ਚੰਡੀਗੜ੍ਹ: ਅਥਲੈਟਿਕਸ ਵਿੱਚ ਭਾਰਤ ਦਾ ਨਾਮ ਕੌਮਾਂਤਰੀ ਪੱਧਰ ਉਤੇ ਰੌਸ਼ਨ ਕਰਨ ਵਾਲੇ ਓਲੰਪੀਅਨ ਗੁਰਬਚਨ ਸਿੰਘ ਰੰਧਾਵਾ ਦਾ ਖੇਡ ਜੀਵਨ ਭਾਰਤੀ ਖਿਡਾਰੀਆਂ ਲਈ ਚਾਨਣ ਮੁਨਾਰੇ ਵਾਂਗ ਹਨ। ਦੇਸ਼ ਦੇ ਪਹਿਲੇ ਅਰਜੁਨਾ ਐਵਾਰਡੀ ਅਥਲੀਟ ਰੰਧਾਵਾ ਦੀਆਂ ਪ੍ਰਾਪਤੀਆਂ ਰਹਿੰਦੀ ਦੁਨੀਆਂ ਤੱਕ ਖਿਡਾਰੀਆਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ। ਇਹ ਗੱਲ ਪੰਜਾਬ ਦੇ ਖੇਡਾਂ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਓਲੰਪੀਅਨ ਗੁਰਬਚਨ ਸਿੰਘ ਰੰਧਾਵਾ ਦੀ ਲਿਖੀ ਜੀਵਨੀ ‘ਉੱਡਣਾ ਬਾਜ਼’ ਦੇ ਰਿਲੀਜ਼ ਸਮਾਰੋਹ ਵਿਖੇ ਕਹੀ।
ਪੰਜਾਬ ਕਲਾ ਭਵਨ ਵਿਖੇ ਖੇਡ ਮੰਤਰੀ ਪਰਗਟ ਸਿੰਘ, ਓਲੰਪੀਅਨ ਗੁਰਬਚਨ ਸਿੰਘ ਰੰਧਾਵਾ, ਸਾਬਕਾ ਡੀ.ਜੀ.ਪੀ. ਅਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਾਜਦੀਪ ਸਿੰਘ ਗਿੱਲ, ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਪੰਜਾਬ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਡਾ.ਲਖਵਿੰਦਰ ਸਿੰਘ ਜੌਹਲ, ਕੌਮਾਂਤਰੀ ਨਿਸ਼ਾਨੇਬਾਜ਼ ਗੁਰਬੀਰ ਸਿੰਘ ਸੰਧੂ, ਯੂਨੀਸਟਾਰ ਪ੍ਰਕਾਸ਼ਨ ਦੇ ਹਰੀਸ਼ ਜੈਨ ਨੇ ‘ਉੱਡਣਾ ਬਾਜ਼’ ਨੂੰ ਲੋਕ ਅਰਪਣ ਕੀਤਾ।
ਖੇਡ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਅਥਲੈਟਿਕਸ ਖੇਡ ਵਿੱਚ ਓਲੰਪਿਕ ਖੇਡਾਂ ਦਾ ਫਾਈਨਲਿਸਟ, ਏਸ਼ਿਆਈ ਖੇਡਾਂ ਦਾ ਬੈਸਟ ਅਥਲੀਟ ਅਤੇ ਕੌਮੀ ਪੱਧਰ ਉਤੇ ਦੋ ਦਿਨਾਂ ਅੰਦਰ ਚਾਰ ਨੈਸ਼ਨਲ ਰਿਕਾਰਡ ਬਣਾਉਣੇ ਗੁਰਬਚਨ ਸਿੰਘ ਰੰਧਾਵਾ ਦੀ ਮਹਾਨਤਾ ਦੀ ਜਿਉਂਦੀ ਜਾਗਦੀ ਉਦਾਹਰਨ ਹੈ।