ਪੰਜਾਬ

punjab

By

Published : Jun 4, 2022, 4:01 PM IST

ETV Bharat / city

ਮੂਸੇਵਾਲਾ ਕਤਲ ਕਾਂਡ: ਪੁਲਿਸ ਹੱਥ ਲੱਗੀ ਸ਼ਾਰਪ ਸ਼ੂਟਰ ਦੀ ਵੀਡੀਓ, ਕਿਸਨੇ ਬਣਾਈ ਸੀ ਵੀਡੀਓ ਤੇ ਕਿਵੇਂ ਲੱਗੀ ਪੁਲਿਸ ਹੱਥ ?

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਤਾਰ ਹਰਿਆਣਾ, ਰਾਜਸਥਾਨ, ਦੇਸ਼ ਦੇ ਕਈ ਹੋਰਨਾਂ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ ਨਾਲ ਵੀ ਜੁੜ ਰਹੇ ਹਨ। ਪੰਜਾਬ ਪੁਲਿਸ ਵੱਲੋਂ ਸ਼ਾਰਪ ਸ਼ੂਟਰਾਂ ਦੀ ਗ੍ਰਿਫਤਾਰੀ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਪਰ ਅਜੇ ਤੱਕ ਕੋਈ ਖਾਸ ਕਾਮਯਾਬੀ ਪੁੁਲਿਸ ਹੱਥ ਨਹੀਂ ਲੱਗ ਸਕੀ ਹੈ। ਇਸ ਮਾਮਲੇ ਵਿੱਚ ਇੱਕ ਹੋਰ ਜਾਣਕਾਰੀ ਮਿਲੀ ਹੈ ਕਿ ਇੱਕ ਹਮਲਾਵਰ ਦੇ ਮੂਸੇਵਾਲਾ ਉੱਪਰ ਗੋਲੀਆਂ ਚਲਾਉਣ ਦਾ ਵੀਡੀਓ ਪੁਲਿਸ ਹੱਥ ਲੱਗਾ ਹੈ ਜਿਸ ਦੇ ਚੱਲਦੇ ਪੁਲਿਸ ਨੇ ਜਾਂਚ ਪੜਤਾਲ ਹੋਰ ਤੇਜ਼ ਕਰ ਦਿੱਤੀ ਹੈ।

ਸਿੱਧੂ ਮੂੁਸੇਵਾਲਾ ਕਤਲਕਾਂਡ ਮਾਮਲੇ ਵਿੱਚ ਪੁਲਿਸ ਹੱਥ ਲੱਗੀ ਅਹਿਮ ਵੀਡੀਓ
ਸਿੱਧੂ ਮੂੁਸੇਵਾਲਾ ਕਤਲਕਾਂਡ ਮਾਮਲੇ ਵਿੱਚ ਪੁਲਿਸ ਹੱਥ ਲੱਗੀ ਅਹਿਮ ਵੀਡੀਓ

ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਤਲਕਾਂਡ ਮਾਮਲੇ ਵਿੱਚ ਪੰਜਾਬ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਬੈਠੇ ਉਸਦੇ ਪ੍ਰਸ਼ੰਸਕਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਮੂਸੇਵਾਲਾ ਦੇ ਪਰਿਵਾਰ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨਾਲ ਵੀ ਮੁਲਾਕਾਤ ਕੀਤੀ ਜਾ ਰਹੀ ਹੈ ਤਾਂ ਕਿ ਇਨਸਾਫ ਹਾਸਿਲ ਕੀਤਾ ਜਾ ਸਕੇ।

