ਪਟਿਆਲਾ: ਸ਼ਾਹੀ ਸ਼ਹਿਰ ’ਚ ਬੀਤੇ ਦਿਨ ਸਿੱਖ ਜਥੇਬੰਦੀਆਂ ਅਤੇ ਸ਼ਿਵ ਸੈਨਾ ਦੇ ਸਮਰਥਕਾਂ ਵਿਚਾਲੇ ਝੜਪਾਂ ਹੋਈਆਂ। ਜਿਸ ਤੋਂ ਬਾਅਦ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ। ਜਿਸ ਨੂੰ ਲੈਕੇ ਪੁਲਿਸ ਵਲੋਂ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ। ਉੱਥੇ ਹੀ ਦੂਜੇ ਪਾਸੇ ਹੁਣ ਇਹ ਝੜਪ ਅਫਸਰਾਂ ਲਈ ਮੁਸ਼ਕਿਲ ਖੜਾ ਕਰ ਰਿਹਾ ਹੈ। ਸਰਕਾਰ ਵੱਲੋਂ ਹੁਣ ਅਫਸਰਾਂ ਦੇ ਖਿਲਾਫ ਐਕਸ਼ਨ ਲਿਆ ਜਾ ਰਿਹਾ ਹੈ।
ਅਫਸਰਾਂ ਦਾ ਕੀਤਾ ਤਬਾਦਲਾ: ਦੱਸ ਦਈਏ ਕਿ ਸਰਕਾਰ ਵੱਲੋਂ ਆਈਡੀ ਅਤੇ ਐਸਐਸਪੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਜੀ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤੋਂ ਬਾਅਦ ਪਟਿਆਲਾ ਦੇ ਆਈਜੀ ਰਾਕੇਸ਼ ਅਗਰਵਾਲ, ਐਸ.ਐਸ.ਪੀ ਨਾਨਕ ਸਿੰਘ ਅਤੇ ਐਸ.ਪੀ ਹਰਪਾਲ ਸਿੰਘ ਦਾ ਤਬਾਦਲਾ ਕੀਤਾ ਗਿਆ ਹੈ।
ਨਵੇਂ ਅਧਿਕਾਰੀ ਕੀਤੇ ਗਏ ਨਿਯੁਕਤ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਮੁਖਵਿੰਦਰ ਸਿੰਘ ਛੀਨਾ ਨੂੰ ਪਟਿਆਲਾ ਦਾ ਨਵਾਂ ਆਈ.ਜੀ., ਦੀਪਕ ਪਾਰਿਕ ਨੂੰ ਐਸ.ਐਸ.ਪੀ.ਅਤੇ ਵਜ਼ੀਰ ਸਿੰਘ ਨੂੰ ਐਸ.ਪੀ. ਨਿਯੁਕਤ ਕੀਤਾ ਗਿਆ ਹੈ।
ਇੰਟਰਨੈਟ ਸੇਵਾਵਾਂ ਵੀ ਠੱਪ: ਸਿੱਖ ਜਥੇਬੰਦੀਆਂ ਅਤੇ ਸ਼ਿਵ ਸੈਨਾ ਦੇ ਸਮਰਥਕਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਪਟਿਆਲਾ 'ਚ ਸਵੇਰੇ 9:30 ਵਜੇ ਤੋਂ ਸ਼ਾਮ 6 ਵਜੇ ਤੱਕ ਹਰ ਤਰ੍ਹਾਂ ਦਾ ਮੋਬਾਈਲ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਵਲੋਂ ਇਹ ਕਾਰਵਾਈ ਸੁਰੱਖਿਆ ਦੇ ਮੁਦੇਨਜ਼ਰ ਕੀਤੀ ਗਈ ਹੈ। ਇਸ ਸਬੰਧੀ ਪਟਿਆਲਾ ਡੀ ਸੀ ਵਲੋਂ ਟਵੀਟ ਕਰਦਿਆਂ ਕਿਹਾ ਗਿਆ ਕਿ ਅੱਜ 30 ਅਪ੍ਰੈਲ ਨੂੰ ਸਵੇਰੇ 9:30 ਤੋਂ ਸ਼ਾਮ 6 ਵਜੇ ਤੱਕ ਮੋਬਾਈਲ ਇੰਟਰਨੈਟ ਸੇਵਾਵਾਂ ਸੀਮਤ ਕੀਤੀਆਂ ਹਨ, ਘਬਰਾਉਣ ਦੀ ਲੋੜ ਨਹੀਂ ਕੇਵਲ ਅਫਵਾਹਾਂ ਫੈਲਣ ਤੋਂ ਰੋਕਣ ਲਈ ਇਹਤਿਆਤ ਵਜੋਂ ਗ੍ਰਹਿ ਵਿਭਾਗ ਨੇ ਫੈਸਲਾ ਕੀਤਾ ਹੈ।
ਹਿੰਦੂ ਜਥੇਬੰਦੀਆਂ ਵੱਲੋਂ ਬੰਦ ਦਾ ਐਲਾਨ: ਮਾਮਲੇ ਦੇ ਚੱਲਦੇ ਕਾਲੀ ਦੇਵੀ ਮੰਦਰ ਦੇ ਬਾਹਰ ਹਿੰਦੂ ਜਥੇਬੰਦੀ ਵੱਲੋਂ ਰੋਸ ਪ੍ਰਦਰਸ਼ਨ ਕਰ ਬੰਦ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਜਗਦਗੁਰ ਪੰਚਾਨੰਦ ਗਿਰੀ ਜੀ ਮਹਾਰਾਜ ਇਸ ਮੌਕੇ ਤੇ ਹਿੰਦੂ ਭਾਈਚਾਰੇ ਦੇ ਪ੍ਰਦਰਸ਼ਨ ਦੇ ਵਿੱਚ ਪਹੁੰਚੇ।