ਉਨ੍ਹਾਂ ਕਿਹਾ ਕਿ ਨਾਮੀਂ ਖਿਡਾਰੀਆਂ ਦੇ ਪਿੰਡਾਂ ਦੇ ਨਾਮ ਜਾਂ ਉਨ੍ਹਾਂ ਦੇ ਪਿੰਡ ਦੇ ਸਟੇਡੀਅਮ ਦਾ ਨਾਮ ਖਿਡਾਰੀ ਦੇ ਨਾਂ ਉਤੇ ਰੱਖਣ ਦੀ ਤਜਵੀਜ਼ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਖੇਡ ਇਤਿਹਾਸ ਗੌਰਵਮਈ ਪ੍ਰਾਪਤੀਆਂ ਨਾਲ ਭਰਿਆ ਹੈ, ਲੋੜ ਹੈ ਸਿਰਫ ਇਨ੍ਹਾਂ ਨੂੰ ਸਾਂਭ ਕੇ ਇਤਿਹਾਸ ਕੇ ਦਸਤਾਵੇਜ਼ ਬਣਾਇਆ ਜਾਵੇ।
ਗੁਰਬਚਨ ਸਿੰਘ ਰੰਧਾਵਾ 1964 ਦੀਆਂ ਟੋਕੀਓ ਓਲੰਪਿਕ ਖੇਡਾਂ ਵਿੱਚ ਭਾਰਤੀ ਖੇਡ ਦਲ ਦਾ ਝੰਡਾਬਰਦਾਰ ਸੀ ਜਿੱਥੇ ਉਨ੍ਹਾਂ 110 ਮੀਟਰ ਹਰਡਲਜ਼ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ। ਉਨ੍ਹਾਂ 1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਡਿਕੈਥਲਨ ਵਿੱਚ ਸੋਨੇ ਦਾ ਤਮਗਾ ਜਿੱਤਦਿਆਂ ਬੈਸਟ ਅਥਲੀਟ ਦਾ ਖਿਤਾਬ ਜਿੱਤਿਆ ਸੀ। ਗੁਰਬਚਨ ਸਿੰਘ ਰੰਧਾਵਾ ਨੂੰ 1961 ਵਿੱਚ ਅਰਜੁਨਾ ਐਵਾਰਡ ਅਤੇ 2005 ਵਿੱਚ ਪਦਮ ਸ੍ਰੀ ਨਾਲ ਸਨਮਾਨਿਆ ਗਿਆ। ਸੀ.ਆਰ.ਪੀ.ਐਫ. ਵਿੱਚ ਕਮਾਂਡੈਂਟ ਵਜੋਂ ਰਿਟਾਇਰ ਹੋਏ ਗੁਰਬਚਨ ਸਿੰਘ ਰੰਧਾਵਾ ਨੂੰ ਪੁਲਿਸ ਸੇਵਾਵਾਂ ਬਦਲੇ ਰਾਸ਼ਟਰਪਤੀ ਪੁਰਸਕਾਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਡ ਸਲਾਹਕਾਰ ਵਜੋਂ ਸੇਵਾਵਾਂ ਨਿਭਾਉਣ ਕਰਕੇ ਆਨਰੇਰੀ ਪੀਐਚ.ਡੀ. ਦੀ ਡਿਗਰੀ ਨਾਲ ਵੀ ਸਨਮਾਨਿਆ ਗਿਆ।
ਅੰਮ੍ਰਿਤਸਰ ਜ਼ਿਲੇ ਦੇ ਪਿੰਡ ਨੰਗਲੀ ਵਿਖੇ 6 ਜੂਨ 1939 ਨੂੰ ਟਹਿਲ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਮਾਤਾ ਧਨਵੰਤ ਕੌਰ ਦੀ ਕੁੱਖੋਂ ਜਨਮੇ ਗੁਰਬਚਨ ਸਿੰਘ ਰੰਧਾਵਾ ਦੇ ਪਿਤਾ, ਭਰਾ ਹਰਭਜਨ ਸਿੰਘ ਅਤੇ ਪੁੱਤਰ ਰਣਜੀਤ ਰੰਧਾਵਾ ਵੀ ਖਿਡਾਰੀ ਰਹੇ ਹਨ। ਉਨ੍ਹਾਂ ਦੀ ਪਤਨੀ ਜਸਵਿੰਦਰ ਜਿੱਥੇ ਡਿਸਕਸ ਥਰੋਅ ਵਿੱਚ ਨੈਸ਼ਨਲ ਪੱਧਰ ਦੀ ਅਥਲੀਟ ਰਹੀ ਹੈ ਉਥੇ ਰੁੜਕਾਂ ਕਲਾ ਦਾ ਸਹੁਰਾ ਪਰਿਵਾਰ ਵੀ ਖੇਡਾਂ ਵਿੱਚ ਓਤ-ਪੋਤ ਰਿਹਾ ਹੈ।
