ਚੰਡੀਗੜ੍ਹ: ਮੁੱਖ ਮੰਤਰੀ ਬਣਦਿਆਂ ਹੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਕੈਬਨਿਟ ਵਿੱਚ ਜਿਥੇ ਕੁਝ ਵੱਡੇ ਫੈਸਲਿਆਂ ਵਿੱਚ ਸਰਕਾਰੀ ਮੁਲਾਜਮਾਂ ਨੂੰ ਡਿਊਟੀ ‘ਤੇ ਸਮੇਂ ਸਿਰ ਆਉਣ ਦਾ ਹੁਕਮ ਜਾਰੀ ਕੀਤਾ, ਉਥੇ ਹੀ ਮੰਗਲਵਾਰ ਨੂੰ ਇੱਕ ਅਹਿਮ ਹੁਕਮ ਜਾਰੀ ਕਰਕੇ ਅਫਸਰਾਂ ਦੇ ਵੀ ਤਬਾਦਲੇ ਕਰ ਦਿੱਤੇ। ਨਵੇਂ ਮੁੱਖ ਮੰਤਰੀ ਵੱਲੋਂ ਨੌ ਆਈਏਐਸ ਅਫਸਰ ਅਤੇ ਦੋ ਪੀਸੀਐਸ ਅਫਸਰਾਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕੀਤੇ ਗਏ ਹਨ।
ਮੁੱਖ ਮੰਤਰੀ ਨੇ ਆਪਣੇ ਨਾਲ ਲਗਾਏ ਅਫਸਰ
ਤਬਾਦਲਿਆਂ ਬਾਰੇ ਆਏ ਹੁਕਮ ਮੁਤਾਬਕ ਮੁਹਾਲੀ ਜਿਲ੍ਹੇ ਵਿੱਚ ਆਈਏਐਸ ਈਸ਼ਾ ਨੂੰ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। ਇਥੋਂ ਗਿਰੀਸ਼ ਦਿਆਲਨ ਨੂੰ ਬਦਲ ਦਿੱਤਾ ਗਿਆ ਹੈ। ਆਈਏਐਸ ਸ਼ੌਕਤ ਅਹਿਮਦ ਨੂੰ ਮੁੱਖ ਮੰਤਰੀ ਚੰਨੀ ਨੇ ਆਪਣੇ ਨਾਲ ਵਧੀਕ ਪ੍ਰਮੁਖ ਸਕੱਤਰ ਲਗਾਇਆ ਹੈ ਤੇ ਪੀਸੀਐਸ ਅਫਸਰ ਮਨਕੰਵਲ ਸਿੰਘ ਚਹਿਲ ਨੂੰ ਉਪ ਪ੍ਰਮੁਖ ਸਕੱਤਰ ਦਾ ਕਾਰਜਭਾਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪੀਸੀਐਸ ਅਨਿਲ ਗੁਪਤਾ ਨੂੰ ਮੁੱਖ ਮੰਤਰੀ ਦਾ ਉਪ ਸਕੱਤਰ ਪਰਸੋਨਲ ਲਗਾਇਆ ਗਿਆ ਹੈ।
ਸੁਚਨਾ ਤੇ ਲੋਕ ਸੰਪਰਕ ਵਿਭਾਗ ਵਿੱਚ ਵੀ ਫੇਰ ਬਦਲ
ਸਕੱਤਰੇਤ ਵਿੱਖੇ ਅਹਿਮ ਕੰਮਕਾਜ ਵਿੱਚ ਵੀ ਬਦਲਾਅ ਕੀਤਾ ਗਿਆ ਹੈ। ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਦਾ ਅਹੁਦਾ ਆਈਏਐਸ ਸੁਮਿਤ ਜਰਾਂਗਲ ਨੂੰ ਸੰਭਾਲਿਆ ਗਿਆ ਹੈ ਜਦੋਂਕਿ ਆਈਏਐਸ ਅਫਸਰ ਕੇ.ਕੇ.ਯਾਦਵ ਨੂੰ ਸਕੱਤਰ ਸੂਚਨਾ ਤੇ ਲੋਕ ਸੰਪਰਕ ਦੇ ਨਾਲ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਲਗਾਇਆ ਗਿਆ ਹੈ।