ਪੰਜਾਬ

punjab

ETV Bharat / city

ਠੱਗ ਪ੍ਰਵਾਸੀ ਲਾੜਿਆਂ 'ਤੇ ਵਿਦੇਸ਼ ਮੰਤਰਾਲਾ ਕਸ ਰਿਹੈ ਸ਼ਿਕੰਜਾ... ਹੁਣ ਤੱਕ 450 ਪਾਸਪੋਰਟ ਰੱਦ - Passports of NRI husbands

ਐਨਆਰਆਈ ਠੱਗ ਲਾੜਿਆਂ ਵੱਲੋਂ ਵਿਆਹ ਤੋਂ ਬਾਅਦ ਆਪਣੀਆਂ ਘਰਵਾਲੀਆਂ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਕੇਸ ਕਈ ਗੁਣਾ ਵੱਧ ਗਏ ਹਨ। ਚੰਡੀਗੜ੍ਹ ਸਥਿਤ ਖੇਤਰੀ ਪਾਸਪੋਰਟ ਦਫ਼ਤਰ ਨੇ ਅਜਿਹੇ ਠੱਗ ਲਾੜਿਆਂ ਦੇ 450 ਪਾਸਪੋਰਟਾਂ ਨੂੰ ਰੱਦ ਕੀਤਾ ਹੈ ਅਤੇ ਇਨ੍ਹਾਂ ਵਿੱਚੋਂ 83 ਪ੍ਰਵਾਸੀ ਪੰਜਾਬੀ ਵੱਖ-ਵੱਖ ਮੁਲਕਾਂ ਤੋਂ 'ਡਿਪੋਰਟ' ਵੀ ਹੋ ਚੁੱਕੇ ਹਨ।

Passports of NRI husbandcancelled, nri abandoned their wives and fled, nri
"ਠੱਗ" ਲਾੜਿਆਂ ਦਾ ਸੱਚ!

By

Published : Jul 9, 2020, 6:41 PM IST

Updated : Jul 9, 2020, 8:02 PM IST

ਚੰਡੀਗੜ੍ਹ: ਪੰਜਾਬ ਵਿੱਚ ਵਿਆਹ ਕਰਵਾ ਕੇ ਵਿਦੇਸ਼ ਭੱਜਣ ਵਾਲੇ ਐਨਆਰਆਈ ਲਾੜਿਆਂ ਦੀ ਗਿਣਤੀ ਬੀਤੇ 10 ਵਰ੍ਹਿਆਂ ਵਿੱਚ ਕਈ ਗੁਣਾ ਵਧੀ ਹੈ। ਇਨ੍ਹਾਂ ਠੱਗ ਲਾੜਿਆਂ ਦੀਆਂ ਸਤਾਈਆਂ ਹੋਈਆਂ ਔਰਤਾਂ ਦਰ-ਦਰ ਦੇ ਧੱਕੇ ਖਾਣ ਨੂੰ ਮਜਬੂਰ ਹਨ। ਅਜਿਹੇ ਲਾੜਿਆਂ 'ਤੇ ਭਾਰਤੀ ਵਿਦੇਸ਼ ਮੰਤਰਾਲਾ ਵੱਲੋਂ ਨਕੇਲ ਕੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੰਡੀਗੜ੍ਹ ਸਥਿਤ ਖੇਤਰੀ ਪਾਸਪੋਰਟ ਦਫ਼ਤਰ ਨੇ ਅਜਿਹੇ ਲਾੜਿਆਂ ਦੇ 450 ਪਾਸਪੋਰਟਾਂ ਨੂੰ ਰੱਦ ਕੀਤਾ ਹੈ ਅਤੇ ਇਨ੍ਹਾਂ ਵਿੱਚੋਂ 83 ਲੋਕ ਵੱਖ-ਵੱਖ ਮੁਲਕਾਂ ਤੋਂ ਡਿਪੋਰਟ ਵੀ ਹੋ ਚੁੱਕੇ ਹਨ।

"ਠੱਗ" ਲਾੜਿਆਂ ਦਾ ਸੱਚ!

ਠੱਗ ਲਾੜਿਆਂ ਖਿਲਾਫ਼ ਸ਼ਿਕਾਇਤਾਂ ਦਾ ਵੇਰਵਾ:

ਜੇਕਰ ਐਨਆਰਆਈ ਠੱਗ ਲਾੜਿਆਂ ਦੀ ਠੱਗੀਆਂ ਨੂੰ ਘੋਖਣਾ ਹੋਵੇ ਤਾਂ ਕੌਮੀ ਮਹਿਲਾ ਕਮਿਸ਼ਨ ਐਨਆਰਆਰੀ ਲਾੜਿਆਂ ਖ਼ਿਲਾਫ਼ ਪਹੁੰਚੀਆਂ ਸ਼ਕਾਇਤਾਂ ਤੋਂ ਪਤਾ ਲਗਾਇਆ ਜਾ ਸਕਦਾ ਹੈ। ਅਸੀਂ 2009-19 ਤੱਕ ਦੇ ਇੱਕ ਦਹਾਕੇ ਦੌਰਾਨ ਕਮਿਸ਼ਨ ਕੋਲ ਵੱਖ-ਵੱਖ ਮਾਮਲਿਆਂ ਦੀ ਸ਼ਿਕਾਇਤਾਂ ਨੂੰ ਵੇਖਦੇ ਹਾਂ।

ਕੌਮੀ ਮਹਿਲਾ ਕਮਿਸ਼ਨ ਕੋਲ 2009-19 ਦਰਮਿਆਨ 4,779 ਸ਼ਿਕਾਇਤਾਂ ਐਨਆਰਆਈ ਲੜਿਆਂ ਦੀ ਠੱਗੀ ਦਾ ਸ਼ਿਕਾਰ ਔਰਤਾਂ ਨੇ ਦਿੱਤੀਆਂ ਹਨ। ਇਨ੍ਹਾਂ ਸ਼ਿਕਾਇਤਾਂ ਵਿੱਚ ਪੰਜਾਬ ਅਤੇ ਦਿੱਲੀ ਤੋਂ ਸਭ ਤੋਂ ਵੱਧ ਸ਼ਿਕਾਇਤਾਂ ਕੌਮੀ ਮਹਿਲਾ ਕਮਿਸ਼ਨ ਨੂੰ ਪ੍ਰਾਪਤ ਹੋਈਆਂ ਹਨ।

ਕਿਸ ਦੇਸ਼ ਦੇ ਲਾੜੇ ਸਭ ਤੋਂ ਵੱਧ ਠੱਗ:

ਇਨ੍ਹਾਂ ਸ਼ਿਕਾਇਤਾਂ ਵਿੱਚ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਅਤੇ ਇਟਲੀ ਰਹਿੰਦੇ ਐਨਆਰਆਈ ਵਿਰੁੱਧ ਸਭ ਤੋਂ ਵੱਧ ਸ਼ਿਕਾਇਤਾਂ ਹਨ। ਇਨ੍ਹਾਂ ਵਿੱਚ ਅਮਰੀਕਾ ਨਾਲ ਸਬੰਧਤ 1,105, ਆਸਟ੍ਰੇਲੀਆ 378 ਅਤੇ ਕੈਨੇਡਾ 326 ਸ਼ਿਕਾਇਤਾਂ ਬੀਤੇ 10 ਸਾਲਾਂ ਵਿੱਚ ਕਮਿਸ਼ਨ ਨੂੰ ਮਿਲੀਆਂ ਹਨ। ਇਨ੍ਹਾਂ 10 ਸਾਲਾਂ ਵਿੱਚ 2019 'ਚ ਸਭ ਤੋਂ ਵੱਧ 750 ਸ਼ਿਕਾਇਤਾਂ ਆਈਆਂ ਹਨ। ਦਿੱਲੀ ਤੋਂ 665 ਸ਼ਿਕਾਇਤਾਂ ਭਾਵ 13.92 ਫੀਸਦੀ ਅਤੇ ਪੰਜਾਬ ਤੋਂ 479 ਭਾਵ 10 ਫੀਸਦੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ।

ਔਰਤਾਂ ਨੂੰ ਇਸ ਤਰ੍ਹਾਂ ਦੇ ਧੋਖੇ ਤੋਂ ਬਚਾਉਣ ਲਈ ਕੇਂਦਰ ਸਰਕਾਰ ਨੇ ਵਿਆਹ ਦਾ ਰਜਿਸਟ੍ਰੇਸ਼ਨ ਅਤੇ ਐਨਆਰਆਈ ਬਿੱਲ -2019 ਨੂੰ ਉਸ ਵੇਲੇ ਦੀ ਵਿਦੇਸ਼ ਮੰਤਰੀ ਸਵ. ਸੁਸ਼ਮਾ ਸਵਰਾਜ ਨੇ ਰਾਜ ਸਭਾ ਵਿੱਚ ਪੇਸ਼ ਕੀਤਾ ਸੀ।