ਪਰਿਵਾਰ ਤੇ ਚਾਹੁਣ ਵਾਲਿਆਂ ਨੂੰ ਇਨਸਾਫ ਦੀ ਉਡੀਕ: ਮੂਸੇਵਾਲਾ ਕਤਲਕਾਂਡ ਹੋਏ ਨੂੰ 6 ਦਾ ਸਮਾਂ ਹੋ ਚੁੱਕਿਆ ਹੈ ਪਰ ਅਜੇ ਤੱਕ ਇਨਸਾਫ ਨਹੀਂ ਮਿਲ ਸਕਿਆ ਹੈ ਜਿਸ ਕਰਕੇ ਨੌਜਵਾਨਾਂ ਅਤੇ ਆਮ ਲੋਕਾਂ ਵਿੱਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਇਸ ਰੋਸ ਦੇ ਚੱਲਦੇ ਸਰਕਾਰ ਉੱਪਰ ਇਨਸਾਫ ਨੂੰ ਲੈਕੇ ਦਬਾਅ ਬਣਿਆ ਹੋਇਆ ਹੈ। ਇਸਦੇ ਚੱਲਦੇ ਲਗਾਤਾਰ ਪੁਲਿਸ ਵੱਲੋਂ ਹਮਲਾਵਰਾਂ ਤੱਕ ਪਹੁੰਚਣ ਲਈ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਹੱਥ ਕਿਹੜਾ ਲੱਗਿਆ ਅਹਿਮ ਸਬੂਤ?:ਹੁਣ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਪੁਲਿਸ ਹੱਥ ਅਹਿਮ ਸਬੂਤ ਲੱਗੇ ਹਨ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਕਾਤਲਾਂ ਦੀ ਇੱਕ ਵੀਡੀਓ ਹਾਸਿਲ ਕੀਤੀ ਗਈ ਹੈ ਜਿਸ ਵਿੱਚ ਹਮਲਾਵਰ ਥਾਰ ਵਿੱਚ ਬੈਠੇ ਮੂਸੇਵਾਲਾ ਉੱਪਰ ਗੋਲੀਆਂ ਚਲਾਉਂਦਾ ਵਿਖਾਈ ਦੇ ਰਿਹਾ ਹੈ। ਇਹ ਵੀਡੀਓ ਮਾਨਸਾ ਦੇ ਇੱਕ ਨੌਜਵਾਨ ਵੱਲੋਂ ਬਣਾਈ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜਦੋਂ ਹਮਲਾਵਰ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਉਸਦੀ ਕਿਸੇ ਵੀ ਵੱਲੋਂ ਵੀਡੀਓ ਬਣਾਈ ਜਾ ਰਹੀ ਤਾਂ ਮੁਲਜ਼ਮ ਵੱਲੋਂ ਨੌਜਵਾਨ ਉੱਪਰ ਵੀ ਫਾਇਰਿੰਗ ਕੀਤੀ ਗਈ ਦੱਸੀ ਜਾ ਰਹੀ ਹੈ ਜਿਸ ਤੋਂ ਵੀਡੀਓ ਬਣਾਉਣ ਵਾਲਾ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ।

ਇਸ ਮਾਮਲੇ ਸਬੰਧੀ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਜਿਸ ਨੌਜਵਾਨ ਤੋਂ ਪੁਲਿਸ ਵੱਲੋਂ ਵੀਡੀਓ ਲਈ ਗਈ ਹੈ ਉਸ ਦੀ ਜਾਣਕਾਰੀ ਪੁਲਿਸ ਵੱਲੋਂ ਸੁਰੱਖਿਆ ਕਾਰਨ ਕਰਕੇ ਗੁਪਤ ਰੱਖੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਵੀਡੀਓ ਹਮਲਾਵਰਾਂ ਤੱਕ ਪਹੁੰਚਣ ਲਈ ਪੁਲਿਸ ਲਈ ਬਹੁਤ ਸਹਾਈ ਹੋਵੇਗੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਜਦੋਂ ਨੌਜਵਾਨ ਵੱਲੋਂ ਵੀਡੀਓ ਬਣਾਈ ਜਾ ਰਹੀ ਤਾਂ ਉਸ ਨੂੰ ਇਸਦੀ ਕੋਈ ਜਾਣਕਾਰੀ ਨਹੀਂ ਸੀ ਕਿ ਥਾਰ ਵਿੱਚ ਮੂਸੇਵਾਲਾ ਹੈ।

