ਚੰਡੀਗੜ੍ਹ:ਮਾਘ ਮਹੀਨੇ ਦੇ ਸ਼ੁਕਲ ਪੱਖ ਦੇ ਪੰਜਵਾਂ ਦਿਨ ਬਸੰਤ ਪੰਚਮੀ (Basant Panchami 2022) ਵਜੋਂ ਮਨਾਇਆ ਜਾਂਦਾ ਹੈ। ਇਸ ਵਿਸ਼ੇਸ਼ ਤਿਉਹਾਰ ਵਿੱਚ ਵਿੱਦਿਆ ਅਤੇ ਕਲਾ ਦੀ ਦੇਵੀ, ਦੇਵੀ ਸਰਸਵਤੀ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਸਰਸਵਤੀ ਨੂੰ ਸਮਰਪਿਤ ਤਿਉਹਾਰ ਬਸੰਤ ਪੰਚਮੀ ਇਸ ਵਾਰ 5 ਫਰਵਰੀ ਯਾਨੀ ਅੱਜ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਬਾਗੀਸ਼ਵਰੀ ਜਯੰਤੀ ਅਤੇ ਸ਼੍ਰੀ ਪੰਚਮੀ ਵਜੋਂ ਵੀ ਜਾਣਿਆ ਜਾਂਦਾ ਹੈ। ਜੋਤੀਸ਼ਾਚਾਰੀਆ ਡਾ. ਅਨੀਸ਼ ਵਿਆਸ ਨੇ ਦੱਸਿਆ ਕਿ ਇਸ ਦਿਨ ਮਾਤਾ ਸਰਸਵਤੀ ਦਾ ਪ੍ਰਕਾਸ਼ ਹੋਇਆ ਸੀ, ਜਿਸ ਕਾਰਨ ਇਹ ਤਿਉਹਾਰ ਬਸੰਤ ਪੰਚਮੀ ਵਜੋਂ ਮਨਾਇਆ ਜਾਂਦਾ ਹੈ।
ਲੋਕਾਂ ਵੱਲੋਂ ਧੂਮਧਾਮ ਦੇ ਨਾਲ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ਵਾਸੀਆਂ ਨੂੰ ਬਸੰਤ ਪੰਚਮੀ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਬਸੰਤ ਪੰਚਮੀ ਅਤੇ ਸਰਸਵਤੀ ਪੂਜਾ ਦੇ ਸ਼ੁਭ ਮੌਕੇ 'ਤੇ ਸਾਰੇ ਦੇਸ਼ਵਾਸੀਆਂ ਨੂੰ ਮੇਰੀਆਂ ਨਿੱਘੀਆਂ ਸ਼ੁਭਕਾਮਨਾਵਾਂ। ਮੈਂ ਕਾਮਨਾ ਕਰਦਾ ਹਾਂ ਕਿ ਬਸੰਤ ਦੀ ਆਮਦ ਸਾਰੇ ਦੇਸ਼ਵਾਸੀਆਂ ਦੇ ਜੀਵਨ ਵਿੱਚ ਖੁਸ਼ਹਾਲੀ ਅਤੇ ਚੰਗੀ ਸਿਹਤ ਲੈ ਕੇ ਆਵੇ ਅਤੇ ਵਿੱਦਿਆ ਦੀ ਦੇਵੀ ਸਰਸਵਤੀ ਹਰ ਇੱਕ ਦੇ ਜੀਵਨ ਨੂੰ ਗਿਆਨ ਦੀ ਰੌਸ਼ਨੀ ਨਾਲ ਰੌਸ਼ਨ ਕਰੇ।
ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਭ ਨੂੰ ਬਸੰਤ ਪੰਚਮੀ ਅਤੇ ਸਰਸਵਤੀ ਪੂਜਾ ਦੀਆਂ ਬਹੁਤ ਬਹੁਤ ਵਧਾਈਆਂ। ਮਾਂ ਸ਼ਾਰਦਾ ਦਾ ਆਸ਼ੀਰਵਾਦ ਤੁਹਾਡੇ ਸਾਰਿਆਂ ਉੱਤੇ ਬਣਿਆ ਰਹੇ ਅਤੇ ਰਿਤੂਰਾਜ ਬਸੰਤ ਸਾਰਿਆਂ ਦੇ ਜੀਵਨ ਵਿੱਚ ਖੁਸ਼ੀਆਂ ਲੈ ਕੇ ਆਵੇ।