ਚੰਡੀਗੜ੍ਹ: ਬੀਤੇ ਦਿਨ ਸੰਗਰੂਰ ਜ਼ਿਮਨੀ ਚੋਣ ਪ੍ਰਚਾਰ ਦੇ ਲਈ ਦਿੱਲੀ ਦੇ ਸੀਐੱਮ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਆਏ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਚੋਣ ਪ੍ਰਚਾਰ ਕੀਤਾ। ਪਰ ਹੁਣ ਇਹ ਚੋਣ ਪ੍ਰਚਾਰ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਿਆ ਹੈ। ਵਿਰੋਧੀਆਂ ਵੱਲੋਂ ਸੀਐੱਮ ਮਾਨ ਨੂੰ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੇ ਅੰਦਾਜ ਦੇ ਕਾਰਨ ਘੇਰਿਆ ਜਾ ਰਿਹਾ ਹੈ।
ਅਰਵਿੰਦ ਕੇਜਰੀਵਾਲ ਅਤੇ ਸੀਐੱਮ ਮਾਨ ਦੀ ਤਸਵੀਰ ਵਾਇਰਲ: ਦਰਅਸਲ ਚੋਣ ਪ੍ਰਚਾਰ ਦੌਰਾਨ ਅਰਵਿੰਦ ਕੇਜਰੀਵਾਲ ਗੱਡੀ ਦੇ ਸਨਰੂਫ ਚ ਖੜੇ ਸੀ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਗੱਡੀ ਦੀ ਖਿੜਕੀ ’ਤੇ ਲਟਕੇ ਹੋਏ ਸੀ। ਜਿਨ੍ਹਾਂ ਨੂੰ ਡਿੱਗਣ ਤੋਂ ਬਚਾਉਣ ਦੇ ਲਈ ਇੱਕ ਸੁਰੱਖਿਆ ਗਾਰਡ ਵੀ ਉਨ੍ਹਾਂ ਦੇ ਪਿੱਛੇ ਲਟਕਿਆ ਹੋਇਆ ਸੀ। ਇਸ ਦੌਰਾਨ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋ ਰਹੀਆਂ ਹਨ। ਵਿਰੋਧੀਆਂ ਵੱਲੋਂ ਇਨ੍ਹਾਂ ਤਸਵੀਰਾਂ ਅਤੇ ਵੀਡੀਓ ਨੂੰ ਸਾਂਝਾ ਕਰ ਆਮ ਆਦਮੀ ਪਾਰਟੀ ਅਤੇ ਸੀਐੱਮ ਮਾਨ ’ਤੇ ਨਿਸ਼ਾਨਾ ਸਾਧਿਆ ਜਾ ਰਿਹਾ ਹੈ।
'ਕੇਜਰੀਵਾਲ ਦੇ ਨਵੇਂ ਬਾਡੀਗਾਰਡ ਭਗਵੰਤ ਮਾਨ': ਕਾਂਗਰਸ ਪਾਰਟੀ ਨੇ ਚੋਣ ਪ੍ਰਚਾਰ ਦੀ ਤਸਵੀਰ ਨੂੰ ਸਾਂਝੀ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਅਸਲੀ ਮੁੱਖ ਮੰਤਰੀ ਦੇ ਪੰਜਾਬ ਚ ਆਉਣ ਕਾਰਨ ਭਗਵੰਤ ਮਾਨ ਜੀ ਨੇ ਕੁਰਸੀ ਬਦਲ ਲਈ ਹੈ। ਨਾਲ ਹੀ ਸਾਂਝੀ ਕੀਤੀ ਗਈ ਤਸਵੀਰ ’ਚ ਲਿਖਿਆ ਕਿ ਅੱਜ ਤੋਂ ਪਹਿਲਾਂ ਪੰਜਾਬ ਦਾ ਕੋਈ ਮੁੱਖ ਮੰਤਰੀ ਐਨਾਂ ਥੱਲੇ ਨਹੀਂ ਲੱਗਾ। ਕੇਜਰੀਵਾਲ ਦੇ ਨਵੇਂ ਬਾਡੀਗਾਰਡ ਭਗਵੰਤ ਮਾਨ ਜੀ।
'ਪੰਜਾਬ ਦੇ ਲੋਕਾਂ ਨੂੰ ਹੋ ਗਿਆ ਸਭ ਕੁਝ ਸਾਫ': ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਤਸਵੀਰ ਨੂੰ ਸਾਂਝੀ ਕਰਦੇ ਹੋਏ ਕਿਹਾ ਕਿ ਇਕ ਤਸਵੀਰ ਹਜ਼ਾਰਾਂ ਸ਼ਬਦਾਂ ਤੋਂ ਬਿਹਤਰ ਹੈ। ਇਸ ਫੋਟੋ ਤੋਂ ਬਾਅਦ ਪੰਜਾਬੀਆਂ ਨੂੰ ਸਭ ਕੁਝ ਸਾਫ ਹੋ ਗਿਆ ਹੈ।