਉਸ ਮਾਹੌਲ ਨੂੰ ਗੌਹ ਨਾਲ ਵਾਚਣਾ ਸ਼ੁਰੂ ਕਰ ਦਿੱਤਾ, ਜਿੱਥੇ ਦਲਿਤ, ਗਰੀਬ, ਅਤੇ ਕਮਜੋਰ ਲੋਕਾਂ ਨੂੰ ਸਹੀ ਧਾਰਮਿਕ ਅਤੇ ਸਮਾਜਿਕ ਗਿਆਨ ਤੋਂ ਦੂਰ ਰੱਖਦੇ ਹੋਏ ਉਸ ਸਮੇਂ ਦੇ ਪਾਖੰਡੀ ਅਤੇ ਪੁਜਾਰੀ ਸਿਸਟਮ ਦਾ ਸ਼ਿਕਾਰ ਤਾਂ ਬਣਾਇਆ ਹੀ ਜਾ ਰਿਹਾ ਸੀ।