ਚੰਡੀਗੜ੍ਹ: ਪੰਜਾਬ ਵਿੱਚ ਇੱਕ ਵਾਰ ਫੇਰ ਅੱਤਵਾਦ ਫੈਲਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਕੋਲ ਇਹ ਮੁੱਦਾ ਪਹਿਲਾਂ ਵੀ ਉਠਾ ਚੁੱਕੇ ਹਨ ਕਿ ਸਰਹੱਦ ਪਾਰ ਤੋਂ ਪੰਜਾਬ ਵਿੱਚ ਗੜਬੜੀ ਫੈਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਦਾ ਸ਼ੱਕ ਕਾਫੀ ਹੱਦ ਤੱਕ ਸਹੀ ਜਾਪਦਾ ਜਾ ਰਿਹਾ ਹੈ। ਅਜਨਾਲਾ ਵਿੱਖੇ ਟਿਫਨ ਬੰਬ (ਆਈ.ਈ.ਡੀ.) (IED) ਧਮਾਕੇ (Blast) ਵਿੱਚ ਤੇਲ ਟੈਂਕਰ ਉਡਾ ਦਿੱਤਾ ਗਿਆ। ਮੁੱਖ ਮੰਤਰੀ ਨੇ ਸੂਬੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਤੇ ਹੁਣ ਜਲਾਲਾਬਾਦ ਵਿੱਚ ਦਿਨ ਦਿਹਾੜੇ ਇੱਕ ਮੋਟਰ ਸਾਈਕਲ ਵਿੱਚ ਜਬਰਦਸਤ ਧਮਾਕਾ ਹੋ ਗਿਆ ਤੇ ਸਵਾਰ ਦੀ ਮੌਤ ਹੋ ਗਈ। ਪੁਲਿਸ ਦੀ ਫਾਰੈਂਸਿਗ ਟੀਮ ਇਸ ਘਟਨਾ ਦੀ ਵੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।
ਹਾਲਾਂਕਿ ਇਸ ਘਟਨਾ ਨੂੰ ਅੱਤਵਾਦ ਸਰਗਰਮੀਆਂ ਨਾਲ ਜੋੜ ਕੇ ਵੇਖਣਾ ਮੌਕੇ ਦੀ ਨਜਾਕਤ ਬਣਦੀ ਹੈ ਪਰ ਆਈਜੀ ਫਿਰੋਜਪੁਰ ਰੇਂਜ ਜਤਿੰਦਰ ਸਿੰਘ ਔਲਖ ਇਸ ਘਟਨਾ ਨੂੰ ਧਮਾਕਾ ਤਾਂ ਮੰਨਦੇ ਹਨ ਪਰ ਇਹ ਵੀ ਕਹਿ ਰਹੇ ਹਨ ਕਿ ਫਾਰੈਂਸਿਕ ਰਿਪੋਰਟ ਆਉਣ ਉਪਰੰਤ ਪਤਾ ਲੱਗੇਗਾ ਕਿ ਧਮਾਕੇ ਪਿੱਛੇ ਕਾਰਣ ਕੀ ਸੀ ਤੇ ਇਹ ਧਮਾਕਾ ਕਿਵੇਂ ਹੋਇਆ। ਉਂਜ ਮੁੱਖ ਮੰਤਰੀ ਦੇ ਹਾਈ ਅਲਰਟ ਦੇ ਹੁਕਮ ਉਪਰੰਚ ਪੰਜਾਬ ਪੁਲਿਸ ਨੇ ਸੂਬੇ ਵਿੱਚ ਤਲਾਸ਼ੀ ਤੇਜ ਕਰ ਦਿੱਤੀ ਹੈ। ਪਠਾਨਕੋਟ ਵਿਖੇ ਜੰਮੂ ਵੱਲ ਤੋਂ ਆਉਂਦੇ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਸੂਬੇ ਦੇ ਹੋਰ ਖੇਤਰਾਂ ਵਿੱਚ ਵੀ ਪੁਲਿਸ ਚੌਕੰਨੀ ਹੋ ਗਈ ਹੈ।
ਪੰਜਾਬ ਹੋਇਆ ਹਾਈ ਅਲਰਟ ‘ਤੇ