ਪੁਲਿਸ ਵੱਲੋਂ ਜਾਂਚ ਦੌਰਾਨ ਨੌਜਵਾਨ ਤੱਕ ਪਹੁੰਚ ਕੀਤੀ ਗਈ ਹੈ। ਕਤਲਕਾਂਡ ਵਾਲੀ ਜਗ੍ਹਾ ’ਤੇ ਪੁਲਿਸ ਵੱਲੋਂ ਨੰਬਰਾਂ ਦੀ ਜਾਂਚ ਕੀਤੀ ਗਈ ਜੋ ਉਸ ਸਮੇਂ ਉੱਥੇ ਮੌਜੂਦ ਸਨ ਤਾਂ ਪਤਾ ਲੱਗਾ ਕਿ ਇਹ ਨੌਜਵਾਨ ਉਸ ਥਾਂ ਉੱਪਰ ਮੌਜੂਦ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਨੌਜਵਾਨ ਨੂੰ ਟਰੇਸ ਕੀਤਾ ਗਿਆ ਹੈ ਤੇ ਇਸ ਸਾਰੀ ਵਾਰਦਾਤ ਦਾ ਪਤਾ ਲੱਗਿਆ ਹੈ।

ਸਿੱਧੂ ਮੂੁਸੇਵਾਲਾ ਕਤਲਕਾਂਡ ਮਾਮਲੇ ਵਿੱਚ ਪੁਲਿਸ ਹੱਥ ਲੱਗੀ ਅਹਿਮ ਵੀਡੀਓ

ਕਿੱਥੇ ਜੁੜੇ ਕਤਲ ਦੇ ਤਾਰ?: ਮੂਸੇਵਾਲਾ ਮਾਮਲੇ ਦੇ ਹਰਿਆਣਾ ਨਾਲ ਜੁੜ ਰਹੇ ਹਨ। ਪੁਲਿਸ ਵੱਲੋਂ ਹਰਿਆਣਾ ਦੇ ਬਦਮਾਸ਼ਾ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਬਦਮਾਸ਼ ਪ੍ਰਿਵਰਤ ਫੌਜੀ ਅਤੇ ਅੰਕਿਤ ਜਾਂਟੀ ਨੂੰ ਭਾਲ ਕਰ ਰਹੀ ਹੈ। ਪ੍ਰਿਵਰਤ ਫੌਜੀ ਸੋਨੀਪਤ ਦੇ ਗੜ੍ਹੀ ਸਿਸਾਨਾ ਦਾ ਰਹਿਣਾ ਵਾਲਾ ਹੈ। ਹਰਿਆਣਾ ਦੇ ਸੇਰਸਾ ਦੇ ਅੰਕਿਤ ਅਪਰਾਧਿਕ ਰਿਕਾਰਡ ਪੁਲਿਸ ਵੱਲੋਂ ਖੰਗਾਲਿਆ ਜਾ ਰਿਹਾ ਹੈ। ਇਹ ਦੋਵੇਂ ਬਦਮਾਸ਼ ਪੈਟਰੋਲ ਪੰਪ ਉੱਪਰ ਬਲੈਰੋ ਗੱਡੀ ਵਿੱਚ ਤੇਲ ਭਰਵਾਉਂਦੇ ਨਜ਼ਰ ਆਏ ਸਨ ਜਿਸ ਤੋਂ ਬਾਅਦ ਮੁਲਜ਼ਮ ਪੰਜਾਬ ਪੁਲਿਸ ਦੀ ਰਡਾਰ ’ਤੇ ਆਏ। ਇਹੀ ਬਲੈਰੋ ਗੱਡੀ 4 ਦਿਨ ਪਹਿਲਾਂ ਮਾਨਸਾ ਵਿੱਚ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਮਾਨਸਾ ਵਿੱਚ ਵੇਖੀ ਗਈ ਸੀ। ਜਿਸ ਤੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਮੂਸੇਵਾਲਾ ਕਤਲ ਮਾਮਲੇ ਵਿੱਚ ਫੌਜੀ ਅਤੇ ਅੰਕਿਤ ਸ਼ਾਮਲ ਹਨ।

