ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਜ਼ਮੀਨੀ ਪੱਧਰ ਤੱਕ ਜਾਗਰੂਕਤਾ ਦੀ ਗੱਲ ਕਰਦਿਆਂ ਕਿਹਾ ਕਿ 2013-14 'ਚ ਲਿੰਗ ਅਨੁਪਾਤ 890/1000 ਸੀ, ਜੋ 2019-20 ਦੌਰਾਨ 920/1000 ਤੱਕ ਪਹੁੰਚ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਜਨਵਰੀ ਮਹੀਨੇ ਨੂੰ ਧੀਆਂ ਦੀ ਲੋਹੜੀ ਲਈ ਸਮਰਪਿਤ ਕਰਕੇ ਜਾਗਰੂਕਤਾ ਵੱਲ ਹੋਰ ਕਦਮ ਵਧਾਏ ਗਏ ਹਨ।
ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਹਰੇਕ ਖੇਤਰ 'ਚ ਸਫਲ ਬਣਾਉਣ ਲਈ ਸਿਰਫ਼ ਪ੍ਰੇਰਨਾ ਦੀ ਜ਼ਰੂਰਤ ਹੈ ਅਤੇ ਅਜੋਕੇ ਸਮੇਂ 'ਚ ਲੜਕੀਆਂ ਲਈ ਮੌਕੇ ਵੱਧ ਰਹੇ ਹਨ। ਉਨ੍ਹਾਂ ਅਮਰੀਕਾ ਦੇ ਨਵ-ਨਿਯੁਕਤ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਮਹਿਲਾਵਾਂ ਹਰ ਖੇਤਰ 'ਚ ਅੱਗੇ ਵੱਧ ਰਹੀਆਂ ਹਨ ਅਤੇ ਹੁਣ ਮਹਿਲਾਵਾਂ ਫ਼ਾਈਟਰ ਜਹਾਜ਼ ਪਾਇਲਟ ਵੀ ਹਨ, ਜੋ ਉਨ੍ਹਾਂ ਦੀ ਵੱਧ ਰਹੀ ਸ਼ਕਤੀ ਦਾ ਪ੍ਰਤੀਕ ਹੈ।
ਮੁੱਖ ਮੰਤਰੀ ਨੇ ਮਹਿਲਾ ਸਸ਼ਕਤੀਕਰਨ ਲਈ ਚੁੱਕੇ ਕਦਮਾਂ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ 'ਚ 30 ਫ਼ੀਸਦੀ, ਪੰਚਾਇਤੀ ਅਤੇ ਸਥਾਨਕ ਚੋਣਾਂ 'ਚ ਔਰਤਾਂ ਲਈ 50 ਫ਼ੀਸਦੀ ਰਾਖਵਾਂਕਰਨ, ਹਰੇਕ ਜ਼ਿਲ੍ਹੇ 'ਚ ਪੀੜਤ ਔਰਤਾਂ ਅਤੇ ਲੜਕੀਆਂ ਲਈ ਵਨ ਸਟਾਪ ਸੈਂਟਰ ਸਕੀਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੱਸਾਂ 'ਚ ਔਰਤਾਂ ਲਈ 50 ਫ਼ੀਸਦੀ ਕਿਰਾਇਆ 'ਚ ਛੋਟ ਦੀ ਸਕੀਮ ਵੀ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਮਾਤਾ ਤ੍ਰਿਪਤਾ ਮਹਿਲਾ ਯੋਜਨਾ ਦਾ ਹਵਾਲਾ ਦਿੰਦਿਆਂ ਕਿਹਾ ਇਸ ਯੋਜਨਾ ਨੂੰ ਸ਼ੁਰੂ ਕਰਨ ਦਾ ਮੁੱਖ ਮਕਸਦ ਜਨਮ ਤੋਂ ਬੁਢਾਪੇ ਤੱਕ ਔਰਤਾਂ ਦੇ ਹੱਕਾਂ ਦੀ ਰਾਖੀ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਹ ਸਕੀਮ 8 ਲੱਖ ਔਰਤਾਂ ਨੂੰ ਸਮਰੱਥ ਬਣਾਏਗੀ। ਉਨ੍ਹਾਂ ਅੱਗੇ ਕਿਹਾ ਕਿ ਕਸਤੂਰਬਾ ਗਾਂਧੀ ਮਹਿਲਾ ਯੋਜਨਾ ਇਕ ਹੋਰ ਨਵੀਂ ਪਹਿਲਕਦਮੀ ਹੈ ਜੋ ਸਾਰੀਆਂ ਮੌਜੂਦਾ ਸਕੀਮਾਂ ਅਧੀਨ ਔਰਤਾਂ ਨੂੰ ਕਵਰ ਕਰੇਗੀ।
ਮੁੱਖ ਮੰਤਰੀ ਨੇ ਇਸ ਮੌਕੇ ਅਲੱਗ-ਅਲੱਗ ਸਮਾਜਿਕ ਸੁਰੱਖਿਆ ਸਕੀਮਾਂ ਦੀਆਂ ਪੰਜ ਲਾਭਪਾਤਰੀਆਂ ਸੁਮਨ, ਸਵਰੀਤ ਕੌਰ, ਸੁਮਨਪ੍ਰੀਤ ਕੌਰ, ਸ਼ਗਨਪ੍ਰੀਤ ਕੌਰ ਅਤੇ ਪ੍ਰਭਸਿਮਰਨ ਕੌਰ ਨੂੰ ਸਨਮਾਨਤ ਕੀਤਾ।