ਪੰਜਾਬ

punjab

ETV Bharat / city

ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਪ੍ਰਤਾਪ ਬਾਜਵਾ ਨੇ ਸਮਾਂ ਹੱਦ ਜਾਂਚ ਦੀ ਕੀਤੀ ਮੰਗ - ਪ੍ਰਤਾਪ ਸਿੰਘ ਬਾਜਵਾ

ਰਾਜ ਸਭਾ ਸਾਂਸਦ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਕੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਜੇਕਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾ ਨੂੰ ਸੱਚਮੁੱਚ ਇਨਸਾਫ ਦਿਵਾਉਣਾ ਹੈ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਸਮਾਂ ਹੱਦ ਜਾਂਚ ਕਰਵਾਈ ਜਾਵੇ।

Partap Bajwa slams captain on spurious liquor death probe
ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਪ੍ਰਤਾਪ ਬਾਜਵਾ ਨੇ ਸਮਾਂ ਹੱਦ ਜਾਂਚ ਦੀ ਕੀਤੀ ਮੰਗ

By

Published : Jul 31, 2020, 7:15 PM IST

ਚੰਡੀਗੜ੍ਹ: ਬੁੱਧਵਾਰ ਤੋਂ ਸ਼ੁਕਰਵਾਰ ਦਰਮਿਆਨ ਪੰਜਾਬ ਦੇ 3 ਜਿਲ੍ਹਿਆਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 21 ਮੌਤਾਂ ਹੋ ਗਈਆਂ, ਜਿਸ ਨਾਲ ਸੂਬੇ ਦੀ ਸਿਆਸਤ ਭਖੀ ਹੋਈ ਹੈ। ਹਾਲਾਂਕਿ ਮੁੱਖ ਮੰਤਰੀ ਨੇ ਇਸ ਦੀ ਮੈਜੀਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਹਨ, ਪਰ ਕਾਂਗਰਸ ਸਾਂਸਦ ਪ੍ਰਤਾਪ ਬਾਜਵਾ ਨੇ ਟਵੀਟ ਕਰਕੇ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਸਮਾਂ ਹੱਦ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਰਾਜ ਸਭਾ ਸਾਂਸਦ ਨੇ ਆਪਣੇ ਟਵਿਟਰ ਹੈਂਡਲ ‘ਤੇ ਲਿਖਿਆ,”@capt_amarinder ਜੀ ਜੇਕਰ ਤੁਸੀਂ ਵਾਕਈ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ 21 ਵਿਅਕਤੀਆਂ ਦੀ ਮੌਤ ਦੀ ਸੱਚਾਈ ਪਤਾ ਕਰਨਾ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਆਂ ਦਿਵਾਉਣਾ ਚਾਹੁੰਦੇ ਹੋ ਤਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਸਮਾਂ ਹੱਦ ਜਾਂਚ ਹੀ ਸਹੀ ਰਹੇਗੀ।“

ਕੈਪਟਨ ਵੱਲੋਂ ਦਿੱਤੇ ਜਾ ਚੁੱਕੇ ਹਨ ਮੈਜੀਸਟ੍ਰੇਟ ਜਾਂਚ ਦੇ ਹੁਕਮ

ਇਸ ਤੋਂ ਪਹਿਲਾਂ ਸ਼ੁਕਰਵਾਰ ਦੁਪਹਿਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਹਿਰੀਲੀ ਸ਼ਰਾਬ ਪੀਣ ਨਾਲ 21 ਲੋਕਾਂ ਦੀ ਅਚਾਨਕ ਮੌਤ ਨੂੰ ਲੈ ਕੇ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਸਨ। ਜਾਂਚ ਟੀਮ ਇਸ ਹਾਦਸੇ ਨਾਲ ਸਬੰਧਤ ਤੱਥਾਂ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਵੇਗੀ। ਇਸ ਟੀਮ ਵਿੱਚ ਜਲੰਧਰ ਦੇ ਡਵਿਜ਼ਨਲ ਕਮਿਸ਼ਨਰ, ਐਕਸਾਈਜ਼ ਤੇ ਟੈਕਸਏਸ਼ਨ ਕਮਿਸ਼ਨਰ ਪੰਜਾਬ ਅਤੇ ਸਬੰਧਤ ਜ਼ਿਲ੍ਹਿਆਂ ਦੇ ਐਸਪੀ ਸ਼ਾਮਲ ਹੋਣਗੇ।