ਰਾਜਸਥਾਨ ਤੋਂ ਕਿਸਨੂੰ ਕੀਤਾ ਗ੍ਰਿਫਤਾਰ: ਮੂਸੇਵਾਲਾ ਕਤਲ ਮਾਮਲੇ ਦੇ ਤਾਰ ਹਰਿਆਣਾ ਦੇ ਨਾਲ ਨਾਲ ਰਾਜਸਥਾਨ ਨਾਲ ਵੀ ਜੁੜੇ ਹਨ। ਇਸ ਮਾਮਲੇ ਵਿੱਚ ਰਾਜਸਥਾਨ ਪੁਲਿਸ ਵੱਲੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਸੰਦੀਪ ਜਾਟ ਅਤੇ ਦਿਨੇਸ਼ ਯਾਦਵ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿੰਨ੍ਹਾਂ ਤੋਂ ਪੁਲਿਸ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਗੈਂਗਸਟਰ ਸੁਭਾਸ਼ ਬਰਾਲ ਦਾ ਨਾਮ ਵੀ ਇਸ ਮਾਮਲੇ ਵਿੱਚ ਸਾਹਮਣੇ ਆ ਰਿਹਾ ਹੈ। ਪੰਜਾਬ ਪੁਲਿਸ ਇਸ ਮਾਮਲੇ ਵਿੱਚ ਕਈ ਸੂਬਿਆਂ ਦੀ ਪੁਲਿਸ ਨਾਲ ਤਾਲਮੇਲ ਰੱਖ ਰਹੀ ਹੈ ਤਾਂ ਕਿ ਮੁਲਜ਼ਮਾਂ ਤੱਕ ਜਲਦ ਤੋਂ ਜਲਦ ਪਹੁੰਚਿਆ ਜਾ ਸਕੇ।

ਕਤਲਕਾਂਡ ਮਾਮਲੇ ’ਚ ਹੁਣ ਤੱਕ ਦੀ ਕਾਰਵਾਈ: ਮੂਸੇਵਾਲਾ ਕਤਲ ਕਾਂਡ ਵਿੱਚ ਪੁਲਿਸ ਵੱਲੋਂ ਮਨਪ੍ਰੀਤ ਭਾਊ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਮੁਲਜ਼ਮ ਉੱਤੇ ਹਮਲਾਵਰਾਂ ਨੂੰ ਕਰੋਲਾ ਗੱਡੀ ਮੁਹੱਈਆ ਕਰਵਾਉਣ ਦੇ ਇਲਜ਼ਾਮ ਲੱਗੇ ਹਨ। ਮੂਸੇਵਾਲਾ ਦੇ ਕਤਲ ਨੂੰ ਲੈਕੇ ਜੇਲ੍ਹਾਂ ਵਿੱਚ ਬੈਠੇ ਗੈਂਗਸਟਰਾਂ ਤੋਂ ਵੀ ਪੁਲਿਸ ਜਾਂਚ ਕਰ ਰਹੀ ਹੈ।

ਪੁਲਿਸ ਵੱਲੋਂ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਬਿਸ਼ਨੋਈ ਨੇ ਇਹ ਮੰਨਿਆ ਹੈ ਕਿ ਇਹ ਕੰਮ ਉਸਦੇ ਗੈਂਗ ਦਾ ਕੀਤਾ ਹੋ ਸਕਦਾ ਹੈ। ਇਸਦੇ ਨਾਲ ਪੁਲਿਸ ਨੇ ਲਾਰੈਂਸ ਦੇ ਕਈ ਕਰੀਬੀਆਂ ਤੋਂ ਪੁੱਛਗਿੱਛ ਕੀਤੀ ਹੈ ਜਿਸ ਵਿੱਚ ਸੰਪਤ ਨਹਿਰਾ ਤੋਂ ਵੀ ਪੁਲਿਸ ਪੁੱਛਗਿੱਛ ਕਰ ਚੁੱਕੀ ਹੈ ਜਿਸ ਦੇ ਚੱਲਦੇ ਪੰਜਾਬ ਪੁਲਿਸ ਉਸਨੂੰ ਤਿਹਾੜ ਜੇਲ੍ਹ ਤੋਂ ਲੈਕੇ ਆਈ ਸੀ।