ਰਾਜਦੀਪ ਸਿੰਘ ਗਿੱਲ ਨੇ ਕਿਹਾ ਕਿ ਗੁਰਬਚਨ ਸਿੰਘ ਰੰਧਾਵਾ ਸਭ ਤੋਂ ਵੱਧ ਕੁਦਰਤੀ ਗੁਣਾਂ ਨਾਲ ਲਬਰੇਜ਼, ਪ੍ਰਤਿਭਾਵਾਨ ਤੇ ਭਾਰਤ ਦਾ ਸੰਪੂਰਨ ਅਥਲੀਟ ਹੈ। ਭਾਰਤੀ ਅਥਲੀਟਾਂ ਨੇ ਵੱਡੀਆਂ ਚੁਣੌਤੀਆਂ ਸਰ ਕਰਨ ਦੀ ਪ੍ਰੇਰਨਾ ਗੁਰਬਚਨ ਸਿੰਘ ਰੰਧਾਵਾ ਤੋਂ ਹੀ ਸਿੱਖੀ ਜਿਨ੍ਹਾਂ ਖੇਡਾਂ ਦੇ ਸਭ ਤੋਂ ਵੱਡੇ ਮੰਚ ਓਲੰਪਿਕਸ ਉਤੇ ਆਪਣਾ ਬਿਹਤਰਨ ਪ੍ਰਦਰਸ਼ਨ ਕਰਨਾ ਸਿਖਾਇਆ।
ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਗੁਰਬਚਨ ਸਿੰਘ ਰੰਧਾਵਾ ਭਾਰਤੀ ਖੇਡ ਜਗਤ ਦਾ ਉਹ ਅਣਗਾਇਆ ਗੀਤ ਹੈ ਜਿਸ ਨੇ ਛੋਟੇ ਜਿਹੇ ਪਿੰਡ ਨੰਗਲੀ ਤੋਂ ਉੱਠ ਕੇ ਦੁਨੀਆਂ ਦੇ ਸਭ ਤੋਂ ਵੱਡੇ ਖੇਡ ਮੰਚ ਟੋਕੀਓ ਓਲੰਪਿਕਸ-1964 ਵਿੱਚ ਆਪਣੀ ਛਾਪ ਛੱਡੀ। ਇਹ ਪੁਸਤਕ ਸਿਰਫ਼ ਗੁਰਬਚਨ ਸਿੰਘ ਰੰਧਾਵਾ ਦੀ ਜੀਵਨੀ ਜਾਂ ਪ੍ਰਾਪਤੀਆ ਦਾ ਲੇਖਾ ਜੋਖਾ ਹੀ ਨਹੀਂ ਹੈ, ਸਗੋਂ ਭਾਰਤ ਦੇ ਖੇਡ ਇਤਿਹਾਸ ਦਾ ਮਾਣਮੱਤਾ ਦਸਤਾਵੇਜ਼ ਹੈ। ਬੀਤੇ ਇਤਿਹਾਸ 'ਚੋਂ ਵਰਤਮਾਨ ਉੱਸਰਦਾ ਹੈ ਤੇ ਵਰਤਮਾਨ ਦੇ ਸਬਕ ਹੀ ਭਵਿੱਖ ਦੇ ਨਕਸ਼ ਉਲੀਕਦੇ ਹਨ। ਨਵਦੀਪ ਸਿੰਘ ਗਿੱਲ ਦੀ ਇਸ ਪੁਸਤਕ ਰਾਹੀਂ ਗੁਰਬਚਨ ਸਿੰਘ ਰੰਧਾਵਾ ਸਾਡੇ ਵੱਡਾ ਪੁਰਖੇ ਦੇ ਰੂਪ ਵਿੱਚ ਨਵੀਂ ਪਛਾਣ ਨਾਲ ਸਾਹਮਣੇ ਆਵੇਗਾ।
ਡਾ.ਲਖਵਿੰਦਰ ਸਿੰਘ ਜੌਹਲ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਪਰਗਟ ਸਿੰਘ ਦਾ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਲਈ ਧੰਨਵਾਦ ਕੀਤਾ।