ਚੰਡੀਗੜ੍ਹ: ਪੰਜਾਬ ਵਿੱਚ ਇਸ ਸਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ(Punjab assembly election 2022) ਵਿੱਚ ਵੀ ਵੱਡੇ ਪੱਧਰ ’ਤੇ ਦਲਬਦਲੀ (Party changing) ਵੇਖਣ ਨੂੰ ਮਿਲੀ। ਇਸ ਦੌਰਾਨ ਕਈਆਂ ਨੂੰ ਨਵੀਂ ਪਾਰਟੀ ਵਿੱਚ ਟਿਕਟਾਂ ਮਿਲ ਗਈਆਂ ਤੇ ਕਈਆਂ ਹੱਥ ਨਮੋਸ਼ੀ ਲੱਗੀ ਹੈ ਤੇ ਉਹ ਚੋਣ ਮੈਦਾਨ ਵਿੱਚ ਵੀ ਨਹੀਂ ਉਤਰ ਸਕੇ। ਇਸੇ ਤਰ੍ਹਾਂ ਕੁਝ ਆਗੂ ਆਪਣੀ ਮੌਜੂਦਾ ਪਾਰਟੀ ਵਿੱਚ ਟਿਕਟ ਦੇ ਝਾਂਸੇ ਵਿੱਚ ਰਹਿ ਗਏ ਤੇ ਪਾਰਟੀ ਨਹੀਂ ਛੱਡੀ ਪਰ ਉਨ੍ਹਾਂ ਨੂੰ ਮੂਲ ਪਾਰਟੀ ਨੇ ਵੀ ਟਿਕਟ ਨਹੀਂ ਦਿੱਤੀ ਤੇ ਨਾ ਉਹ ਇੱਧਰ ਦੇ ਰਹੇ ਤੇ ਨਾ ਹੀ ਉਧਰ ਦੇ।
ਇਹ ਰਹੀ ਦਲ ਬਦਲੀ ਦੀ ਸਥਿਤੀ
ਕਾਂਗਰਸ
ਸਭ ਤੋਂ ਵੱਡੀ ਦਲਬਦਲੀ ਕਾਂਗਰਸ ਪਾਰਟੀ ਵਿੱਚ ਵੇਖਣ ਨੂੰ ਮਿਲੀ। ਪਹਿਲਾਂ ਤਾਂ ਇਸ ਦੇ ਪੰਜਾਬ ਦੇ ਮੁੱਖ ਚਿਹਰੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਵੱਖਰੀ ਪਾਰਟੀ ਪੰਜਾਬ ਲੋਕ ਕਾਂਗਰਸ ਹੀ ਬਣਾ ਲਈ ਤੇ ਦੂਜਾ ਇਸ ਪਾਰਟੀ ਦੇ ਕਈ ਵੱਡੇ ਆਗੂ ਭਾਜਪਾ ਜਾਂ ਹੋਰ ਪਾਰਟੀਆਂ ਵਿੱਚ ਸ਼ਾਮਲ ਹੋ ਗਏ। ਕਾਂਗਰਸ ਦੇ ਕੁਝ ਵੱਡੇ ਚਿਹਰਿਆਂ ਵਿੱਚੋਂ ਰਾਣਾ ਗੁਰਮੀਤ ਸਿੰਘ ਸੋਢੀ, ਫਤਿਹਜੰਗ ਸਿੰਘ ਬਾਜਵਾ ਤੇ ਬਲਵਿੰਦਰ ਸਿੰਘ ਲਾਡੀ ਭਾਜਪਾ ਵਿੱਚ ਚਲੇ ਗਏ। ਹਾਲਾਂਕਿ ਲਾਡੀ ਬਾਅਦ ਵਿੱਚ ਵਾਪਸ ਕਾਂਗਰਸ ਵਿੱਚ ਆ ਗਏ ਪਰ ਉਨ੍ਹਾਂ ਨੂੰ ਟਿਕਟ ਤੋਂ ਹੱਥ ਧੋਣਾ ਪੈ ਗਿਆ। ਕਾਂਗਰਸ ਦੀ ਮਾਝਾ ਬ੍ਰਿਗੇਡ ਨੂੰ ਮਾਤ ਦੇਣ ਲਈ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਇੱਕ ਵੱਡੇ ਆਗੂ ਸੀ ਪਰ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ ਤੇ ਭਾਜਪਾ ਨਾਲ ਜਾਣ ਦੀ ਬਜਾਇ ਆਮ ਆਦਮੀ ਪਾਰਟੀ ਵਿੱਚ ਜਾਣਾ ਮੁਨਾਸਫ ਸਮਝਿਆ।