ਪੁਲਿਸ ਨੂੰ ਹਰ ਤਰ੍ਹਾਂ ਦੇ ਵਸੀਲੇ ਵਰਤਣ ਦੇ ਹੁਕਮ

ਮੁੱਖ ਮੰਤਰੀ ਨੇ ਜਲੰਧਰ ਕਮਿਸ਼ਨਰ ਨੂੰ ਕਿਸੇ ਵੀ ਸਿਵਲ/ਪੁਲਿਸ ਅਧਿਕਾਰੀ ਜਾਂ ਕਿਸੇ ਮਾਹਰ ਨੂੰ ਜਾਂਚ ਵਿੱਚ ਤੇਜ਼ੀ ਲਿਆਉਣ ਲਈ ਹਰ ਸੁਵਿਧਾ ਦੇਣ ਦੀ ਖੁੱਲ੍ਹ ਦਿੱਤੀ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਕਿਸੇ ਦੇ ਨਾਲ ਵੀ ਮਿਲੀਭੁਗਤ ਪਾਏ ਜਾਣ 'ਤੇ ਸਖ਼ਤ ਕਾਰਵਾਈ ਦਾ ਵਾਅਦਾ ਕੀਤਾ ਹੈ, ਜਿਸ ਵਿੱਚ ਹੁਣ ਤੱਕ ਇੱਕ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਕੈਪਟਨ ਨੇ ਇੱਥੋਂ ਤੱਕ ਵੀ ਕਿਹਾ ਹੈ ਕਿ ਉਹ ਸੂਬੇ ਦੇ ਵਿੱਚ ਚੱਲ ਰਹੀਆਂ ਕਿਸੇ ਵੀ ਤਰ੍ਹਾਂ ਦੀਆਂ ਸ਼ਰਾਬ ਦੀਆਂ ਇਕਾਈਆਂ 'ਤੇ ਨਕੇਲ ਪਾਉਣ ਲਈ ਤਲਾਸ਼ੀ ਅਭਿਆਨ ਸ਼ੁਰੂ ਕਰਨ ਅਤੇ ਚੱਲ ਰਹੀ ਸ਼ਰਾਬ ਉਤਪਾਦਨ ਦੀ ਲੜੀ ਨੂੰ ਤੋੜਿਆ ਜਾਵੇ।

ਮਾਮਲੇ ਵਿੱਚ ਇੱਕ ਔਰਤ ਦੀ ਹੋਈ ਗ੍ਰਿਫ਼ਤਾਰੀ

ਜਾਣਕਾਰੀ ਮੁਤਾਬਕ ਪੁਲਿਸ ਨੇ ਇੱਕ ਬਲਵਿੰਦਰ ਕੌਰ ਨਾਂਅ ਦੀ ਔਰਤ ਜੋ ਕਿ ਅੰਮ੍ਰਿਤਸਰ ਦੇ ਪਿੰਡ ਮੁੱਛਲ ਦੀ ਵਾਸੀ ਹੈ, ਨੂੰ ਆਈਪੀਸੀ ਦੀ ਧਾਰਾ 304 ਅਤੇ ਐਕਸਾਈਜ਼ ਐਕਟ 61/1/14 ਦੇ ਅਧੀਨ ਕਾਬੂ ਕੀਤਾ ਹੈ। ਸਪੈਸ਼ਲ ਜਾਂਚ ਟੀਮ ਵੱਲੋਂ ਇਸ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਜਦਕਿ 4 ਮ੍ਰਿਤਕਾਂ ਜਸਵਿੰਦਰ ਸਿੰਘ, ਕਸ਼ਮੀਰ ਸਿੰਘ, ਕ੍ਰਿਪਾਲ ਸਿੰਘ ਅਤੇ ਜਸਵੰਤ ਸਿੰਘ ਦੀਆਂ ਲਾਸ਼ਾਂ ਦਾ ਪੋਸਟ ਮਾਰਟਮ ਅੱਜ ਕਰਵਾਇਆ ਜਾਵੇਗਾ ਅਤੇ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਾਇਆ ਜਾਵੇਗਾ।

ਡੀਜੀਪੀ ਨੇ ਮੌਤਾਂ ਦੀ ਦਿੱਤੀ ਜਾਣਕਾਰੀ

ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲੀ ਮੌਤ ਪਿੰਡ ਮੁੱਛਲ ਅਤੇ ਟਾਂਗਰਾ ਵਿਖੇ 29 ਜੁਲਾਈ ਨੂੰ ਹੋਈ ਸੀ, ਫ਼ਿਰ 30 ਜੁਲਾਈ ਦੀ ਸ਼ਾਮ ਨੂੰ 2 ਹੋਰ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 1 ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਇਸ ਤੋਂ ਬਾਅਦ ਪਿੰਡ ਮੁੱਛਲ ਵਿਖੇ ਹੀ 2 ਹੋਰ ਮੌਤਾਂ ਦੀ ਜਾਣਕਾਰੀ ਸਾਹਮਣੇ ਆਈ, ਜਦਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਬਟਾਲਾ ਸ਼ਹਿਰ ਵਿੱਚ 2 ਹੋਰ ਮੌਤਾਂ ਦਰਜ ਕੀਤੀਆਂ ਗਈਆਂ।

ABOUT THE AUTHOR

...view details