ਇਸਦੇ ਚੱਲਦੇ ਪੁਲਿਸ ਵੱਲੋਂ ਗੈਂਗਸਟਰ ਮਨਪ੍ਰੀਤ ਮੰਨਾ ਤੋਂ ਪੁੱਛਗਿੱਛ ਕੀਤੀ ਗਈ ਹੈ। ਹਮਲਾਵਰਾਂ ਵੱਲੋਂ ਮਨਪ੍ਰੀਤ ਦੀ ਕਰੋਲਾ ਗੱਡੀ ਦੀ ਵਰਤੋਂ ਕੀਤੀ ਗਈ ਸੀ। ਇਸਦੇ ਨਾਲ ਹੀ ਜੇਲ੍ਹ ਵਿੱਚ ਹੀ ਬੰਦ ਗੈਂਗਸਟਰ ਸਰਾਜ ਮਿੰਟੂ ਤੋਂ ਵੀ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਗਈ ਹੈ ਜੋ ਕਿ ਲਾਰੈਂਸ ਬਿਸ਼ਨੋਈ ਦਾ ਕਾਫੀ ਕਰੀਬੀ ਹੈ। ਇਸਦੇ ਨਾਲ ਹੀ ਮਿੰਟੂ ਦੇ ਕਹਿਣ ਤੇ ਹੀ ਮਨਪ੍ਰੀਤ ਭਾਊ ਵੱਲੋਂ ਹਮਲਾਵਰਾਂ ਨੂੰ ਗੱਡੀ ਮੁਹੱਈਆ ਕਰਵਾਉਣ ਦੀ ਵੀ ਚਰਚਾ ਹੈ।

ਲਾਰੈਂਸ ਤੋਂ ਬਾਅਦ ਪੁਲਿਸ ਵੱਲੋਂ ਦੇਸ਼ ਦੇ ਵੱਖ ਵੱਖ ਥਾਵਾਂ ਉੱਪਰ ਰੇਡ ਕੀਤੀ ਜਾ ਰਹੀ ਹੈ।ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਨੇਪਾਲ, ਉੱਤਰਪ੍ਰਦੇਸ਼ ਦੇ ਮੁਜੱਫਰਨਗਰ ਵਿੱਚ ਰੇਡ ਕੀਤੀ ਗਈ ਹੈ ਤਾਂ ਕਿ ਹਮਲਾਵਰਾਂ ਨੂੰ ਫੜਿਆ ਜਾ ਸਕੇ। ਪੁਲਿਸ ਨੂੰ ਮੁਲਜ਼ਮਾਂ ਦੇ ਇਸ ਥਾਂ ਉੱਪਰ ਲੁਕੇ ਹੋਣ ਦਾ ਖਦਸ਼ਾ ਹੈ।

ਪੁਲਿਸ ਵੱਲੋਂ ਹਰਿਆਣਾ ਦੇ ਫਤਿਹਾਬਾਦ ਤੋਂ ਪਵਨ ਬਿਸ਼ਨੋਈ ਅਤੇ ਨਸੀਬ ਖਾਨ ਨੂੰ ਫੜਿਆ ਗਿਆ ਹੈ। ਇੰਨ੍ਹਾਂ ਲੋਕਾਂ ਦੇ ਮੂਸੇਵਾਲਾ ਮਾਮਲੇ ਨਾਲ ਤਾਰ ਜੋੜੇ ਜਾ ਰਹੇ ਹਨ। ਫਿਲਹਾਲ ਪੁਲਿਸ ਵੱਲੋਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੇਡ ਮਾਰੀ ਜਾ ਰਹੀ ਹੈ ਤਾਂ ਕਿ ਮੂਸੇਵਾਲਾ ਦੇ ਪਰਿਵਾਰ ਅਤੇ ਉਸਦੇ ਚਾਹੁਣ ਵਾਲਿਆਂ ਨੂੰ ਇਨਸਾਫ ਮਿਲ ਸਕੇ।

ਇਹ ਵੀ ਪੜ੍ਹੋ:ਸਿੱਧੂ ਮੂਸੇਵਾਲਾ ਕਤਲ ਕੇਸ : ਪੁਲਿਸ ਨੇ ਸ਼ੱਕੀ ਸ਼ਾਰਪ ਸ਼ੂਟਰਾਂ ਦੀ ਕੀਤੀ ਪਛਾਣ, ਜਾਣੋ ਕੌਣ ਹਨ ਇਹ ਸ਼ੂਟਰ...

ABOUT THE AUTHOR

...view details