ਉਨ੍ਹਾਂ ਤੋਂ ਇਲਾਵਾ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਵੀ ਕਾਂਗਰਸ ਛੱਡ ਗਏ ਤੇ ਉਨ੍ਹਾਂ ਨੇ ਵੀ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ। ਇਨ੍ਹਾਂ ਆਗੂਆਂ ਵਿੱਚੋਂ ਗੁਰਮੀਤ ਸੋਢੀ ਨੂੰ ਫਿਰੋਜਪੁਰ ਸਿਟੀ ਤੇ ਫਤਿਹਜੰਗ ਸਿੰਘ ਬਾਜਵਾ ਨੂੰ ਬਟਾਲਾ ਤੋਂ ਭਾਜਪਾ ਨੇ ਟਿਕਟਾਂ ਦੇ ਦਿੱਤੀਆਂ ਤੇ ਲਾਲੀ ਮਜੀਠੀਆ ਨੂੰ ਆਮ ਆਦਮੀ ਪਾਰਟੀ ਨੇ ਮਜੀਠਾ ਤੋਂ ਉਮੀਦਵਾਰ ਬਣਾਇਆ, ਜਦੋਂਕਿ ਬਲਵਿੰਦਰ ਸਿੰਘ ਲਾਡੀ ਅਤੇ ਜਗਮੋਹਨ ਕੰਗ ਖਾਲੀ ਹੱਥ ਰਹਿ ਗਏ।
ਇਸੇ ਤਰ੍ਹਾਂ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਦੇ ਵਿਰੁੱਧ ਕਾਂਗਰਸ ਵੱਲੋਂ ਚੋਣ ਲੜਨ ਵਾਲੇ ਗੁਰਮੀਤ ਸਿੰਘ ਖੁੱਡੀਆਂ ਨੂੰ ਆਮ ਆਦਮੀ ਪਾਰਟੀ ਨੇ ਲੰਬੀ ਤੋਂ ਟਿਕਟ ਦੇ ਦਿੱਤੀ। ਗਾਇਕ ਬਲਕਾਰ ਸਿੱਧੂ ਨੇ ਕਾਂਗਰਸ ਛੱਡੀ ਸੀ ਤੇ ਆਮ ਆਦਮੀ ਪਾਰਟੀ ਨੇ ਉਸ ਨੂੰ ਰਾਮਪੁਰਾ ਫੂਲ ਤੋਂ ਟਿਕਟ ਦਿੱਤੀ। ਇਸੇ ਤਰ੍ਹਾਂ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਪੰਜਾਬ ਲੋਕ ਕਾਂਗਰਸ ਦਾ ਪੱਲਾ ਫੜਿਆ ਤੇ ਉਨ੍ਹਾਂ ਨੂੰ ਪੀਐਲਸੀ ਨੇ ਇੰਦਰਬੀਰ ਬੁਲਾਰੀਆ ਵਿਰੁੱਧ ਉਮੀਦਵਾਰ ਬਣਾਇਆ।
ਆਮ ਆਦਮੀ ਪਾਰਟੀ
‘ਆਪ’ ਵਿੱਚ ਸਭ ਨਾਲੋਂ ਵੱਧ ਬਗ਼ਾਵਤ ਹੋਈ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਵਜੋਂ ਉਭਰ ਕੇ ਆਈ ਇਸ ਪਾਰਟੀ ਦੇ ਵਿਧਾਇਕ ਸ਼ੁਰੂ ਤੋਂ ਹੀ ਸੰਤੁਸ਼ਟ ਨਹੀਂ ਰਹੇ। ਸਭ ਤੋਂ ਪਹਿਲਾਂ ਐਚਐਸ ਫੂਲਕਾ ਛੱਡ ਗਏ। ਉਨ੍ਹਾਂ ਤੋਂ ਬਾਅਦ ਸੁਖਪਾਲ ਖਹਿਰਾ, ਕੰਵਰ ਸੰਧੂ, ਨਾਜਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਜੱਗਾ ਹੀਸੋਵਾਲ, ਅਮਰਜੀਤ ਸਿੰਘ ਸੰਦੋਆ, ਰੁਪਿੰਦਰ ਕੌਰ ਰੂਬੀ, ਪਿਰਮਲ ਸਿੰਘ ਦੌਲਾ, ਜਗਦੇਵ ਸਿੰਘ ਕਮਾਲੂ (ਸਾਰੇ ਵਿਧਾਇਕ) ਛੱਡ ਗਏ ਤੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਸਾਬਕਾ ਪ੍ਰਧਾਨ ਤੇ ਹਾਸਰਸ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ, ਮੋਹਨ ਸਿੰਘ ਫਲੀਆਂਵਾਲਾ ਤੇ ਹੋਰ ਕੁਝ ਵੱਡੇ ਆਗੂ ਪਾਰਟੀ ਦਾ ਸਾਥ ਛੱਡ ਗਏ।
ਇਨ੍ਹਾਂ ਵਿੱਚੋਂ ਸੁਖਪਾਲ ਖਹਿਰਾ, ਜਗਦੇਵ ਸਿੰਘ ਜੱਗਾ ਅਤੇ ਰੁਪਿੰਦਰ ਕੌਰ ਰੂਬੀ ਨੂੰ ਕਾਂਗਰਸ ਨੇ ਟਿਕਟਾਂ ਦੇ ਕੇ ਉਮੀਦਵਾਰ ਬਣਾਇਆ। ਹਾਲਾਂਕਿ ਮੋਹਨ ਸਿੰਘ ਫਲੀਆਂਵਾਲਾ ਪਿਛਲੀ ਵਾਰ ਆਪ ਵੱਲੋਂ ਵਿਧਾਇਕ ਨਹੀਂ ਬਣੇ ਸੀ ਪਰ ਕਾਂਗਰਸ ਵਿੱਚ ਆਉਣ ’ਤੇ ਪਾਰਟੀ ਨੇ ਉਨ੍ਹਾਂ ਨੂੰ ਸੁਖਬੀਰ ਬਾਦਲ ਵਿਰੁੱਧ ਜਲਾਲਾਬਾਦ (Jalalabad constituency) ਤੋਂ ਉਮੀਦਵਾਰ ਬਣਾਇਆ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਦਲ ਸੰਯੁਕਤ
ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਵੱਡੇ ਪੱਧਰ ’ਤੇ ਬਗਾਵਤ ਹੋਈ। ਟਕਸਾਲੀ ਅਕਾਲੀਆਂ ਨੇ ਖੁੱਲ੍ਹੀ ਬਗਾਵਤ ਕਰ ਦਿੱਤੀ ਤੇ ਪੁਰਾਣੇ ਟਕਸਾਲੀ ਅਕਾਲੀਆਂ ਵਿੱਚੋਂ ਸੁਖਦੇਵ ਸਿੰਘ ਢੀਂਡਸਾ, ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ (ਮਰਹੂਮ), ਰਣਜੀਤ ਸਿੰਘ ਤਲਵੰਡੀ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਬੀਰ ਦਵਿੰਦਰ ਸਿੰਘ, ਬਲਵੰਤ ਸਿੰਘ ਰਾਮੂਵਾਲੀਆ ਨੇ ਪਾਰਟੀ ਛੱਡ ਦਿੱਤੀ। ਢੀਂਡਸਾ ਤੇ ਬ੍ਰਹਮਪੁਰਾ ਨੇ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾ ਲਿਆ ਪਰ ਇਹ ਗਠਜੋੜ ਚੋਣਾਂ ਤੱਕ ਆਉਂਦਿਆਂ ਥੋੜ੍ਹਾ ਕਮਜੋਰ ਪੈ ਗਿਆ। ਪਹਿਲਾਂ ਬ੍ਰਹਮਪੁਰਾ ਨਾਲ ਨਾ ਬਣਨ ਕਰਕੇ ਸੇਵਾ ਸਿੰਘ ਸੇਖਵਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਤੇ ਭਾਜਪਾ ਨਾਲ ਗਠਜੋੜ ਦੇ ਮੁੱਦੇ ’ਤੇ ਬ੍ਰਹਮਪੁਰਾ ਨੇ ਨਾਤਾ ਤੋੜ ਕੇ ਅਕਾਲੀ ਦਲ ਵਿੱਚ ਮੁੜ ਵਾਪਸੀ ਕਰ ਲਈ।