ਪਾਕਿਸਤਾਨ ਨਾਲ ਸੰਬੰਧਤ ਅੱਤਵਾਦੀ ਸੰਗਠਨ ਆਈ.ਐੱਸ.ਆਈ ਦੇ ਇਸ਼ਾਰੇ ‘ਤੇ ਅਜਨਾਲਾ 'ਚ ਇੱਕ ਪੈਟਰੋਲ ਪੰਪ ਤੇ ਖੜੇ ਤੇਲ ਵਾਲੇ ਟੈਂਕਰ ਨੂੰ ਟਿਫ਼ਨ ਬੰਬ (ਆਈ.ਈ.ਡੀ) ਨਾਲ ਉਡਾਉਣ ਦੇ ਮਾਮਲੇ 'ਚ 4 ਵਿਅਕਤੀਆਂ ਦੀ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ 'ਚ ਹਾਈ ਅਲਰਟ ਦੀ ਹਦਾਇਤ ਕੀਤੀ ਗਈ ਹੈ। ਜਿਕਰਯੋਗ ਹੈ ਕਿ ਪੰਜਾਬ ਅੰਦਰ ਪਿਛਲੇ 40 ਦਿਨਾਂ 'ਚ ਅੱਤਵਾਦੀ ਸੰਗਠਨਾਂ ਵੱਲੋਂ ਸੂਬੇ ਦੀ ਅਮਨ ਸਾਂਤੀ ਨੂੰ ਭੰਗ ਕਰਨ ਸੰਬੰਧੀ ਕੀਤੀਆਂ ਕੋਸ਼ਿਸ਼ਾਂ ਦੇ ਚਾਰ ਵੱਡੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਪੰਜਾਬ ਪੁਲਸ ਵੱਲੋਂ 8 ਅਗਸਤ ਨੂੰ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਡੱਲੇਕੇ ਤੋਂ ਟਿਫ਼ਨ ਬੰਬ, 2 ਕਿੱਲੋ ਤੋਂ ਵਧੇਰੇ ਆਰ.ਡੀ.ਐਕਸ, 20 ਅਗਸਤ ਨੂੰ ਭਾਈ ਜਸਬੀਰ ਸਿੰਘ ਰੋਡੇ ਦੇ ਸਪੁੱਤਰ ਗੁਰਮੁਖ ਸਿੰਘ ਬਰਾੜ ਨੂੰ ਟਿਫ਼ਨ ਬੰਬ, ਹੈਂਡ ਗਰਨੇਡ ਸਮੇਤ ਹੋਰ ਧਮਾਕਖੇਜ ਸਮੱਗਰੀ ਸਮੇਤ ਕਾਬੂ ਕਰਨ ਤੋਂ ਇਲਾਵਾ ਫ਼ਿਰੋਜ਼ਪੁਰ ਪੁਲਿਸ ਵੱਲੋਂ ਵੀ ਇਕ ਵਿਅਕਤੀ ਨੂੰ ਪਿਸਤੌਲ, ਟਿਫ਼ਨ ਬੰਬ ਅਤੇ ਹੈਰੋਇਨ ਸਮੇਤ ਕਾਬੂ ਕੀਤਾ ਜਾ ਚੁੱਕਾ ਹੈ।
ਆਈ.ਐਸ.ਆਈ ਦੇ ਇਸ਼ਾਰੇ ‘ਤੇ ਅਜਨਾਲਾ ‘ਚ ਹੋਇਆ ਟੈਂਕਰ ਵਿੱਚ ਟਿਫਨ ਬੰਬ (ਆਈ.ਈ.ਡੀ.) ਧਮਾਕਾ
ਸੂਬੇ ਦੀ ਅਮਨ ਸਾਂਤੀ ਨੂੰ ਭੰਗ ਕਰਨ ਦੇ ਮਕਸਦ ਨਾਲ ਅਗਸਤ ਮਹੀਨੇ ਵਿਚ ਪਾਕਿਸਤਾਨੀ ਅੱਤਵਾਦੀ ਸੰਗਠਨ ਆਈ.ਐੱਸ.ਆਈ ਦੇ ਇਸ਼ਾਰੇ ‘ਤੇ ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ ਤੇ ਖੜ੍ਹੇ ਤੇਲ ਵਾਲੇ ਟੈਂਕਰ ਨੂੰ ਟਿਫ਼ਨ ਬੰਬ ਨਾਲ ਉਡਾਉਣ ਦੇ ਮਾਮਲੇ ਦਾ ਪਰਦਾਫਾਸ਼ ਕਰਦਿਆਂ ਪੁਲਿਸ ਵੱਲੋਂ ਅਜਨਾਲਾ ਖੇਤਰ ਦੇ ਚਾਰ ਨੌਜਵਾਨਾਂ ਸਮੇਤ ਪਾਕਿਸਤਾਨ 