ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ਦੀ ਰਿਪੋਰਟ ਖਾਰਜ ਕੀਤੇ ਜਾਣ ਤੋਂ ਬਾਅਦ ਸਿੱਖ ਜਥੇਬੰਦੀਆਂ ਇਕੱਠਾ ਹੋਣ ਲੱਗ ਪਈਆਂ ਹਨ। ਚੰਡੀਗੜ੍ਹ ਵਿਖੇ ਹੋਈ ਬੈਠਕ ਦੌਰਾਨ ਵੱਖ-ਵੱਖ ਸਿੱਖ ਜਥੇਬੰਦੀਆਂ ਨੇ 19 ਅਪ੍ਰੈਲ ਨੂੰ ਜੱਜ ਖ਼ਿਲਾਫ਼ ਧਰਨਾ ਦੇਣ ਦਾ ਐਲਾਨ ਕੀਤਾ ਤਾਂ ਉਥੇ ਹੀ ਸਿੱਖ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਸੁਖਬੀਰ ਸਿੰਘ ਬਾਦਲ 'ਤੇ ਵੀ ਨਿਸ਼ਾਨੇ ਸਾਧੇ।
ਬੈਠਕ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ 19 ਅਪ੍ਰੈਲ ਨੂੰ ਦੋ ਘੰਟਿਆਂ ਲਈ ਜਿੱਥੇ ਉਹ ਹਾਈਕੋਰਟ ਦੇ ਬਾਹਰ ਦੋ ਘੰਟਿਆਂ ਲਈ ਧਰਨਾ ਪ੍ਰਦਰਸ਼ਨ ਕਰਨਗੇ ਤਾਂ ਉਥੇ ਹੀ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਇਸ ਕੇਸ ਤੋਂ ਲਾਂਭੇ ਕਰਨ ਦੀ ਮੰਗ ਵੀ ਸਿੱਖ ਜਥੇਬੰਦੀਆਂ ਵੱਲੋਂ ਕੀਤੀ ਗਈ ਹੈ।
ਬਹਿਬਲ ਕਲਾਂ ਗੋਲੀਕਾਂਡ ਰਿਪੋਰਟ ਖਾਰਜ਼ ਕਰਨ ਵਾਲੇ ਜੱਜ ਵਿਰੁੱਧ ਧਰਨੇ ਦਾ ਐਲਾਨ ਇਸ ਦੌਰਾਨ ਗੁਰਦੀਪ ਬਠਿੰਡਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਸੁਪਰੀਮ ਕੋਰਟ ਜਾਣ ਦੀ ਬਜਾਏ ਪੰਦਰਾਂ ਦਿਨ ਦੇ ਅੰਦਰ ਅੰਦਰ ਉਹ ਚਲਾਨ ਮੁੜ ਪੇਸ਼ ਕਰਨ ਕਿਉਂਕਿ ਸੁਪਰੀਮ ਕੋਰਟ ਜਾਣ ਨਾਲ ਕੇਸ ਘੱਟੋ ਘੱਟ ਇਕ ਸਾਲ ਲਟਕ ਜਾਵੇਗਾ ਅਤੇ ਉਨ੍ਹਾਂ ਦੇ ਵਫ਼ਦ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਵੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਦੇਸ਼ ਵਿਦੇਸ਼ ਵਿੱਚੋਂ ਇੱਕ ਪਟੀਸ਼ਨ ਉਤੇ ਸਾਈਨ ਕਰਵਾ ਕੇ ਰਾਸ਼ਟਰਪਤੀ ਨੂੰ ਸੌਂਪੀ ਜਾਵੇਗੀ ਤਾਂ ਜੋ ਜੱਜ ਵੱਲੋਂ ਸੁਣਾਏ ਗਏ ਇਸ ਫ਼ੈਸਲੇ ਨੂੰ ਚੁਣੌਤੀ ਦੇਣ ਸਣੇ ਉਸ ਜੱਜ ਖ਼ਿਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਜਾਵੇਗੀ।
ਇਸ ਬੈਠਕ ਵਿੱਚ ਪੁੱਜੇ ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਾਦਲ ਅਤੇ ਕੈਪਟਨ ਦੀ ਮਿਲੀਭੁਗਤ ਨਾਲ ਹੀ ਇਹ ਸਭ ਕੁਝ ਹੋ ਰਿਹਾ ਹੈ ਅਤੇ ਦੋਸ਼ੀਆਂ ਮੁਤਾਬਕ ਨਵੀਂ ਐਸਆਈਟੀ ਬਣਾਈ ਜਾਵੇਗੀ, ਜਦਕਿ ਉਸ ਅਧਿਕਾਰੀ ਨੂੰ ਐਸਆਈਟੀ ਵਿਚੋਂ ਬਾਹਰ ਰੱਖਿਆ ਜਾਵੇਗਾ, ਜਿਸ ਉੱਪਰ ਇੱਕ ਵੀ ਦਾਗ ਨਹੀਂ ਹੈੇ।