ਬ੍ਰਹਮਪੁਰਾ ਨੂੰ ਅਕਾਲੀ ਦਲ ਨੇ ਖਡੂਰ ਸਾਹਿਬ ਤੋਂ ਉਮੀਦਵਾਰ ਬਣਾ ਲਿਆ ਤੇ ਸੇਖਵਾਂ ਦੇ ਬੇਟੇ ਨੂੰ ਆਮ ਆਦਮੀ ਪਾਰਟੀ ਨੇ ਕਾਹਨੂੰ ਵਾਨ ਤੋਂ ਟਿਕਟ ਦੇ ਦਿੱਤੀ। ਇਧਰ ਅਕਾਲੀ ਦਲ ਸੰਯੁਕਤ ਨੇ ਪਰਮਿੰਦਰ ਢੀਂਡਸਾ ਨੂੰ ਲਹਿਰਾਗਾਗਾ ਤੋਂ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਵਿਰੁੱਧ ਚੋਣ ਮੈਦਾਨ ਵਿੱਚ ਉਤਾਰਿਆ। ਪਾਰਟੀ ਨੇ ਅਕਾਲੀ ਦਲ ਛੱਡ ਕੇ ਆਏ ਦੇਸਰਾਜ ਧੁੱਗਾ ਨੂੰ ਵੀ ਸ਼ਾਮ ਚੁਰਾਸੀ ਤੋਂ ਉਮੀਦਵਾਰ ਬਣਾਇਆ ਹੈ। ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਏ ਪਟਿਆਲਾ ਦੇ ਉੱਘੇ ਆਗੂ ਸੁਰਜੀਤ ਸਿੰਘ ਕੋਹਲੀ ਨੇ ਵੀ ਆਮ ਆਦਮੀ ਪਾਰਟੀ ਜੁਆਇ ਕੀਤੀ ਤੇ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਾਲ ਨਿਵਾਜਿਆ।
ਭਾਰਤੀ ਜਨਤਾ ਪਾਰਟੀ
ਭਾਰਤੀ ਜਨਤਾ ਪਾਰਟੀ ਨੂੰ ਇਨ੍ਹਾਂ ਚੋਣਾਂ ਵਿੱਚ ਰਾਜਨੀਤਿਕ ਤੌਰ ’ਤੇ ਫਾਇਦਾ ਹੋਇਆ ਹੈ। ਜਿਥੇ ਛੇ ਮਹੀਨੇ ਪਹਿਲਾਂ ਤੱਕ ਕੋਈ ਇਸ ਪਾਰਟੀ ਦਾ ਨਾਮ ਤੱਕ ਨਹੀਂ ਲੈਂਦਾ ਸੀ, ਉਥੇ ਇਸ ਪਾਰਟੀ ਨੂੰ ਕਈ ਸਿੱਖ ਚਿਹਰੇ ਮਿਲੇ। ਪਰ ਇਸ ਤੋਂ ਪਹਿਲਾਂ ਸਾਬਕਾ ਸੀਪੀਐਸ ਅਨਿਲ ਜੋਸ਼ੀ ਜਿਹੇ ਆਗੂ ਨੇ ਅਕਾਲੀ ਦਲ ਵਿੱਚ ਸ਼ਮੂਲੀਅਤ ਕਰ ਲਈ ਤੇ ਪਾਰਟੀ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਟਿਕਟ ਦੇ ਦਿੱਤੀ। ਇਸ ਪਾਰਟੀ ਨੂੰ ਸਿਆਸੀ ਤੌਰ ’ਤੇ ਨੁਕਸਾਨ ਨਹੀਂ ਹੋਇਆ ਹੈ। ਇਸ ਦੇ ਉਲਟ ਭਾਜਪਾ ਨੂੰ ਮਨਜਿੰਦਰ ਸਿੰਘ ਸਿਰਸਾ ਜਿਹੇ ਸਿੱਖ ਚਿਹਰੇ ਮਿਲ ਗਏ।