ਸਮਾਪਤ ਹੋਇਆ ਪ੍ਰਦਰਸ਼ਨ:ਇਸ ਮੌਕੇ ਤੇ ਹਿੰਦੂ ਭਾਈਚਾਰੇ ਦੇ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਐਸ.ਐਸ.ਪੀ ਪਟਿਆਲਾ ਡਾਕਟਰ ਨਾਨਕ ਸਿੰਘ ਅਤੇ ਪੂਰਾ ਪੁਲੀਸ ਪ੍ਰਸ਼ਾਸਨ ਪ੍ਰਸ਼ਾਸਨ ਦੀ ਤਰਫ ਤੋਂ ਹਿੰਦੂ ਜਥੇਬੰਦੀਆਂ ਦੇ ਨਾਲ ਗੱਲਬਾਤ ਕੀਤੀ ਗਈ। ਹਿੰਦੂ ਭਾਈਚਾਰੇ ਨੂੰ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਵਿਸ਼ਵਾਸ਼ ਦਿਵਾਇਆ ਕਿ ਜਿੰਨੇ ਵੀ ਦੋਸ਼ੀ ਹਨ ਜਿਨ੍ਹਾਂ ਨੇ ਪਥਰਾਅ ਕੀਤਾ ਹੈ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਮਾਮਲਾ ਦਰਜ ਕੀਤਾ ਜਾਵੇਗਾ ਜਿਸ ਤੋਂ ਬਾਅਦ ਹਿੰਦੂ ਸੰਗਠਨਾਂ ਦੀ ਤਰਫ ਤੋਂ ਪ੍ਰਦਰਸ਼ਨ ਨੂੰ ਸਮਾਪਤ ਕੀਤਾ ਗਿਆ।
'ਕਾਨੂੰਨ ਕਰ ਰਿਹਾ ਹੈ ਆਪਣਾ ਕੰਮ': ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪਟਿਆਲਾ ਝੜਪ ’ਤੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਮੁਸਤੈਦ ਹਨ। ਸੀਐੱਮ ਮਾਨ ਵੱਲੋਂ ਇਸ ਗੱਲ ਵੱਲ੍ਹ ਧਿਆਨ ਦੇ ਰਹੇ ਹਨ। ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਅਤੇ ਵਿਅਕਤੀਆਂ ਨੂੰ ਕਾਨੂੰਨ ਹੱਥ ’ਚ ਲੈਣ ਦੀ ਲੋੜ ਨਹੀਂ ਹੈ, ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਜਿਹੜੇ ਵੀ ਇਸ ਘਟਨਾ ਪਿੱਛੇ ਹਨ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਾਰਿਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪੰਜਾਬ ’ਚ ਸ਼ਾਂਤੀ ਬਣਾ ਕੇ ਰੱਖਣ ਅਤੇ ਭਾਈਚਾਰਕ ਸਾਂਝ ਨੂੰ ਪੂਰੀ ਤਰ੍ਹਾਂ ਕਾਇਮ ਰੱਖਿਆ ਜਾਵੇ।
ਜਾਣੋਂ ਪੂਰਾ ਮਾਮਲਾ:ਕਾਬਿਲੇਗੌਰ ਹੈ ਕਿ ਬੀਤੇ ਕੱਲ੍ਹ ਸ਼ਿਵ ਸੈਨਾ ਦੇ ਸਮਰਥਕਾਂ ਵਲੋਂ ਖਾਲਿਸਤਾਨ ਮੁਰਦਾਬਾਦ ਦਾ ਮਾਰਚ ਕੱਢਿਆ ਜਾਣਾ ਸੀ, ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਅਤੇ ਸ਼ਿਵ ਸੈਨਾ ਦੇ ਸਮਰਥਕਾਂ 'ਚ ਟਕਰਾਅ ਹੋ ਗਿਆ, ਜਿਸ 'ਚ ਪੁਲਿਸ ਨੂੰ ਹਵਾਈ ਗੋਲੀਆਂ ਵੀ ਚਲਾਉਣੀਆਂ ਪਈਆਂ ਸਨ। ਇਸ ਦੇ ਨਾਲ ਹੀ ਤਣਾਅ ਵਾਲਾ ਮਾਹੌਲ ਬਣਨ ਕਾਰਨ ਡੀ.ਸੀ ਸਾਕਸ਼ੀ ਸਾਹਨੀ ਨੇ ਸਮੁੱਚੇ ਪਟਿਆਲਾ ਜ਼ਿਲ੍ਹੇ ’ਚ ਸ਼ੁੱਕਰਵਾਰ ਸ਼ਾਮ 7 ਵਜੇ ਤੋਂ ਲੈ ਕੇ ਸ਼ਨੀਵਾਰ ਸਵੇਰੇ ਸਾਢੇ 6 ਵਜੇ ਤੱਕ ਕਰਫਿਊ ਲਗਾ ਦਿੱਤਾ ਸੀ। ਦੂਜੇ ਪਾਸੇ ਵੱਖ-ਵੱਖ ਹਿੰਦੂ ਸੰਗਠਨਾਂ ਨੇ ਰੋਸ ਵਜੋਂ 30 ਅਪਰੈਲ ਨੂੰ ਪਟਿਆਲਾ ਸ਼ਹਿਰ ਬੰਦ ਰੱਖਣ ਦਾ ਸੱਦਾ ਦਿੱਤਾ ਹੈ।
ਇਹ ਵੀ ਪੜੋ:ਪਟਿਆਲਾ 'ਚ ਬੰਦ ਦਾ ਐਲਾਨ, ਇੰਟਰਨੈਟ ਸੇਵਾਵਾਂ ਵੀ ਠੱਪ