'ਚ ਰਹਿੰਦੇ ਬਾਬਾ ਲਖਬੀਰ ਸਿੰਘ ਰੋਡੇ ਅਤੇ ਇਕ ਹੋਰ ਪਾਕਿਸਤਾਨੀ ਵਿਅਕਤੀ ਨੂੰ ਇਸ ਮਾਮਲੇ 'ਚ ਨਾਮਜ਼ਦ ਕਰਕੇ ਅਜਨਾਲਾ ਦੇ ਪਿੰਡ ਭੱਖਾ ਤਾਰਾ ਸਿੰਘ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਡੀ.ਜੀ.ਪੀ ਪੰਜਾਬ ਦਿਨਕਰ ਗੁਪਤਾ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਦੇ ਅਧਿਕਾਰੀ ਕਾਸਿਮ ਅਤੇ ਆਈ.ਐੱਸ.ਵਾਏ.ਐਫ ਦੇ ਮੁਖੀ ਬਾਬਾ ਲਖਬੀਰ ਸਿੰਘ ਰੋਡੇ ਵੱਲੋਂ ਅਜਨਾਲਾ ਦੇ ਨੌਜਵਾਨ ਰੂਬਲ ਸਿੰਘ ਵਾਸੀ ਭੱਖਾ ਤਾਰਾ ਸਿੰਘ, ਵਿੱਕੀ ਭੱਟੀ ਵਾਸੀ ਬਲਵ੍ਹੜਾਲ, ਮਲਕੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਉੱਗਰ ਔਲਖ ਨੂੰ ਪੰਜਾਬ ਵਿਚ ਧਮਾਕੇ ਕਰਨ ਲਈ ਕਿਹਾ ਗਿਆ ਸੀ ਤੇ ਇਸ ਬਦਲੇ ਉਨ੍ਹਾਂ ਨੂੰ 2 ਲੱਖ ਰੁਪਏ ਦੇਣੇ ਸਨ।
ਜਿਸ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਨੇ ਕਪੂਰਥਲਾ ਜ਼ਿਲ੍ਹੇ ਚੋਂ ਇੱਕ ਜਗ੍ਹਾ ਤੋਂ ਟਿਫ਼ਨ ਬੰਬ ਲਿਆ ਕੇ 8 ਅਗਸਤ ਰਾਤ ਨੂੰ ਅਜਨਾਲਾ ਦੇ ਸ਼ਰਮਾ ਫਿਲਿੰਗ ਸਟੇਸ਼ਨ ਦੀ ਤੇਲ ਵਾਲੀ ਟੈਂਕੀ ਤੇ ਰੱਖਿਆ ਸੀ ਅਤੇ ਇਹ ਟਿਫ਼ਨ ਬੰਬ ਰੱਖਣ ਤੋਂ ਕੁੱਝ ਮਿੰਟਾਂ ਬਾਅਦ ਹੀ ਇੱਕ ਧਮਾਕਾ ਹੋਇਆ ਸੀ। ਇਸ ਉਪਰੰਤ ਅਜਨਾਲਾ ਪੁਲਿਸ ਨੇ ਪੈਟਰੋਲ ਪੰਪ ਮਾਲਕ ਅਸ਼ਵਨੀ ਸ਼ਰਮਾ ਦੇ ਬਿਆਨਾਂ ‘ਤੇ ਥਾਣਾ ਅਜਨਾਲਾ 'ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਸੀ। ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਦੀ ਜਾਂਚ ਤੋਂ ਸਾਹਮਣੇ ਆਇਆ ਸੀ ਕਿ ਕੁੱਝ ਵਿਅਕਤੀ ਰਾਤ ਸਮੇਂ ਪੈਟਰੋਲ ਪੰਪ ‘ਤੇ ਆਏ ਸੀ, ਜਿਨ੍ਹਾਂ ਵਿਚੋਂ ਵਿਅਕਤੀ ਨੇ ਟੈਂਕਰ ਦੀ ਤੇਲ ਵਾਲੀ ਟੈਂਕੀ ਤੇ ਕੋਈ ਸ਼ੱਕੀ ਸਮੱਗਰੀ ਰੱਖੀ ਸੀ।