ਇਹ ਰਹਿ ਗਏ ਹੱਥ ਮਲਦੇ
ਕਈਆਂ ਨੇ ਟਿਕਟਾਂ ਦੀ ਆਸ ਲਗਾਈ ਹੋਈ ਸੀ ਪਰ ਪਾਰਟੀਆਂ ਨੇ ਟਿਕਟਾਂ ਨਹੀਂ ਦਿੱਤੀਆਂ ਅਤੇ ਅਖੀਰ ਤੱਕ ਭੰਬਲਭੂਸੇ ਵਿੱਚ ਪਾਈ ਰੱਖਿਆ। ਖਾਸ ਤੌਰ ’ਤੇ ਨਾਮਜਦਗੀ ਭਰਨ ਦੇ ਆਖਰੀ ਦਿਨ ਦੀ ਗੱਲ ਕੀਤੀ ਜਾਵੇ ਤਾਂ ਵੱਡੀ ਮਿਸਾਲ ਆਦਮਪੁਰ ਤੋਂ ਮੋਹਿੰਦਰ ਸਿੰਘ ਕੇਪੀ ਦਾ ਮਾਮਲਾ ਚਰਚਾ ਵਿੱਚ ਰਿਹਾ। ਇਸ ਸੀਟ ਤੋਂ ਕਾਂਗਰਸ ਪਾਰਟੀ ਨੇ ਬਸਪਾ ਛੱਡ ਕੇ ਆਏ ਸੁਖਵਿੰਦਰ ਸਿੰਘ ਗੋਲਡੀ ਨੂੰ ਟਿਕਟ ਦਿੱਤੀ ਸੀ ਪਰ ਇਸੇ ਦੌਰਾਨ ਕੇਪੀ ਨੂੰ ਉਮੀਦਵਾਰ ਬਣਾਉਣ ਦੀ ਗੱਲ ਸਾਹਮਣੇ ਆਈ ਪਰ ਅਖੀਰ ਵਿੱਚ ਮੁੜ ਗੋਲਡੀ ਨੂੰ ਚੋਣ ਨਿਸ਼ਾਨ ਦੇ ਦਿੱਤਾ ਗਿਆ।
ਖਰੜ ਤੋਂ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਆਪਣੇ ਬੇਟੇ ਲਈ ਕਾਂਗਰਸ ਤੋਂ ਟਿਕਟ ਮੰਗ ਰਹੇ ਸੀ ਪਰ ਅਖੀਰਲੇ ਦਿਨਾਂ ਵਿੱਚ ਟਿਕਟ ਕਿਸੇ ਹੋਰ ਨੂੰ ਦੇ ਦਿੱਤੀ। ਉਨ੍ਹਾਂ ਨੂੰ ਪੂਰੀ ਉਮੀਦ ਸੀ ਕੀ ਟਿਕਟ ਮਿਲੇਗੀ ਪਰ ਬਾਅਦ ਵਿੱਚ ਉਨ੍ਹਾਂ ਵਿਰੋਧ ਜਿਤਾਉਣ ਲਈ ਆਮ ਆਦਮੀ ਪਾਰਟੀ ਜੁਆਇਨ ਕਰ ਲਈ। ਆਮ ਆਦਮੀ ਪਾਰਟੀ ਛੱਡਣ ਵਾਲੇ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਧੌਲਾ ਨੂੰ ਵੀ ਪੂਰੀ ਉਮੀਦ ਸੀ ਕਿ ਟਿਕਟ ਮਿਲੇਗੀ ਪਰ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ। ਇਸੇ ਤਰ੍ਹਾਂ ਬਰਨਾਲਾ ਤੋਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਪੀਪੀਸੀਸੀ ਪ੍ਰਧਾਨ ਨਵਜੋਤ ਸਿੱਧੂ ਚੋਣ ਪ੍ਰਚਾਰ ਵੀ ਕਰ ਗਏ ਪਰ ਟਿਕਟ ਨਹੀਂ ਮਿਲ ਸਕੀ।
ਬਾਹਰੀ ਉਮੀਦਵਾਰ
