ਚੰਡੀਗੜ੍ਹ: ਸੂਬੇ ਵਿੱਚ ਸ਼ਨੀਵਾਰ ਤੇ ਐਤਵਾਰ ਨੂੰ ਵੀਕੈਂਡ ਲੌਕਡਾਊਨ ਲਗਾਇਆ ਗਿਆ ਹੈ। ਇਸ ਲੌਕਡਾਊਨ ਦੌਰਾਨ ਸੂਬੇ 'ਚ ਸਾਰੇ ਬਾਜ਼ਾਰ ਅਤੇ ਮਾਲ ਬੰਦ ਰਹਿਣਗੇ। ਵੀਕੈਂਡ ਲੌਕਡਾਊਨ ਉੱਤੇ ਕੇਵਲ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਸ਼ਾਮ ਸਾਢੇ 6 ਵਜੇ ਤੱਕ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਅਜਿਹੇ 'ਚ ਨਵਾਂਗਾਓਂ 'ਚ ਈਟੀਵੀ ਭਾਰਤ ਵੱਲੋਂ ਇੱਕ ਰਿਐਲਟੀਚੈੱਕ ਕੀਤਾ ਗਿਆ। ਇਸ ਦੌਰਾਨ ਵੇਖਿਆ ਗਿਆ ਕਿ ਪੁਲਿਸ ਸਖ਼ਤੀ ਨਾਲ ਲੋਕਾਂ ਤੋਂ ਲੌਕਡਾਊਨ ਦਾ ਪਾਲਣ ਕਰਵਾ ਰਹੀ ਹੈ।
ਨਵਾਂਗਾਓ 'ਚ ਪੁਲਿਸ ਸਖ਼ਤੀ ਨਾਲ ਕਰਵਾ ਰਹੀ ਲੌਕਡਾਊਨ ਦਾ ਪਾਲਣ ਇਸ ਮੌਕੇ ਪੁਲਿਸ ਅਧਿਕਾਰੀ ਬੂਟਾ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸ਼ੁੱਕਰਵਾਰ ਸ਼ਾਮ ਤੋਂ ਹੀ ਦੁਕਾਨਾਂ ਬੰਦ ਕਰਵਾਉਣ 'ਚ ਲੱਗੀ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਜੋ ਲੋਕ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਜਾ ਰਹੇ ਹਨ, ਉਨ੍ਹਾਂ 'ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ।।
ਦੱਸਣਯੋਗ ਹੈ ਕਿ ਲੋਕ ਉਸ ਵੇਲੇ ਤੱਕ ਦੁਕਾਨਾਂ ਬੰਦ ਰੱਖਦੇ ਹਨ ਜਦੋਂ ਤੱਕ ਪੁਲਿਸ ਗਸ਼ਤ ਕਰ ਰਹੀ ਹੈ। ਪੁਲਿਸ ਦੇ ਜਾਣ ਤੋਂ ਬਾਅਦ ਲੋਕ ਮੁੜ ਤੋਂ ਦੁਕਾਨਾਂ ਖੋਲ੍ਹ ਰਹੇ ਹਨ। ਪੁਲਿਸ ਅਧਿਕਾਰੀ ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਬਾਰ ਬਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਦੁਕਾਨਾਂ ਨੂੰ ਬੰਦ ਰੱਖਣ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵੀ ਜੇ ਕੋਈ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਮਾਮਲੇ ਦਰਜ ਕੀਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਸੂਬੇ ਵਿੱਚ ਮੁੜ ਤੋਂ ਵੀਕੈਂਡ ਲੌਕਡਾਊਨ ਲਗਾਉਣ ਦਾ ਐਲਾਨ ਕੀਤਾ ਅਤੇ ਇਸੇ ਤਹਿਤ ਅੱਜ ਸ਼ਨੀਵਾਰ ਅਤੇ ਭਲਕੇ ਐਤਵਾਰ ਨੂੰ ਸੂਬੇ ਵਿੱਚ ਸਾਰੇ ਬਾਜ਼ਾਰ ਅਤੇ ਮਾਲ ਬੰਦ ਰਹਿਣਗੇ।
ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਵਿਆਹ ਅਤੇ ਭੋਗ ਸਮਾਗਮਾਂ ਤੋਂ ਇਲਾਵਾ ਪੰਜ ਤੋਂ ਵਧੇਰੇ ਵਿਅਕਤੀਆਂ ਦੀ ਸ਼ਮੂਲੀਅਤ ਵਾਲੇ ਸਾਰੇ ਇਕੱਠਾਂ 'ਤੇ ਰੋਕ ਲਈ ਧਾਰਾ 144 ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਅਜਿਹੇ ਇਕੱਠ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।