ਚੰਡੀਗੜ੍ਹ: ਪੰਜ ਵਾਰ ਦੇ ਮੁੱਖ ਮੰਤਰੀ (five time chief minister) ਦੇਸ਼ ਦੇ ਸਭ ਨਾਲੋਂ ਵੱਧ ਉਮਰ ਵਾਲੇ ਆਗੂ ਪ੍ਰਕਾਸ਼ ਸਿੰਘ 94 ਸਾਲਾਂ ਦੀ ਉਮਰ ਵਿੱਚ ਲੰਬੀ ਤੋਂ ਚੋਣ ਲੜ ਰਹੇ ਹਨ। ਉਹ ਚੋਣ ਹੀ ਨਹੀਂ ਲੜ ਰਹੇ, ਸਗੋਂ ਪਿੰਡ-ਪਿੰਡ ਜਾ ਕੇ ਚੋਣ ਮੀਟਿੰਗਾਂ ਵੀ ਕਰ ਰਹੇ ਹਨ। ਦੂਜੇ ਪਾਸੇ 8 ਅਜਿਹੇ ਨੌਜਵਾਨ ਵੀ ਹਨ, ਜਿਨ੍ਹਾਂ ਨੂੰ ਚੋਣ ਲੜਨ ਦੀ ਉਮਰ ਛੋਹੰਦਿਆਂ ਹੀ ਵਿਧਾਇਕ ਬਣਨ ਦੀ ਖੁਮਾਰੀ ਚੜ੍ਹ ਗਈ ਤੇ ਚੋਣ ਮੈਦਾਨ ਵਿੱਚ ਨਿਤਰ ਗਏ। ਪੰਜਾਬ ਵਿੱਚ 8 ਉਮੀਦਵਾਰ 25 ਸਾਲ ਦੇ ਹਨ, ਜਿਹੜੇ ਪਹਿਲੀ ਵਾਰ ਕਿਸਮਤ ਅਜਮਾ ਰਹੇ ਹਨ।
353 ਨੌਜਵਾਨ ਹਨ ਮੈਦਾਨ ਵਿੱਚ
ਜਿਥੇ ਘੱਟ ਉਮਰ ਦੇ 8 ਨੌਜਵਾਨ ਉਮੀਦਵਾਰ 25 ਸਾਲ ਦੀ ਉਮਰ ਵਿੱਚ ਹੀ ਚੋਣ ਮੈਦਾਨ ਵਿੱਚ ਡਟ ਗਏ ਹਨ ਤੇ ਆਪਣਾ ਰਾਜਸੀ ਕੈਰੀਅਰ ਬਣਾਉਣ ਵਿੱਚ ਰੁੱਝ ਗਏ ਹਨ, ਉਥੇ 25 ਤੋਂ ਲੈ ਕੇ 40 ਸਾਲ ਤੱਕ ਦੇ ਕੁਲ 353 ਉਮੀਦਵਾਰ ਚੋਣ ਮੈਦਾਨ ਵਿੱਚ ਨਿਤਰੇ ਹਨ। ਪਾਰਟੀਆਂ ਨੇ ਵੀ ਟਿਕਟਾਂ ਵਿੱਚ ਇਸੇ ਉਮਰ ਵਰਗ ਨੂੰ ਵੱਡੀ ਤਰਜੀਹ ਦਿੱਤੀ ਹੈ। ਪਾਰਟੀ ਦੇ ਹਿਸਾਬ ਨਾਲ ਗੱਲ ਕਰੀਏ ਤਾਂ 25 ਤੋਂ 40 ਸਾਲ ਉਮਰ ਵਰਗ ਵਿੱਚ ਭਾਜਪਾ ਨੇ 7, ਪੰਜਾਬ ਲੋਕ ਕਾਂਗਰਸ ਨੇ 4, ਕਾਂਗਰਸ ਨੇ 14, ਸ਼੍ਰੋਮਣੀ ਅਕਾਲੀ ਦਲ ਨੇ 5, ਬਹੁਜਨ ਸਮਾਜ ਪਾਰਟੀ ਨੇ 2, ਆਮ ਆਦਮੀ ਪਾਰਟੀ ਨੇ ਸਾਰਿਆਂ ਨਾਲੋਂ ਵੱਧ 29 ਤੇ ਹੋਰਨਾਂ ਪਾਰਟੀਆਂ ਨੇ 130 ਨੂੰ ਉਮੀਦਵਾਰ ਬਣਾਇਆ ਹੈ, ਜਦੋਂਕਿ ਇਸੇ ਉਮਰ ਵਰਗ ਤੋਂ 162 ਹੋਰ ਆਜਾਦ ਤੌਰ ’ਤੇ ਕਿਸਮਤ ਅਜਮਾ ਰਹੇ ਹਨ।