ਚੰਡੀਗੜ੍ਹ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ ਪੰਜਾਬ ਦਾ ਦੌਰਾ ਕਰਨ ਜਾ ਰਹੇ ਹਨ। ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਮੁੱਲਾਪੁਰ (ਮੁਹਾਲੀ) ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਦਾ ਉਦਘਾਟਨ ਕਰਨਗੇ।
ਮੁੱਲਾਪੁਰ ਵਿੱਚ ਬਣਾਏ ਜਾਣ ਵਾਲੇ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਰਾਜ ਵਿੱਚ ਕਿਫਾਇਤੀ ਕੈਂਸਰ ਦੇ ਇਲਾਜ ਨੂੰ ਹੁਲਾਰਾ ਦੇਵੇਗਾ। ਦੱਸ ਦਈਏ ਕਿ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਮੰਗਲਵਾਰ ਨੂੰ ਇਸ ਵੱਕਾਰੀ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਜਾਣਕਾਰੀ ਅਨੁਸਾਰ ਹੋਮੀ ਭਾਭਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਵਿੱਚ ਹੁਣ ਤੱਕ 300 ਦੇ ਕਰੀਬ ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਇਸ ਖੋਜ ਕੇਂਦਰ ਦੀ ਸਮਰੱਥਾ 300 ਬਿਸਤਰਿਆਂ ਦੀ ਹੈ। ਜੋ ਕਿ ਫਿਲਹਾਲ ਅੰਸ਼ਕ ਤੌਰ 'ਤੇ ਕੰਮ ਕਰ ਰਿਹਾ ਹੈ।
ਇਸ ਹਸਪਤਾਲ ਵਿੱਚ ਸਰਜੀਕਲ ਓਨਕੋਲੋਜੀ, ਮੈਡੀਕਲ ਓਨਕੋਲੋਜੀ, ਰੇਡੀਏਸ਼ਨ ਓਨਕੋਲੋਜੀ, ਪ੍ਰੀਵੈਨਟਿਵ ਓਨਕੋਲੋਜੀ, ਅਨੱਸਥੀਸੀਆ ਅਤੇ ਪੈਲੀਏਟਿਵ ਕੇਅਰ ਲਈ ਓਪੀਡੀਜ਼ ਸ਼ੁਰੂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਕੈਂਸਰ ਦੀਆਂ ਵੱਖ-ਵੱਖ ਕਿਸਮਾਂ ਦਾ ਪਤਾ ਲਗਾਉਣ ਲਈ ਜਿਨ੍ਹਾਂ ਟੈਸਟਾਂ ਦੀ ਲੋੜ ਹੁੰਦੀ ਹੈ, ਉਹ ਸਾਰੀਆਂ ਆਧੁਨਿਕ ਸਹੂਲਤਾਂ ਇੱਥੇ ਉਪਲਬਧ ਹਨ।