ਚੰਡੀਗੜ੍ਹ: ਇੱਕ ਪਾਸੇ ਜਿੱਥੇ ਪੰਜਾਬ ਦੇ ਸੀਐੱਮ ਭਗਵੰਤ ਮਾਨ ਵੱਲੋਂ ਫਰਜ਼ੀ ਸਰਟੀਫਿਕੇਟ ਮਾਮਲੇ ’ਤੇ ਕਾਰਵਾਈ ਕਰਨ ਦੀ ਗੱਲ ਆਖੀ ਗਈ ਸੀ ਉੱਥੇ ਹੀ ਦੂਜੇ ਪਾਸੇ ਗੁਰਦਾਸਪੁਰ ਤੋਂ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਜੋ ਕਿ ਖੇਡ ਸਰਟੀਫਿਕੇਟ ਤਿਆਰ ਕਰਦਾ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਾਬੂ ਕੀਤੇ ਗਏ ਵਿਅਕਤੀ ਵੱਲੋਂ ਖੇਡਾਂ ਸਬੰਧੀ ਸਰਟੀਫਿਕੇਟ ਅਤੇ ਮੈਡਲਾਂ ਨੂੰ ਵੇਚਣ ਦੇ ਲਈ ਸਾਈਟ ਵੀ ਬਣਾਈ ਗਈ ਹੈ ਜੋ ਕਿ ਅਜੇ ਵੀ ਐਕਟਿਵ ਹੈ।
ਮੀਡੀਆ ਰਿਪੋਰਟਾਂ ਤੋਂ ਸਾਹਮਣੇ ਆਇਆ ਹੈ ਕਿ ਫਰਜੀ ਖੇਡ ਸਰਟੀਫਿਕੇਟ ਤਿਆਰ ਕਰਨ ਵਾਲੇ ਵਿਅਕਤੀ ਵੱਲੋਂ ਯੂਥ ਏਸ਼ੀਅਨ ਗੇਮ ਫੇਡਰੇਸ਼ਨ ਆਫ ਇੰਡੀਆ ਦੇ ਨਾਂ ’ਤੇ ਸੰਸਥਾ ਵੀ ਬਣਾਈ ਹੈ ਜਿਸ ’ਤੇ ਗੋਲਡ ਮੈਡਲ, ਬ੍ਰਾਂਜ ਮੈਡਲ ਅਤੇ ਸਿਲਵਰ ਮੈਡਲ ਦੇ ਨਾਲ-ਨਾਲ ਸਰਟੀਫਿਕੇਟ ਵੇਚੇ ਜਾਂਦੇ ਸੀ। ਇਨ੍ਹਾਂ ਦੀਆਂ ਕੀਮਤਾਂ ਵੀ ਵੱਖ-ਵੱਖ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ 25 ਹਜ਼ਾਰ ਰੁਪਏ ’ਚ ਗੋਲਡ, ਬ੍ਰਾਂਜ 7000 ਰੁਪਏ ਅਤੇ ਸਿਲਵਰ 12 ਹਜ਼ਾਰ ਰੁਪਏ ’ਚ ਸਰਟੀਫਿਕੇਟ ਵੇਚੇ ਜਾਂਦੇ ਸੀ।
7 ਸੂਬਿਆਂ ’ਚ 1 ਹਜ਼ਾਰ ਤੱਕ ਵੇਚੇ ਜਾ ਚੁੱਕੇ ਹਨ ਸਰਟੀਫਿਕੇਟ: ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹੁਣ ਤੱਕ 7 ਸੂਬਿਆਂ ’ਚ 1 ਹਜ਼ਾਰ ਤੋਂ ਜਿਆਦਾ ਸਰਟੀਫਿਕੇਟ ਵੇਚੇ ਜਾ ਸਕਦੇ ਹਨ। ਇਨ੍ਹਾਂ ਸੂਬਿਆਂ ’ਚ ਪੰਜਾਬ, ਹਰਿਆਣਾ ਅਤੇ ਹਿਮਾਚਲ ਆਦਿ ਦਾ ਨਾਂ ਸ਼ਾਮਲ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਵੈੱਬਸਾਈਟ ਅਜੇ ਵੀ ਐਕਟਿਵ ਹੈ। ਲੋਕਾਂ ਦੇ ਨਾਲ ਵਾਟਸਐਪ ਦੇ ਜਰੀਏ ਸੰਪਰਕ ਕੀਤਾ ਜਾਂਦਾ ਸੀ।
ਸੀਐੱਮ ਮਾਨ ਵੱਲੋਂ ਕੀਤਾ ਗਿਆ ਸੀ ਟਵੀਟ: ਕਾਬਿਲੇਗੌਰ ਹੈ ਕਿ ਕੁਝ ਸਮਾਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਨ੍ਹਾਂ ਫਰਜ਼ੀ ਡਿਗਰੀਆਂ ਨੂੰ ਲੈ ਕੇ ਟਵੀਟ ਕਰ ਜਾਣਕਾਰੀ ਦਿੱਤੀ ਗਈ ਸੀ। ਸੀਐੱਮ ਮਾਨ ਨੇ ਕਿਹਾ ਸੀ ਕਿ ਮੇਰੇ ਧਿਆਨ ਚ ਬਹੁਤ ਕੇਸ ਆਏ ਨੇ ਕਿ ਬਹੁਤ ਹੀ ਰਸੂਖਦਾਰ ਅਤੇ ਰਾਜਨੀਤਕ ਲੋਕਾਂ ਦੇ ਰਿਸ਼ਤੇਦਾਰ ਜਾਅਲੀ ਡਿਗਰੀਆਂ ਨਾਲ ਸਰਕਾਰੀ ਨੌਕਰੀਆਂ ਲੈ ਕੇ ਬੈਠੇ ਨੇ। ਜਲਦੀ ਹੀ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਇੱਕ -ਇੱਕ ਪੈਸੇ ਦਾ ਹਿਸਾਬ ਲੋਕਾਂ ਸਾਹਮਣੇ ਰੱਖਿਆ ਜਾਵੇਗਾ। ਸੀਐੱਮ ਮਾਨ ਦੇ ਇਸ ਟਵੀਟ ਦੇ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਉਨ੍ਹਾਂ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਜੋ ਫਰਜੀ ਡਿਗਰੀਆਂ ਨਾਲ ਸਰਕਾਰੀ ਨੌਕਰੀ ਕਰ ਰਹੇ ਹਨ।
ਇਹ ਵੀ ਪੜੋ:ਪੂਰੀ ਦੁਨੀਆ ਵਿਚ ਮੱਲਾਂ ਮਾਰਨ ਵਾਲੇ ਪੰਜਾਬ ਦੇ ਖਿਡਾਰੀਆਂ ਦਾ ਸਰਕਾਰਾਂ ’ਤੇ ਫੁੱਟਿਆ ਗੁੱਸਾ