ਚੰਡੀਗੜ੍ਹ: ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਮੋਸਟ ਵਾਂਟੇਡ ਗੈਂਗਸਟਰ ਬਲਜਿੰਦਰ ਸਿੰਘ ਉਰਫ਼ ਬਿੱਲਾ ਨੂੰ ਗ੍ਰਿਫਤਾਰ ਕੀਤਾ ਹੈ, ਜਿਸਦਾ ਕਥਿਤ ਤੌਰ 'ਤੇ ਪਾਕਿਸਤਾਨ ਸਥਿਤ ਕੇਐਲਐਫ਼ ਦੇ ਮੁਖੀ ਹਰਮੀਤ ਸਿੰਘ ਹੈਪੀ ਅਤੇ ਕੇਜ਼ੈੱਡਐਫ ਦੇ ਜਰਮਨੀ ਸਥਿਤ ਬੱਗਾ ਨਾਲ ਸਬੰਧ ਸਨ।
ਪੁਲਿਸ ਨੇ ਪਾਕਿਸਤਾਨ ਤੋਂ ਸਮੱਗਲ ਕੀਤੇ ਗਏ ਅਤਿ ਆਧੁਨਿਕ ਹਥਿਆਰਾਂ ਦੀ ਵੱਡੀ ਖੇਪ ਅਤੇ ਡਰੱਗ ਮਨੀ ਸਣੇ ਇੱਕ ਹੋਰ ਵਾਂਟੇਡ ਗੈਂਗਸਟਰ ਸੁਖਜਿੰਦਰ ਅਤੇ ਬਿੱਲਾ ਗੈਂਗ ਦੇ 5 ਮੈਂਬਰਾਂ ਨੂੰ ਵੀ ਕਾਬੂ ਕੀਤਾ ਹੈ।
ਡੀਜੀਪੀ ਪੰਜਾਬ ਦਿਨਕਰ ਗੁਪਤਾ ਮੁਤਾਬਕ ਇਹ ਗ੍ਰਿਫਤਾਰੀਆਂ ਬੀਤੇ ਕੱਲ੍ਹ ਓਸੀਸੀਯੂ ਚੰਡੀਗੜ੍ਹ, ਕਾਊਂਟਰ ਇੰਟੈਲੀਜੈਂਸ ਯੁਨਿਟ ਜਲੰਧਰ ਅਤੇ ਕਪੂਰਥਲਾ ਪੁਲਿਸ ਵੱਲੋਂ ਚਲਾਏ ਇੱਕ ਸਾਂਝੇ ਅਭਿਆਨ ਤਹਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬਲਜਿੰਦਰ ਸਿੰਘ ਬਿੱਲਾ 18 ਤੋਂ ਵੱਧ ਅਪਰਾਧਕ ਮਾਮਲਿਆਂ ਵਿੱਚ ਲੋੜੀਂਦਾ ਸੀ, ਜਿਨ੍ਹਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਸ਼ਾਮਲ ਹੈ।
ਪੁਲਿਸ ਨੇ ਦੱਸਿਆ ਕਿ ਬਿੱਲਾ ਮੰਡਿਆਲਾ ਨੇ ਖੁਲਾਸਾ ਕੀਤਾ ਸੀ ਕਿ ਉਹ ਪਾਕਿਸਤਾਨ ਸਥਿਤ ਨਸ਼ਾ ਅਤੇ ਹਥਿਆਰਾਂ ਦੇ ਤਸਕਰਾਂ ਮਿਰਜ਼ਾ ਅਤੇ ਅਹਿਮਦੀਨ ਦੇ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਕੋਲੋਂ ਪਹਿਲਾਂ ਹੀ ਹਥਿਆਰਾਂ ਅਤੇ ਨਸ਼ਿਆਂ ਦੀਆਂ ਕਈ ਖੇਪਾਂ ਮੰਗਵਾਈਆਂ ਸਨ। ਇਨ੍ਹਾਂ ਵਿੱਚੋਂ ਜਿਆਦਾਤਰ ਫਿਰੋਜ਼ਪੁਰ ਖੇਤਰ ਵਿੱਚ ਸਨ।
ਪੁਲਿਸ ਨੂੰ ਸ਼ੱਕ ਹੈ ਕਿ 24 ਸਤੰਬਰ, 2019 ਨੂੰ ਫ਼ਿਰੋਜ਼ਪੁਰ ਦੇ ਮਮਦੋਟ ਖੇਤਰ ਵਿੱਚ ਏਕੇ-74 ਰਾਈਫਲਾਂ ਦੀ ਖੇਪ ਦਾ ਹਿੱਸਾ ਵੀ ਬਿੱਲਾ ਮੰਡਿਆਲਾ ਗਿਰੋਹ ਲਈ ਹੀ ਭੇਜਿਆ ਗਿਆ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਲਜਿੰਦਰ ਸਿੰਘ ਉਰਫ ਬਿੱਲਾ ਮੰਡਿਆਲਾ ਨਿਵਾਸੀ ਮੰਡਿਆਲਾ ਗੁਰਦਾਸਪੁਰ, ਸੁਖਜਿੰਦਰ ਸਿੰਘ ਵਾਸੀ ਕਾਮੋਕੇ ਬਿਆਸ, ਮੋਹਿਤ ਸ਼ਰਮਾ ਵਾਸੀ ਕਪੂਰਥਲਾ, ਲਵਪ੍ਰੀਤ ਸਿੰਘ, ਮੰਗਲ ਸਿੰਘ, ਮਨਿੰਦਰਜੀਤ ਸਿੰਘ ਉਰਫ ਹੈਪੀ ਅਤੇ ਲਵਪ੍ਰੀਤ ਸਿੰਘ ਉਰਫ਼ ਲਵਲੀ ਵਾਸੀ ਅਮਰਕੋਟ, ਵਲਟੋਹਾ ਵਜੋਂ ਹੋਈ ਹੈ
ਫੜੇ ਗਏ ਸਾਰੇ ਮੁਲਜ਼ਮਾਂ ਨੂੰ ਵੱਖਰੇ ਤੌਰ 'ਤੇ ਰੱਖਿਆ ਗਿਆ ਹੈ ਅਤੇ ਡਾਕਟਰਾਂ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਉਨ੍ਹਾਂ ਦੇ ਕੋਵਿਡ-19 ਸਬੰਧੀ ਟੈਸਟ ਕੀਤੇ ਜਾ ਰਹੇ ਹਨ।