ਵਿਧਾਨ ਸਭਾ ਚੋਣਾਂ 2022 ਦੌਰਾਨ ਪੰਜਾਬ ਤੋਂ ਬਾਹਰ ਦਾ ਫਿਲਹਾਲ ਇੱਕੋ ਉਮੀਦਵਾਰ ਨਜ਼ਰ ਆ ਰਿਹਾ ਹੈ। ਕਾਂਗਰਸ ਨੇ ਬਰਨਾਲਾ ਤੋਂ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਦੇ ਬੇਟੇ ਮਨੀਸ਼ ਕੁਮਾਰ ਬਾਂਸਲ ਨੂੰ ਉਮੀਦਵਾਰ ਬਣਾਇਆ ਹੈ। ਹਾਲਾਂਕਿ ਇਨ੍ਹਾਂ ਚੋਣਾਂ ਵਿੱਚ ਕਈ ਆਗੂਆਂ ਦੇ ਹਲਕੇ ਜਰੂਰ ਬਦਲੇ ਗਏ ਤੇ ਇੱਕ ਤੋਂ ਵੱਧ ਥਾਵਾਂ ਤੋਂ ਚੋਣ ਵੀ ਲੜਵਾਈ ਗਈ। ਮਿਸਾਲ ਦੇ ਤੌਰ ’ਤੇ ਰਾਣਾ ਗੁਰਮੀਤ ਸਿੰਘ ਸੋਢੀ ਪਹਿਲਾਂ ਗੁਰੂ ਹਰ ਸਹਾਏ ਤੋਂ ਚੋਣ ਲੜਦੇ ਸੀ ਪਰ ਇਸ ਵਾਰ ਉਨ੍ਹਾਂ ਨੂੰ ਭਾਜਪਾ ਨੇ ਫਿਰੋਜਪੁਰ ਸਿਟੀ ਤੋਂ ਉਮੀਦਵਾਰ ਬਣਾਇਆ ਹੈ। ਇਸੇ ਤਰ੍ਹਾਂ ਕਾਦੀਆਂ ਦੇ ਵਿਧਾਇਕ ਫਤਿਹਜੰਗ ਬਾਜਵਾ ਨੂੰ ਭਾਜਪਾ ਨੇ ਹੁਣ ਬਟਾਲਾ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਦੋ ਥਾਵਾਂ ਤੋਂ ਚੋਣ ਲੜਵਾ ਰਹੀ ਹੈ। ਚਮਕੌਰ ਸਾਹਿਬ ਤੋਂ ਇਲਾਵਾ ਭਦੌੜ ਹਲਕੇ ਤੋਂ ਵੀ ਉਮੀਦਵਾਰ ਬਣਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵੀ ਬਿਕਰਮ ਸਿੰਘ ਮਜੀਠੀਆ ਨੂੰ ਪਹਿਲਾਂ ਮਜੀਠਾ ਦੇ ਨਾਲ-ਨਾਲ ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੱਧੂ ਵਿਰੁੱਧ ਚੋਣ ਮੈਦਾਨ ਵਿੱਚ ਉਤਾਰਿਆ ਸੀ ਪਰ ਬਾਅਦ ਵਿੱਚ ਉਨ੍ਹਾਂ ਮਜੀਠ ਹਲਕਾ ਆਪਣੀ ਪਤਨੀ ਹਨੀਵ ਕੌਰ ਲਈ ਛੱਡ ਦਿੱਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਜਿਥੇ ਜਲਾਲਾਬਾਦ ਤੋਂ ਨਾਮਜਦਗੀ ਭਰੀ ਹੈ, ਉਥੇ ਲੰਬੀ ਤੋਂ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਕਵਰਿੰਗ ਉਮੀਦਵਾਰ ਵੀ ਬਣੇ ਹਨ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਪਹਿਲਾਂ ਲਹਿਰਾਗਾਗਾ ਤੋਂ ਚੋਣ ਲੜਦੇ ਸੀ ਤੇ ਇਸ ਵਾਰ ਉਨ੍ਹਾਂ ਨੇ ਘਨੌਰ ਤੋਂ ਟਿਕਟ ਲਈ ਹੈ।
ਇਹ ਵੀ ਪੜ੍ਹੋ:CM ਅਹੁਦੇ ਨੂੰ ਲੈ ਕੇ ਜਾਖੜ ਨੇ ਖੋਲ੍ਹੇ ਭੇਦ, ਕਿਹਾ- ਚੰਨੀ ਨੂੰ ਮਿਲੇ ਸੀ ਸਿਰਫ਼ 2 ਵੋਟ