ਜੇਕਰ ਦੇਸ਼ ਵਿੱਚ ਐਨਆਰਆਈ ਲਾੜਿਆਂ ਦੇ ਧੋਖੇ ਦੇ ਸ਼ਿਕਾਰ ਔਰਤਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਪੰਜਾਬ, ਗੁਜਰਾਤ ਅਤੇ ਕੇਰਲਾ ਤੋਂ ਹਨ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਵਧੇਰੇ ਮਾਮਲੇ ਦੁਆਬਾ ਖੇਤਰ ਨਾਲ ਸਬੰਧਤ ਹਨ। ਡਿਪਟੀ ਪਾਸਪੋਰਟ ਅਫਸਰ ਦੇ ਮੁਤਾਬਕ ਉਨ੍ਹਾਂ ਕੋਲ ਆਉਣ ਵਾਲੀਆਂ ਸ਼ਿਕਾਇਤਾਂ ਵਿੱਚੋਂ ਪੰਜਾਬ ਨਾਲ ਸਬੰਧਤ 75 ਫੀਸਦੀ ਸ਼ਿਕਾਇਤਾਂ ਹਨ ਅਤੇ ਹਰਿਆਣਾ ਨਾਲ ਸਬੰਧਤ 25 ਫੀਸਦੀ ਸ਼ਿਕਾਇਤਾਂ ਹਨ। ਇਸੇ ਤਰ੍ਹਾਂ ਉਨ੍ਹਾਂ ਦਾ ਕਹਿਣਾ ਹੈ ਕਿ ਹਰਿਆਣਾ ਦੇ ਵੀ ਉਨ੍ਹਾਂ ਜ਼ਿਲ੍ਹਿਆਂ ਤੋਂ ਸ਼ਿਕਾਇਤਾਂ ਵੱਧ ਹਨ ਜਿੱਥੇ ਪੰਜਾਬੀਆਂ ਦੀ ਵੱਡੀ ਵਸੋਂ ਹੈ, ਜਿਵੇਂ ਪਿਹੋਵਾ, ਕੁਰਕਸ਼ੇਤਰ, ਕਰਨਾਲ ਆਦਿ ਨਾਲ ਸਬੰਧਤ ਹਨ।

"ਹੌਲੀਡੇ ਬ੍ਰਾਈਡਜ਼ ਜਾਂ ਹਨੀਮੂਨ ਬ੍ਰਾਈਡਜ਼" ਦਾ ਸੱਚ:
ਔਰਤਾਂ ਨਾਲ ਹੁੰਦੇ ਇਸ ਤਰ੍ਹਾਂ ਦੇ ਅਪਰਾਧਾ ਦੀ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਦਾ ਮੁੱਖ ਕਾਰਨ ਮਾਪਿਆਂ ਵੱਲੋਂ ਆਪਣੀ ਧੀ ਜਾਂ ਪੁੱਤ ਨੂੰ ਹਰ ਹੀਲੇ ਵਿਦੇਸ਼ ਭੇਜਣ ਦੀ ਖਾਹਿਸ਼ ਅਤੇ ਵਿਦੇਸ਼ ਵਿੱਚ ਸੈਟਲ ਪਰਿਵਾਰ ਨਾਲ ਵਿਆਹ ਕਰਵਾਉਣਾ ਹੈ। ਇਸੇ ਦਾ ਹੀ ਵੱਡਾ ਕਾਰਨ ਹੈ ਕਿ "ਹੌਲੀਡੇ ਬ੍ਰਾਈਡਜ਼ ਜਾਂ ਹਨੀਮੂਨ ਬ੍ਰਾਈਡਜ਼" ਦੀ ਕਹਾਵਤ ਪ੍ਰਚਲਿਤ ਹੋਈ ਹੈ।

ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਵਕੀਲ ਸਤਿੰਦਰ ਕੌਰ ਨੇ ਦੱਸਿਆ ਕਿ ਕਰੋੜਾਂ ਰੁਪਏ ਵਿਦੇਸ਼ੀ ਲਾੜਿਆਂ ਦੀ ਡਿਮਾਂਡ 'ਤੇ ਖਰਚਣ ਤੋਂ ਬਾਅਦ ਵੀ ਉਨ੍ਹਾਂ ਕੁੜੀਆਂ ਨਾਲ ਧੋਖਾ ਕੀਤਾ ਜਾਂਦਾ ਹੈ। ਵਕੀਲ ਨੇ ਕਿਹਾ ਕਿ ਉਨ੍ਹਾਂ ਕੋਲ ਡਾਕਟਰ ਅਤੇ ਇੰਜੀਨੀਅਰ ਸਮੇਤ ਪੰਜਾਬ ਤੇ ਹਰਿਆਣਾ ਦੇ ਨਾਮੀ ਪਰਿਵਾਰਾਂ ਦੇ ਬੱਚਿਆਂ ਦੇ ਕੇਸ ਹਨ, ਜੋ ਉਹ ਲੜ ਰਹੇ ਹਨ ਜੋ ਅਜਿਹੇ ਲਾੜਿਆਂ ਦੇ ਧੋਖੇ ਤੋਂ ਪੀੜਤ ਹਨ। ਉਨ੍ਹਾਂ ਨੇ ਭਾਰਤ ਅਤੇ ਵਿਦੇਸ਼ੀ ਮੁਲਕਾਂ ਦੇ ਕਾਨੂੰਨ ਦੇ ਵਿੱਚ ਬਦਲਾਅ ਕਰਨ ਦੀ ਮੰਗ ਵੀ ਕੀਤੀ ਹੈ।

ਠੱਗੀ ਦਾ ਸ਼ਿਕਾਰ ਕੁੜੀਆਂ ਦੀ ਕਹਾਣੀ:

ਪਟਿਆਲਾ ਦੀ ਜੰਮਪਾਲ ਤੇ ਕੈਨੇਡਾ ਦੀ ਨਾਗਰਿਕ ਪੀੜਤ ਮਹਿਲਾ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਦੇ ਐਨਆਰਆਈ ਪਤੀ ਨੇ ਉਸ ਨੂੰ ਕੈਨੇਡਾ ਵਿੱਚ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ। ਇਸ ਪ੍ਰੇਸ਼ਾਨੀ ਦੇ ਕਾਰਨ ਉਹ ਕੈਨੇਡਾ ਤੋਂ ਪੰਜਾਬ ਵਾਪਿਸ ਆਉਣ ਲਈ ਮਜਬੂਰ ਹੋ ਗਈ। ਪੀੜਤ ਮਹਿਲਾ ਦੇ ਮੁਤਾਬਿਕ ਇਨ੍ਹਾਂ ਵਿਦੇਸ਼ੀ ਲਾੜਿਆਂ ਵੱਲੋਂ ਪੰਜਾਬ ਤੋਂ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਵਾਲੀ ਕੁੜੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਉਨ੍ਹਾਂ ਨੂੰ ਵਿਆਹ ਦੇ ਸੁਪਨੇ ਦਿਖਾ ਕੇ ਉਨ੍ਹਾਂ ਦੇ ਮਾਪਿਆਂ ਤੋਂ ਕਰੋੜਾਂ ਰੁਪਏ ਵਸੂਲ ਲਏ ਜਾਂਦੇ ਹਨ।

ਇਨ੍ਹਾਂ ਵਿਦੇਸ਼ੀ ਲਾੜਿਆਂ ਦਾ ਧੰਦਾ ਕਰੋੜਾਂ ਰੁਪਏ ਦਾ ਬਣ ਚੁੱਕਿਆ ਹੈ, ਜਿਸ ਉਪਰ ਕੋਈ ਵੀ ਠੋਸ ਕਾਨੂੰਨ ਲਾਗੂ ਨਾ ਹੋਣ ਕਾਰਨ ਇਹ ਖੁੱਲ੍ਹੇਆਮ ਕੁੜੀਆਂ ਦੀਆਂ ਇੱਜ਼ਤਾਂ ਨਾਲ ਖੇਡਦੇ ਹਨ। ਪੀੜਤ ਨੇ ਦੱਸਿਆ ਕਿ ਉਸ ਦਾ ਵਿਆਹ ਵੀ 2014 ਵਿੱਚ ਹੋਇਆ ਸੀ ਤੇ 2015 ਦੇ ਵਿੱਚ ਜਦੋਂ ਉਹ ਕੈਨੇਡਾ ਗਈ ਤਾਂ ਮੁੰਡੇ ਨੇ ਦੋ ਸਾਲ ਦੇ ਵਿੱਚ ਪੀਆਰ ਹੋਣ ਤੋਂ ਬਾਅਦ ਉਸ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਹੋਰ ਕੁੜੀਆਂ ਦੇ ਨਾਲ ਘੁੰਮਣ ਫਿਰਨ ਤੋਂ ਇਲਾਵਾ ਤਲਾਕ ਦੇਣ ਲਈ ਕੋਰਟ ਦੇ ਵਿੱਚ ਚਲਾ ਗਿਆ।

Last Updated : Jul 9, 2020, 8:02 PM IST

ABOUT THE AUTHOR

...view details